ਮੈਂ ਅਤੇ ਮੇਰੇ ਤਿੰਨ ਜਨਮਾਂ ਦੀ ਕਹਾਣੀ,,,,,

Advertisement
Spread information

     ਅੱਜ ਵੀ ਮੇਰਾ ਜਨਮ ਦਿਨ ਹੈ। ਜਦੋਂ ਕਿ ਮੇਰਾ ਪਰਿਵਾਰ, ਦੋਸਤ ਮਿੱਤਰ ਅਤੇ ਮੈਂ ਕਰੀਬ 20 ਵਰ੍ਹਿਆਂ ਤੋਂ ਆਪਣਾ ਜਨਮ ਦਿਨ 18 ਅਗਸਤ ਨੂੰ ਹੀ ਮਨਾਉਂਦਾ ਆ ਰਿਹਾ ਹਾਂ।
   ਇੱਕ ਨਵੰਬਰ 1967 ਨੂੰ ਮੇਰੇ ਜਨਮ ਹੋਣ ਦਾ ਜ਼ਿਕਰ ਮੇਰੀ ਪੜ੍ਹਾਈ ਦੇ ਸਾਰੇ ਦਸਤਾਵੇਜ਼ਾਂ ਵਿਚ ਹੀ ਦਰਜ ਹੈ। ਪਰੰਤੂ ਪੰਡਿਤ ਦੀ ਬਣਾਈ ਜਨਮ ਪੱਤਰੀ ਵਿਚ ਮੇਰਾ ਜਨਮ 18 ਅਗਸਤ 1970 ਦਾ ਲਿਖਿਆ ਹੋਇਆ ਹੈ।
    ਇਹ ਦੋ ਜਨਮ ਦਿਨਾਂ ਤੋਂ ਇਲਾਵਾ ਮੇਰਾ ਇੱਕ ਹੋਰ ਜਨਮ ਹੋਣਾ ਸਾਲ 1984 ਦੀ ਮਾਰਚ ਦੇ ਆਖ਼ਿਰੀ ਹਫਤੇ ਜਾਂ ਅਪ੍ਰੈਲ ਦੇ ਪਹਿਲੇ ਹਫਤੇ ਦੱਸਿਆ ਜਾ ਰਿਹਾ ਹੈ। ਪਰ ਇਸ ਦੀ ਅਸਲ ਤਾਰੀਖ ਮੇਰੇ ਪਰਿਵਾਰ ਦਾ ਕੋਈ ਵੀ ਜੀਅ ਦੱਸਣ ਲਈ ਤਿਆਰ ਨਹੀਂ, ਕਿਉਂਕਿ ਇਸ ਦਿਨ ਨਾਲ ਇੱਕ ਬਹੁਤ ਹੀ ਖੌਫਨਾਕ ਤੇ ਕੌੜੀ ਯਾਦ ਜੁੜੀ ਹੋਈ ਹੈ। ਇਸ ਦਿਨ ਵਾਪਰੀ ਘਟਨਾ/ਦੁਰਘਟਨਾ ਨੇ ਮੇਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
   ਹਾੜ੍ਹੀ ਦੇ ਦਿਨਾਂ ਵਿੱਚ ਹੁਣ ਵੀ, ਇਹ ਘਟਨਾਕ੍ਰਮ, ਮੇਰੀ ਮਾਂ ਦੇ ਜ਼ਿਹਨ ਵਿੱਚ ਆਉਂਦਿਆਂ ਹੀ, ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਦਾ ਹੈ। ਮੈਂ ਜਦੋਂ ਵੀ ਕਦੇ, ਆਪਣੀ ਮਾਂ ਨਾਲ ਇਸ ਘਟਨਾ ਬਾਰੇ ਗੱਲ ਤੋਰਦਾ ਹਾਂ ਤਾਂ ਉਹ ਘੂਰ ਕੇ ਇੱਕੋ ਗੱਲ ਬੋਲਦੀ ਐ, ਆਹ ਦੀਂਹਦੈ, ਛਿੱਤਰ,ਇਹ ਦੇ ਨਾਲ ਮੂੰਹ ਹੀ ਮੂੰਹ ਕੁੱਟ ਦਿਉਂ, ਮਾਂ ਦਾ ਇਹ ਲਹਿਜ਼ਾ ਸੁਣ ਕੇ, ਮੈਂ ਅਕਸਰ ਚੁੱਪ ਹੋ ਜਾਂਦਾ ਹਾਂ।
