ਗੁਰਦਾਸ ਮਾਨ ਨੇ ਗੀਤਾਂ ਨਾਲ ਬੰਨ੍ਹਿਆ ਸਮਾਂ, ਰਾਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਚੋਣ ਕਰਨ ਲਈ ਦਿੱਤੀਆਂ ਵਧਾਈਆਂ
ਗੁਰਦਾਸ ਮਾਨ ਨੇ ਟ੍ਰਾਈਡੈਂਟ ਦਿਵਾਲੀ ਮੇਲੇ ‘ਚ ਲਗਾਈ ਸੁਰਾਂ ਦੀ ਮਹਿਫ਼ਲ
ਰਘਵੀਰ ਹੈਪੀ, ਬਰਨਾਲਾ 15 ਅਕਤੂਬਰ 2025
ਟ੍ਰਾਈਡੈਂਟ ਗਰੁੱਪ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਦਿਵਾਲੀ ਮੇਲਾ ਪੂਰੇ ਜੋਬਨ ‘ਤੇ ਹੈ। ਗਰੁੱਪ ਦੇ ਸੰਸਥਾਪਕ ਅਤੇ ਉਦਯੋਗ ਜਗਤ ਦੀ ਪ੍ਰਸਿੱਧ ਸ਼ਖਸ਼ਖੀਅਤ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਹੋ ਰਹੇ ਪ੍ਰਭਾਵਸ਼ਾਲੀ ਸਮਾਰੋਹ ‘ਚ ਮੰਗਲਵਾਰ ਰਾਤ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੇ ਸੁਰਾਂ ਨਾਲ ਐਸਾ ਜਾਦੂ ਬੰਨ੍ਹਿਆ ਕਿ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ।

ਰਾਤ ਕਰੀਬ 8 ਵਜੇ ਜਦੋਂ ਗੁਰਦਾਸ ਮਾਨ ਮੰਚ ‘ਤੇ ਪਹੁੰਚੇ, ਤਾਂ ਤਕਰੀਬਨ 15,000 ਤੋਂ ਵੱਧ ਦਰਸ਼ਕਾਂ ਨਾਲ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ। ਟ੍ਰਾਈਡੈਂਟ ਪਰਿਵਾਰ ਦੇ ਮੈਂਬਰਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਬਰਨਾਲਾ ਸ਼ਹਿਰ ਦੇ ਹਜ਼ਾਰਾਂ ਨਿਵਾਸੀ ਉਨ੍ਹਾਂ ਦੇ ਗੀਤਾਂ ਦੀਆਂ ਧੁਨਾਂ ‘ਤੇ ਝੂਮ ਉਠੇ।
ਸਮਾਰੋਹ ਦੀ ਸ਼ੁਰੂਆਤ ਵਿੱਚ ਗੁਰਦਾਸ ਮਾਨ ਨੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਨੂੰ ਹਾਲ ਹੀ ਵਿੱਚ ਰਾਜ ਸਭਾ ਲਈ ਮਨੋਨੀਤ ਹੋਣ ‘ਤੇ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ, “ਸ਼੍ਰੀ ਗੁਪਤਾ ਨੇ ਜਿਵੇਂ ਉਦਯੋਗ ਜਗਤ ਵਿੱਚ ਪੰਜਾਬ ਦਾ ਨਾਮ ਦੇਸ਼ ਤੇ ਵਿਦੇਸ਼ ‘ਚ ਰੌਸ਼ਨ ਕੀਤਾ ਹੈ, ਉਸੇ ਤਰ੍ਹਾਂ ਹੁਣ ਉਹ ਰਾਜ ਸਭਾ ਵਿੱਚ ਵੀ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨਗੇ।”
