ਹਰਪ੍ਰੀਤ ਕੌਰ ਸੰਗਰੂਰ, 22 ਜੁਲਾਈ 2020
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਤਹਿਤ ਮਿਡਲ, ਸੈਕੰਡਰੀ ਵਰਗ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਸ਼ਬਦ ਗਾਇਨ ਮਕਾਬਲਿਆਂ ਦੇ ਬਲਾਕ ਪੱਧਰ ‘ਤੇ ਐਲਾਨੇ ਗਏ ਨਤੀਜਿਆਂ ‘ਚ ਮਾਲੇਰਕੋਟਲਾ ਬਲਾਕ-2 ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕੋਆਰਡੀਨੇਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਬਲਾਕ ਮਲੇਰਕੋਟਲਾ-2 ਵਿੱਚ 26 ਸਕੂਲਾਂ ਦੇ ਲਗਭਗ 65 ਦੇ ਕਰੀਬ ਵਿਦਿਆਰਥੀਆਂ ਨੇ ਆਪਣੇ-ਆਪਣੇ ਸਕੂਲਾਂ ਵਿਚੋਂ ਪੁਜੀਸ਼ਨਾਂ ਹਾਸਲ ਕਰਨ ਤੋਂ ਬਾਅਦ ਆਨਲਾਈਨ ਪੱਧਰ ‘ਤੇ ਹੋਏ ਮੁਕਾਬਲੇ ਵਿੱਚ ਬਲਾਕ ਪੱਧਰ ‘ਤੇ ਪੁਜੀਸ਼ਨਾਂ ਹਾਸਲ ਕੀਤੀਆਂ ਜਿਸ ਵਿੱਚੋਂ ਮਿਡਲ ਪੱਧਰ ‘ਤੇ ਸਰਕਾਰੀ ਹਾਈ ਸਕੂਲ ਤੋਖਰ ਕਲਾਂ ਦੀ ਜਸਪ੍ਰੀਤ ਕੌਰ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਨਵੀ ਦੀ ਕੋਮਲਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸੈਕੰਡਰੀ ਪੱਧਰ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ ਦੀ ਵਿਦਿਆਰਥਣ ਜਸਨਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮੰਡੀਆਂ ਦੀ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਮਲਕੀਤ ਸਿੰਘ ਖੋਸਾ, ਡਿਪਟੀ ਡੀ.ਈ.ਓ ਓਮ ਪ੍ਰਕਾਸ਼ ਸੇਤੀਆ, ਅਤੇ ਮੈਡਮ ਸੁਖਦੀਪ ਕੌਰ, ਜ਼ਿਲ੍ਹਾ ਮਿਡਲ ਅਫ਼ਸਰ (ਸੱਭਿਆਚਾਰਕ ਗਤੀਵਿਧੀਆਂ) ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਤੇ ਬੱਚਿਆਂ ਅਤੇ ਸਕੂਲ ਮੁੱਖੀਆਂ ਨੂੰ ਸ਼ੁਭ ਇੱਛਾਵਾਂ ਭੇਜੀਆਂ ਤੇ ਆਸ ਕੀਤੀ ਕਿ ਇਹ ਵਿਦਿਆਰਥੀ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਆਨਲਾਈਨ ਮੁਕਾਬਲੇ ਵਿੱਚ ਜ਼ਰੂਰ ਮੱਲਾਂ ਮਾਰਨਗੇ।