     ਮੈਂ ਕੋਈ ਲੇਖਕ ਤਾਂ ਨਹੀਂ,ਪਰ ਪੱਤਰਕਾਰੀ ਨਾਲ ਕਰੀਬ 22 ਵਰ੍ਹਿਆਂ ਤੋਂ ਜੁੜਿਆ ਹੋਣ ਕਾਰਣ, ਮੈਨੂੰ ਸ਼ਬਦ ਜੋੜ ਦੀ ਜਿੰਨੀ ਕੁ ਵੀ ਮਾੜੀ ਮੋਟੀ ਸਮਝ ਹੈ, ਉਸ ਦੇ ਅਨੁਸਾਰ ਹੀ, ਮੈਂ ਅੱਜ ਬਹੁਤ ਵਰ੍ਹਿਆਂ ਬਾਅਦ ਦਸਤਾਵੇਜ਼ੀ ਜਨਮ ਦਿਨ ਮੌਕੇ ਆਪਣੇ ਤਿੰਨ ਜਨਮਾਂ ਦੀ ਕਹਾਣੀ, ਸਾਰਿਆਂ ਦੇ ਸਨਮੁੱਖ ਰੱਖਣ ਦਾ ਯਤਨ ਕਰ ਰਿਹਾ ਹਾਂ।
     ਮੇਰੀ ਮਾਂ ਸੱਤਿਆ ਦੇਵੀ, ਕੋਰੀ ਅਨਪੜ੍ਹ ਹੈ, ਉਸ ਨੂੰ ਅੱਖਰ ਗਿਆਨ ਤਾਂ ਹੈ, ਪਰ ਉਹ ਨੂੰ ਕਦੇ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ। ਫਿਰ ਵੀ ਉਹ ਅਖ਼ਬਾਰ ਵਿਚ ਲਿਖੇ ਸ਼ਬਦਾਂ ਨੂੰ ਜੋੜ ਕੇ, ਆਪਣੇ ਮਤਲਬ ਜੋਗੀ ਗੱਲ ਸਮਝ ਹੀ ਲੈਂਦੀ ਹੈ, ਉਹ ਦਸਤਖ਼ਤ ਕਰਨ ਜਾਣਦੀ ਹੈ,ਪਰ ਲਾਉਂਦੀ  ਅੰਗੂਠਾ ਹੀ ਹੈ, ਦਸਤਖ਼ਤ ਨਾ ਕਰਨ ਪਿੱਛੇ,ਉਹ ਕਹਿ ਦਿੰਦੀ ਹੈ ਕਿ ਤੇਰਾ ਭਾਪਾ (ਪਿਤਾ ਜੀ) ਕਹਿੰਦਾ ਹੁੰਦਾ ਸੀ, ਜਦੋਂ ਪੂਰੀ ਤਰ੍ਹਾਂ ਪੜ੍ਹਨਾ ਨਾ ਆਉਂਦਾ ਹੋਵੇ, ਫਿਰ ਇਕੱਲੇ ਦਸਤਖ਼ਤ ਨਹੀਂ ਕਰਨੇ ਚਾਹੀਦੇ, ਇਸ ਤਰਾਂ ਕਰਨ ਨਾਲ ਬੰਦਾ ਐਂਵੇ ਕਿਤੇ ਉਲਝ ਜਾਂਦਾ ਹੈ।
     