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਰਾਜਿੰਦਰ ਗੁਪਤਾ ਨੇ ਕਿਹਾ, “ਗੁਰਦਾਸ ਮਾਨ ਸਿਰਫ਼ ਇਕ ਮਹਾਨ ਗਾਇਕ ਹੀ ਨਹੀਂ, ਸਗੋਂ ਪੰਜਾਬ ਦੀ ਸ਼ਾਨ ਹਨ। ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਟ੍ਰਾਈਡੈਂਟ ਦੇ ਮੰਚ ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਇਸ ਸ਼ਾਮ ਨੂੰ ਯਾਦਗਾਰ ਬਣਾ ਗਿਆ। ਉਨ੍ਹਾਂ ਦੇ ਗੀਤ ਸਾਡੀ ਮਿੱਟੀ ਦੀ ਖੁਸ਼ਬੂ ਨਾਲ ਭਰੇ ਹੋਏ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੇ ਰਹਿਣਗੇ।”
ਸਮਾਰੋਹ ਦੇ ਮੁੱਖ ਮਹਿਮਾਨ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ “ਟ੍ਰਾਈਡੈਂਟ ਗਰੁੱਪ ਪਿਛਲੇ 20 ਸਾਲਾਂ ਤੋਂ ਬਰਨਾਲਾ ਵਿੱਚ ਦਿਵਾਲੀ ਮੇਲਾ ਕਰਦਾ ਆ ਰਿਹਾ ਹੈ ਅਤੇ ਹਰ ਸਾਲ ਕਿਸੇ ਨਾ ਕਿਸੇ ਮਸ਼ਹੂਰ ਕਲਾਕਾਰ ਨੂੰ ਸੱਦ ਕੇ ਸ਼ਹਿਰ ਵਾਸੀਆਂ ਨੂੰ ਮਨੋਰੰਜਨ ਦਾ ਤੋਹਫ਼ਾ ਦਿੰਦਾ ਹੈ। ਇਹ ਸਮਾਰੋਹ ਟ੍ਰਾਈਡੈਂਟ ਪਰਿਵਾਰ ਦੀ ਸਮਾਜਿਕ ਵਚਨਬੱਧਤਾ ਦਾ ਪ੍ਰਤੀਕ ਹੈ।”

ਜਦੋਂ ਗੁਰਦਾਸ ਮਾਨ ਨੇ ਆਪਣੇ ਮਸ਼ਹੂਰ ਗੀਤਾਂ ਦੀ ਲੜੀ ਸ਼ੁਰੂ ਕੀਤੀ ਤਾਂ ਪੂਰਾ ਪੰਡਾਲ ਝੂਮ ਉੱਠਿਆ । ਉਨ੍ਹਾਂ ਨੇ ‘ਛੱਲਾ’, ‘ਦਿਲ ਦਾ ਮਾਮਲਾ ਹੈ’, ‘ਕੀ ਬਣੂ ਦੁਨੀਆ ਦਾ’, ‘ਪੀੜ ਤੇਰੀ ਜਾਨ ਦੀ’, ‘ਅਪਣਾ ਪੰਜਾਬ ਹੋਵੇ’, ‘ਬੂਟ ਪਾਲਿਸ਼ਾ’, ‘ਬਾਬੇ ਭੰਗੜਾ ਪਾਉਂਦੇ ਨੇ’ ਅਤੇ ‘ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ’ ਵਰਗੇ ਸੁਪਰਹਿੱਟ ਗੀਤ ਗਾ ਕੇ ਦਰਸ਼ਕਾਂ ਨੂੰ ਮੋਹ ਲਿਆ।
ਕਰੀਬ ਢਾਈ ਘੰਟੇ ਤੱਕ ਚੱਲੇ ਇਸ ਸੰਗੀਤ ਸਮਾਗਮ ਦੌਰਾਨ ਹਰ ਉਮਰ ਦੇ ਲੋਕ ਗੀਤਾਂ ਦੀ ਧੁਨ ‘ਤੇ ਨੱਚਦੇ ਰਹੇ। ਮਾਨ ਨੇ ਇਸ ਦੌਰਾਨ ਮਰਹੂਮ ਗਾਇਕ ਰਾਜਵੀਰ ਜਵੰਧਾ ਨੂੰ ਵੀ ਯਾਦ ਕੀਤਾ ਤੇ ਕਿਹਾ, “ਰਾਜਵੀਰ ਨੇ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦਿੱਤੀ ਸੀ, ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਨੂੰ ਬੇਹੱਦ ਵੱਡਾ ਘਾਟਾ ਹੈ।” ਇਸ ਤੋਂ ਬਾਅਦ ਉਨ੍ਹਾਂ ਨੇ ਰਾਜਵੀਰ ਦੀ ਯਾਦ ਵਿੱਚ ਇਕ ਭਾਵਨਾਤਮਕ ਗੀਤ ਵੀ ਪੇਸ਼ ਕੀਤਾ, ਜਿਸ ਨਾਲ ਮਾਹੌਲ ਹੋਰ ਵੀ ਭਾਵੁਕ ਹੋ ਗਿਆ।