ਮੇਰੇ ਪਿਤਾ ਸ੍ਰੀ ਬੂਟੀ ਰਾਮ @ ਜਗਦੀਸ਼ ਲਾਲ ਦੱਸਿਆ ਕਰਦੇ ਸਨ ਕਿ ਮੈਂ ਬਚਪਨ ਵਿਚ ਸ਼ਰੀਰਕ ਤੌਰ ਤੇ ਹੁੰਦੜ-ਹੇਲ ਤੇ ਕਾਫੀ ਸ਼ਰਾਰਤੀ ਸੁਭਾਅ ਦਾ ਸੀ, ਪਰ ਉਮਰ ਘੱਟ ਸੀ, ਸਾਡੇ ਪਿੰਡ ਹੰਡਿਆਇਆ ‘ਚ ਘਰ ਨੇੜੇ ਹੀ ਪ੍ਰਾਇਮਰੀ ਸਕੂਲ ਸੀ, ਉੱਥੇ ਸਕੂਲ ਵਿੱਚ ਮੇਰੇ ਪਿਤਾ ਜੀ ਦੇ ਕਬੂਤਰਾਂ ਕਰਕੇ ਆੜੀ ਬਣੇ ਮਾਸਟਰ ਕੁਲਦੀਪ ਜੀ ਵਾਸੀ ਕਿਲਾ ਮੁਹੱਲਾ ਬਰਨਾਲਾ ਪੜਾਉਂਦੇ ਸੀ। ਉਹ ਕਬੂਤਰਾਂ ਕਰਕੇ, ਸਾਡੇ ਘਰ ਵੀ ਆਉਂਦੇ ਜਾਂਦੇ ਸਨ।
      ਇੱਕ ਦਿਨ ਉਨਾਂ ਨੇ ਮੈਨੂੰ ਘਰ ਫਿਰਦੇ ਨੂੰ ਵੇਖਿਆ ਤੇ ਕਹਿੰਦੇ , ਬੂਟੀ ਰਾਮਾਂ ਲਿਆ ਇਹ ਨੂੰ ਸਕੂਲ ਦਾਖਿਲ ਕਰ ਲੈਂਦੇ ਹਾਂ, ਨਾਲੇ ਸ਼ਰਾਰਤਾਂ ਨੀ ਕਰੂ, ਚਾਰ ਅੱਖਰ ਪੜ੍ਹ ਵੀ ਜਾਊ ।
    ਮੇਰੀ ਬਾਂਹ ਫੜ੍ਹ ਕੇ ਮੇਰੇ ਪਿਤਾ ਜੀ, ਮੈਨੂੰ ਸਕੂਲ ਲੈ ਕੇ ਪਹੁੰਚ ਗਏ, ਜਦੋਂ ਜਾ ਕੇ ਜਨਮ ਤਾਰੀਖ ਦੱਸੀ, ਤਾਂ ਪਤਾ ਲੱਗਿਆ, ਬਈ ਇਹ ਦੀ ਤਾਂ ਉਮਰ ਘੱਟ ਹੈ, ਉਹ ਕਹਿੰਦੇ ਕੋਈ ਗੱਲ ਨਹੀਂ, ਹੁਣ ਵਧਾ ਦਿੰਦੇ ਹਾਂ ਉਮਰ, ਉਨ੍ਹਾਂ ਸਕੂਲ ਦਾਖਿਲ ਕਰਨ ਸਮੇਂ ਮੇਰੀ ਉਮਰ ਇੱਕ ਨਵੰਬਰ 1967 ਲਿਖ ਦਿੱਤੀ। ਉਦੋਂ ਤੋਂ ਮੇਰਾ ਜਨਮ ਸਕੂਲ ਸਰਟੀਫਿਕੇਟਾਂ ਵਿਚ ਇਕ ਨਵੰਬਰ 1967 ਹੀ ਹੋ ਗਿਆ ਅਤੇ ਅਸਲੀ ਜਨਮ ਤਾਰੀਖ ਮੇਰੀ ਛੋਟੀ ਭੂਆ ਕ੍ਰਿਸ਼ਨਾ ਦੀ ਕਾਪੀ ਵਿਚ ਹੀ ਲਿਖੀ ਰਹਿ ਗਈ।
ਤੇ ਨਿੱਕਲ ਆਈ ਅਸਲੀ ਜਨਮ ਤਾਰੀਖ,,

    ਮੇਰਾ ਵੱਡਾ ਚਾਚਾ ਕੁਲਦੀਪ ਚੰਦ, ਪਰਿਵਾਰ ਸਮੇਤ ਫਰੀਦਾਬਾਦ ਰਹਿੰਦਾ ਸੀ। ਸਾਲ 2003 ਵਿੱਚ ਮੇਰੀ ਪਹਿਲੀ ਪਤਨੀ ਨਾਲ ਤਲਾਕ ਹੋਣ ਦਾ ਪਤਾ ਲੱਗਿਆ ਤਾਂ ਉਹ ਹੰਡਿਆਇਆ ਆ ਗਿਆ। ਰਾਤ ਸਮੇਂ ਗੱਲਾਂਬਾਤਾਂ ਚਲਦੀਆਂ ਸੀ, ਤੇ ਉਹ ਕਹਿਣ ਲੱਗਿਆ, ਹੁਣ ਅੱਗੇ ਵਾਲੀ ਜ਼ਿੰਦਗੀ ਬਾਰੇ ਕੀ ਸੋਚਿਆ ਹੈ, ਮੈਂ ਕਿਹਾ ਚਾਚਾ ਜੀ, ਮੇਰੀ ਉਮਰ 36 ਵਰ੍ਹਿਆਂ ਦੀ ਹੋ ਗਈ, ਹੁਣ ਕੌਣ ਮੈਨੂੰ ਡੋਲਾ ਦੇਣ ਲੱਗਿਆ। ਉਹ ਝੱਟ ਬੋਲਿਆ,ਮੇਰੇ ਵਿਆਹ ਨੂੰ ਤਾਂ ਹਾਲੇ 32 ਕੁ ਸਾਲ ਹੋਏ ਨੇ, ਤੂੰ ਮੇਰੇ ਵਿਆਹ ਵੇਲੇ 6 ਮਹੀਨਿਆਂ ਦਾ ਸੀ।
    ਕਿਉਂ ਭਾਬੀ! ਉਹ ਨੇ, ਮੇਰੀ ਮਾਂ ਨੂੰ ਪੁੱਛਿਆ, ਮੇਰੀ ਮਾਂ ਨੇ ਵੀ ਹਾਂ ਵਿੱਚ ਹਾਂ ਹਿਲਾਉਂਦਿਆਂ ਕਿਹਾ, ਇਹ ਦਾ ਜਨਮ ਰੱਖੜੀਆਂ ਤੋਂ ਦੂਜੇ ਦਿਨ ਮੰਗਲਵਾਰ ਦਾ ਐ,।
ਮੇਰੇ ਚਾਚੇ ਕੁਲਦੀਪ ਚੰਦ ਨੇ ਤਾਂ ਆਪਣੇ ਵਿਆਹ ਵਾਲੀ ਸ਼ਾਹੇ ਚਿੱਠੀ ਵੀ ਸੰਭਾਲੀ ਹੋਈ ਸੀ, ਉਹ ਘਰ ‘ਚੋਂ ਸਭ ਤੋਂ ਵੱਧ ਪੜ੍ਹਿਆ ਹੋਇਆ ਸੀ। ਆਈਟੀਆਈ ਪਾਸ ਅਤੇ ਗੁਡੀਅਰ ਟਾਇਰ ਫੈਕਟਰੀ ਫਰੀਦਾਬਾਦ ਵਿਖੇ ਨੌਕਰੀ ਕਰਦਾ ਸੀ।
    ਉਹ ਨੇ ਦੱਸਿਆ ਕਿ ਉਹ ਦਾ ਵਿਆਹ ਸਾਲ 1971 ਦੀ ਫਰਵਰੀ ਦੇ ਆਖ਼ਿਰੀ ਹਫਤੇ ਹੋਇਆ ਸੀ। ਫਿਰ ਮੈਨੂੰ ਵੀ ਆਪਣੇ ਜਨਮ ਦੀ ਅਸਲੀ ਤਾਰੀਖ ਜਾਨਣ ਦੀ ਉਤਸੁਕਤਾ ਵੱਧ ਗਈ। ਮੈਂ ਸਾਡੇ ਪਿੰਡ ਦੇ ਸ਼ਾਸਤਰੀ ਮਾਸਟਰ ਸੋਮਨਾਥ ਜੀ ਕੋਲ ਪਹੁੰਚ ਗਿਆ। ਉਸ ਨੇ ਵੇਖਿਆ ਕਿ ਸਾਲ 1970 ਵਿੱਚ ਰੱਖੜੀਆਂ ਕਿੰਨੀ ਤਾਰੀਖ ਦੀਆਂ ਸਨ। ਪੱਤਰੀ ਫਰੋਲੀ ਤਾਂ ਪਤਾ ਲੱਗਿਆ ਰੱਖੜੀ ਦਾ ਤਿਉਹਾਰ ਉਸ ਸਾਲ 17 ਅਗਸਤ ਦਾ ਸੀ, ਉਸ ਹਿਸਾਬ ਨਾਲ ਮੇਰੇ ਜਨਮ ਦੀ ਤਾਰੀਖ 18 ਅਗਸਤ 1970 ਬਣ ਗਈ। ਉਦੋਂ ਤੋਂ ਹੀ ਮੈਂ ਤੇ ਮੇਰਾ ਪਰਿਵਾਰ 18 ਅਗਸਤ ਨੂੰ ਹੀ ਜਨਮ ਦਿਨ ਮਨਾਉਂਦਾ ਆ ਰਿਹਾ ਹਾਂ।

ਮੈਂ ਮਰਿਆ ਤੇ ਜਿੰਦਾ ਹੋਇਆ…!

   ਸਾਲ 1984 ਵਿੱਚ ਹਾੜ੍ਹੀ ਦਾ ਸੀਜ਼ਨ ਚੱਲ ਰਿਹਾ ਸੀ। ਮੈਟ੍ਰਿਕ ਦੇ ਪੇਪਰਾਂ ਤੋਂ ਬਾਅਦ ਛੁੱਟੀਆਂ ਹੋ ਚੁੱਕੀਆਂ ਸੀ। ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਮੈਂ ਵੀ ਆਪਣੇ ਪਰਿਵਾਰ ਨਾਲ, ਸਾਡੇ ਨੇੜਲੇ ਅਗਵਾੜ ‘ਚ ਰਹਿੰਦੇ ਮੁਖਤਿਆਰ ਸਿੰਘ ਸਰਾਂ ਦੇ ਖੇਤ ਕਣਕ ਵੱਢਣ ਗਿਆ ਹੋਇਆ ਸੀ। ਮੇਰੀ ਮਾਂ ਤੇ ਭਰਾ ਦੇ ਦੱਸਣ ਅਨੁਸਾਰ ਦਿਨ ਵੇਲੇ ਹੀ, ਮੇਰੀ ਹਾਲਤ ਕੁੱਝ ਇਸ ਤਰਾਂ ਬਣੀ ਕਿ ਮੈਂ ਜਿੱਥੋਂ ਕਣਕ ਵੱਢਣੀ ਸ਼ੁਰੂ ਕੀਤੀ, ਉੱਥੇ ਹੀ ਬੈਠਾ ਰਿਹਾ,ਮੇਰਾ ਭਰਾ ਖੁਸ਼ਵਿੰਦਰ ਪਾਲ ਬਿੱਟੂ (ਹੁਣ ਰਿਟਾਇਰ ਜੇ.ਈ.) ਤੇ ਹੋਰ ਪਰਿਵਾਰ ਦੇ ਮੈਂਬਰ ਵਾਢੀ ਕਰਦੇ ਕਾਫੀ ਅੱਗੇ ਲੰਘ ਗਏ।‌ਜਦੋਂ ਉਨ੍ਹਾਂ ਵੇਖਿਆ, ਮੈਂ ਉੱਥੇ ਹੀ ਬੈਠਾ ਸੀ, ਉਹ ਫਿਰ ਮੈਨੂੰ ਅੱਗੇ ਲ਼ੈ ਗਏ। ਅਜਿਹਾ ਸ਼ਾਮ ਤੱਕ ਕਈ ਵਾਰ ਵਾਪਰਿਆ।
    ਆਖਿਰ ਕੰਮ ਨਿਬੇੜ ਕੇ ਅਸੀਂ ਘਰ ਵੱਲ ਮੋੜਾ ਪਾਇਆ। ਮੇਰੇ ਭਰਾ ਨੇ ਮੈਨੂੰ ਸਾਈਕਲ ਦੇ ਪਿੱਛੇ ਬੈਠਣ ਲਈ ਕਿਹਾ, ਉਹ ਚਲਾ ਗਿਆ। ਮੈਂ, ਪਤਾ ਨਹੀਂ ਕਿੱਥੇ ਬਿਰਤੀ ਲੱਗੀ, ਉੱਥੇ ਹੀ ਖੜ੍ਹਾ ਰਿਹਾ। ਆਖਿਰ ਉਹ ਥੋੜ੍ਹਾ ਅੱਗਿਉਂ, ਪਿੱਛੇ ਮੁੜ ਕੇ ਆਇਆ ਤੇ ਸਾਈਕਲ ਤੇ ਬਿਠਾ ਕੇ ਘਰ ਲਿਆਇਆ। ਮਾਂ ਨੇ ਪਾਣੀ ਗਰਮ ਕੀਤਾ, ਨਹਾਉਣ ਲਈ ਕਿਹਾ, ਮੈਂ ਬਾਥਰੂਮ ਵਿੱਚ ਵੜ੍ਹ ਕੇ, ਖੜ੍ਹਾ ਰਿਹਾ, ਨਹਾਉਣ ਲੱਗਿਆਂ ਹੀ ਨਹੀਂ।
    ਮਾਂ ਨੇ ਜਦੋਂ ਵੇਖਿਆ ਤਾਂ ਬੁੜ ਬੁੜ ਕਰਦੀ, ਬਾਥਰੂਮ ਵਿੱਚੋਂ ਫੜ੍ਹ ਕੇ ਲ਼ੈ ਗਈ ਤੇ ਰੋਟੀ ਖਾਣ ਲਈ ਲਿਆਈ। ਇਹੋ ਹਾਲ ਰੋਟੀ ਵੇਲੇ ਹੋਇਆ, ਬੁਰਕੀ ਤੋੜ ਕੇ, ਹੱਥ ਵਿਚ ਫੜੀ ਬੈਠਾ ਰਿਹਾ, ਮੂੰਹ ਵਿੱਚ ਨਾ ਪਾਈ। ਮਾਂ ਨੇ ਸਮਝਿਆ, ਛੋਟੀ ਉਮਰ ਐ, ਜ਼ੋਰ ਭਾਰ ਦਾ ਕੰਮ ਕਦੇ ਕੀਤਾ ਨਹੀਂ, ਥੱਕਿਆ ਹੋਊ, ਕਹਿ ਕੇ ਮੰਜੇ ਤੇ ਪਾ ਦਿੱਤਾ।
       ਮੈਂ ਤੇ ਮੇਰਾ ਵੱਡਾ ਭਰਾ ਬਿੱਟੂ, ਦੋਵੇਂ ਇੱਕੋ ਮੰਜੇ ਤੇ ਹੀ ਪੈਂਦੇ ਹੁੰਦੇ ਸੀ। ਉਹ ਗੇੜਾ ਲਾਉਣ ਬਜ਼ਾਰ ਚਲਾ ਗਿਆ। ਮੁੜ ਕੇ ਆਇਆ ਤਾਂ ਉਹ ਨੇ, ਮੈਨੂੰ ਠੀਕ ਹੋ ਕੇ, ਪੈਣ ਲਈ ਕਿਹਾ ਤਾਂ ਜ਼ੋ ਉਹ ਦੇ ਪੈਣ ਲਈ ਮੰਜੇ ਤੇ ਜਗ੍ਹਾ ਬਣ ਜਾਏ। ਜਦੋਂ ਮਾਂ ਨੇ ਮੈਨੂੰ ਮੰਜੇ ਤੇ ਪਾਸਾ ਦਿਵਾਉਣਾ ਚਾਹਿਆ ਤਾਂ ਮੈਂ ਤਾਂ ਤਖ਼ਤੇ ਵਾਂਗ ਪਲਟ ਗਿਆ ਤੇ ਸ਼ਰੀਰ ਆਕੜਿਆ ਪਿਆ ਸੀ।
   ਆਂਢ ਗੁਆਂਢ ਇਕੱਠਾ ਹੋ ਗਿਆ। ਕਹਿੰਦੇ ਭਾਈ ਇਹ ਤਾਂ ਪੂਰਾ ਹੋ ਗਿਆ। ਮੰਜੇ ਤੋਂ ਭੁੰਜੇ ਲਾਹ ਲਿਆ ਤੇ ਘਰ ਸੱਥਰ ਵਿਛ ਗਿਆ,ਜੁਆਨ ਮੌਤ ਕਾਰਨ ਰੋਣਾ ਕੁਰਲਾਉਣਾ ਸ਼ੁਰੂ ਹੋ ਗਿਆ। ਸਵੇਰੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਪਈਆਂ। ਘਰਦਿਆਂ ਅਨੁਸਾਰ ਤੜਕੇ, ਕਰੀਬ 1:30/2:00 AM ਮੈਂ ਪਾਸਾ ਜਿਹਾ ਲਿਆ,ਇੱਕ ਦਮ ਰੋਣਾ ਕੁਰਲਾਉਣਾ ਬੰਦ ਹੋ ਗਿਆ ਤੇ ਚੁੱਕ ਕੇ ਫਿਰ ਮੰਜੇ ਤੇ ਪਾ ਲਿਆ ਤੇ ਮੇਰੀ ਮਾਂ, ਮੇਰੇ ਨਾਲ ਹੀ ਪੈ ਗਈ।
      ਦਿਨ ਚੜ੍ਹਿਆ, ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ,ਬਈ, ਨਿੱਕਾ ਤਾਂ ਮਰ ਕੇ, ਜਿਊਂਦਾ ਹੋ ਗਿਆ। ਜਿੰਨ੍ਹੇ ਮੂੰਹ ਉੱਨੀਆਂ ਗੱਲਾਂ, ਮੇਰੇ ਨਾਲ ਵਾਪਰੀ ਘਟਨਾ ਬਾਰੇ ਕੋਈ ਕੁਝ ਕਹੇ, ਕੋਈ ਕੁਝ। ਸਾਡੇ ਘਰਾਂ ਨੇੜੇ ਰਹਿੰਦੇ, ਭਾਂਡਿਆਂ ਵਾਲੇ ਦੇਵੀ ਪ੍ਰਸਨ ਨੇ ਹੋਰ ਹੀ ਗੱਲ ਸੁਣਾ ਦਿੱਤੀ ਕਿ ਰਾਤ ,ਉਹੀ ਸਮੇਂ ਰੂੜੇਕੇ ਕਲਾਂ ਦਾ ਬੁੱਢਾ ਨਿੱਕਾ ਸਿਓਂ ਮਰ ਗਿਆ। ਜਦੋਂ ਨਿੱਕਾ ਉੱਠ ਕੇ ਬਹਿ ਗਿਆ ਸੀ। ਲੋਕੀ ਆਖੀ ਜਾਣ, ਬਈ ਧਰਮਰਾਜ ਨੂੰ ਗਲਤੀ ਲੱਗ ਗਈ, ਜਮਦੂਤਾਂ ਨੇ ਲੈ ਕੇ, ਬੁੱਢੇ ਨੂੰ ਜਾਣਾ ਸੀ, ਤੇ ਜੁਆਨ ਨੂੰ ਲ਼ੈ ਗਏ। ਫਿਰ ਮੋੜ ਦਿੱਤਾ ਅਤੇ ਰੂੜੇਕਿਆਂ ਵਾਲੇ ਬਜ਼ੁਰਗ ਨਿੱਕਾ ਸਿਓਂ ਦੀ ਮੌਤ ਹੋ ਗਈ।

ਚਲ ਸੌਹਰੀ ਦਿਆਂ, ਨਵਾਂ ਜਨਮ ਹੋ ਗਿਆ

    ਮੇਰੀ ਕਥਿਤ ਮੌਤ ਤੋਂ ਬਾਅਦ ਪਹਿਲੀ ਸੁਭਾ, ਮੇਰੇ ਪਿਤਾ ਜੀ, ਮੈਨੂੰ ਸਾਈਕਲ ਤੇ ਬਿਠਾ ਕੇ, ਨਾਥਾਂ ਵਾਲੇ ਡੇਰੇ ਦੇ, ਗੱਦੀ ਨਸ਼ੀਨ ਸੰਤ ਪ੍ਰੇਮ ਨਾਥ ਕੋਲ ਲ਼ੈ ਪਹੁੰਚੇ। ਉਹ ਸੰਤਾਂ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੇ 12 ਵਰ੍ਹੇ ਪੀਂਘ ਝੂਟ ਕੇ, ਗਰਮੀਆਂ ਵਿਚ ਧੂਣੀਆਂ ਤਾਪ ਕੇ ਅਤੇ ਠੰਡ ਵਿੱਚ ਜਲ ਧਾਰਾ ਕਰਕੇ, ਕਠਿਨ ਤਪੱਸਿਆ ਕੀਤੀ ਹੋਈ ਸੀ। ਉਹ ਬੇਮੁਥਾਜ ਅਤੇ ਬੇਗਰਜ਼ ਸੰਤ ਸੀ, ਮਨ ਦੀ ਮੌਜ ਵਿਚ ਰਹਿੰਦਾ ਸੀ, ਮਨ ਵਿੱਚ ਆਇਆ ਕਿਸੇ ਨੂੰ ਮਿਲ ਲਿਆ, ਨਹੀਂ ਆਪਣੀ ਕੁਟੀਆ ਵਿੱਚੋਂ ਵੀ ਬਾਹਰ ਨਹੀਂ ਸੀ ਨਿੱਕਲਦਾ।
     ਜਦੋਂ ਅਸੀਂ ਡੇਰੇ ਪਹੁੰਚੇ ਤਾਂ ਉਨ੍ਹਾਂ ਸਾਨੂੰ ਵੇਖਦਿਆਂ ਹੀ ਕਿਹਾ, ਆ ਗਿਆ ਬੂਟੀ ਰਾਮਾਂ,,ਆ ਜਾ ਅੰਦਰ ਹੀ ਆ ਜਾਉ। ਮੈਂ ਤੇ ਮੇਰੇ ਪਿਤਾ ਜੀ,ਅਸੀਂ ਦੋਵੇਂ, ਉਨ੍ਹਾਂ ਦੀ ਗੱਦੀ ਦੇ ਸਾਹਮਣੇ ਬੈਠ ਗਏ, ਮੈਨੂੰ ਉਨ੍ਹਾਂ ਝੱਟ ਹੀ ਕਿਹਾ, ਪੁੱਤ ਤੂੰ ਆ ਜਾ ਮੇਰੇ ਨਾਲ ਹੀ ਬਹਿ ਜਾਹ। ਮੇਰੇ ਨਾਂਹ ਨਾਂਹ ਕਰਦਿਆ ਵੀ, ਸੰਤਾਂ ਨੇ ਮੈਨੂੰ ਆਪਣੇ ਕੋਲ ਗੱਦੀ ਤੇ ਬਿਠਾ ਲਿਆ।
    ਜਦੋਂ ਮੇਰੇ ਪਿਤਾ ਜੀ ਨੇ, ਮੇਰੇ ਵੱਲ ਇਸ਼ਾਰਾ ਕਰਕੇ ਕਿਹਾ, ਕਿ ਆਹ ਮੁੰਡੇ ਨੂੰ ਪਤਾ ਨਹੀਂ ਰਾਤ ਕੀ ਹੋ ਗਿਆ, ਤੁਸੀਂ ਕੋਈ ਹਥੌਲਾ ਪਾ ਦਿਉ ਜਾਂ ਕੋਈ ਦਵਾਈ ਦੇ ਦਿਉ। ਸੰਤਾਂ ਨੇ ਮੈਨੂੰ ਜੱਫੀ ਵਿਚ ਲੈ ਕੇ ਕਿਹਾ, ਕੁੱਝ ਨਹੀਂ ਹੋਇਆ ਇਸ ਨੂੰ, ਅੱਜ ਤੋਂ ਇਹ ਦਾ ਨਵਾਂ ਜਨਮ ਹੋਇਆ ਹੈ,ਪੁਰਾਣੀ ਜੂਨੀ ਕੱਟੀ ਗਈ।
ਉਨ੍ਹਾਂ ਕਿਹਾ ਕਿ ਇਹ ਨੇ ਤਾਂ ਪਹਿਲੇ ਜਨਮ ਵਿੱਚ ਮੇਰੇ ਤੋਂ ਵੀ ਵਧ ਤੱਪ ਕੀਤਾ ਹੋਣੈ, ਜਿਹੜਾ ਮਰ ਕੇ ਜਿਊਂਦਾ ਹੋ ਗਿਆ। ਮੈਂ ਇਨ੍ਹਾਂ ਤੱਪ ਕੀਤਾ,ਪਰ ਮਰ ਕੇ ਜਿਊਂਦਾ ਨਹੀਂ ਹੋ ਸਕਦਾ। ਉਨ੍ਹਾਂ ਆਪਣੇ ਧੂਣੇ ਵਿੱਚੋਂ ਬਿਭੂਤਿ (ਰਾਖ) ਚੁੱਕ ਕੇ ਮੇਰੇ ਪਿਤਾ ਜੀ ਨੂੰ ਫੜਾਈ।
    ਉਨ੍ਹਾਂ ਕਿਹਾ ਘਰ ਜਾ ਕੇ ਇਸ ਨੂੰ ਪਾਣੀ ਵਿੱਚ ਘੋਲ ਕੇ, ਇਹ ਦਾ ਛਿੱਟਾ ਸਾਰੇ ਘਰ ਵਿੱਚ ਦੇ ਦਿਉ..। ਇਸ ਤਰਾਂ ਬਚਪਨ ਵਿਚ ਵਾਪਰੀ ਇਹ ਘਟਨਾ ਦਾ ਸੱਚ ਕੀ ਸੀ ਤੇ ਹੈ। ਮੈਨੂੰ ਕੁੱਝ ਵੀ ਨਹੀਂ ਪਤਾ,ਪਰ ਮੇਰੀ ਮਾਂ, ਉਸ ਦਿਨ ਨੂੰ ਵੀ ਸੰਤਾਂ ਦੇ ਕਹੇ ਮੁਤਾਬਿਕ, ਮੇਰਾ ਜਨਮ ਦਿਨ ਹੀ ਮੰਨਦੀ ਹੈ।

ਤੁਹਾਡਾ ਆਪਣਾ :-ਹਰਿੰਦਰ ਨਿੱਕਾ

Advertisement
Advertisement
Advertisement
Advertisement
error: Content is protected !!