ਸਮਾਰੋਹ ਵਿੱਚ ਸ਼ਹਿਰ ਅਤੇ ਜ਼ਿਲ੍ਹੇ ਦੇ ਕਈ ਪ੍ਰਮੁੱਖ ਵਿਅਕਤੀ ਮੌਜੂਦ ਸਨ। ਜਿੰਨਾਂ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਰੁਪਿੰਦਰ ਸ਼ੀਤਲ ਬੰਟੀ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸ਼ਵਿੰਦਰ ਜੰਡੂ, ਐਸਡੀਐਮ ਬਰਨਾਲਾ ਸੋਨਮ, ਐਸਡੀਐਮ ਤਪਾ ਆਯੂਸ਼ ਕੁਮਾਰ, ਐਸਪੀਡੀ ਅਸ਼ੋਕ ਸ਼ਰਮਾ, ਡੀਐਸਪੀ ਸਤਵੀਰ ਸਿੰਘ ਬੈਂਸ, ਡੀਐਸਪੀ ਕੁਲਵੰਤ ਸਿੰਘ, ਸੀ.ਆਈ.ਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਬੀਜੇਪੀ ਦੇ ਜਰਨਲ ਸਕੱਤਰ ਨਰਿੰਦਰ ਗਰਗ ਨੀਟਾ, ਕੋਲੋਨਾਈਜ਼ਰ ਰਵੀ ਪ੍ਰਕਾਸ਼ ਅਗਰਵਾਲ, ਸੀਨੀਅਰ ਲੀਡਰ ਰਾਜ ਧੌਲਾ, ਐਮ.ਸੀ. ਧਰਮ ਸਿੰਘ ਫੌਜੀ, ਹਰਬਖ਼ਸ਼ੀਸ਼ ਸਿੰਘ ਗੋਨੀ, ਸਤੀਸ਼ ਚੀਮਾ, ਅਤੇ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ, ਅਨਿਲ ਗੁਪਤਾ ਅਤੇ ਸਾਹਿਲ ਗੁਲਾਟੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

ਪੂਰੇ ਸਮਾਰੋਹ ਦੌਰਾਨ ਰੰਗ–ਬਰੰਗੀ ਰੌਸ਼ਨੀ, ਦਿਲ ਖਿੱਚ ਮੰਚ ਸਜਾਵਟ ਅਤੇ ਸੁਚਾਰੂ ਪ੍ਰਬੰਧਾਂ ਨੇ ਟ੍ਰਾਈਡੈਂਟ ਗਰੁੱਪ ਦੀ ਕਾਬਲੀਅਤ ਨੂੰ ਦਰਸਾਇਆ । ਗਰੁੱਪ ਵੱਲੋਂ ਆਏ ਮਹਿਮਾਨਾਂ ਲਈ ਖਾਸ ਮਹਿਮਾਨ ਨਵਾਜ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਅੰਤ ਵਿੱਚ ਪਦਮਸ਼੍ਰੀ ਰਾਜਿੰਦਰ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰਦਾਸ ਮਾਨ ਨੂੰ ਸਨਮਾਨਿਤ ਵੀ ਕੀਤਾ। ਗੁਪਤਾ ਨੇ ਕਿਹਾ ਕਿ “ਟ੍ਰਾਈਡੈਂਟ ਪਰਿਵਾਰ ਹਮੇਸ਼ਾਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜਿਆ ਰਹੇਗਾ ਅਤੇ ਬਰਨਾਲਾ ਸ਼ਹਿਰ ਦੇ ਵਿਕਾਸ ਵਿੱਚ ਹਰ ਸੰਭਵ ਯੋਗਦਾਨ ਦਿੰਦਾ ਰਹੇਗਾ।”

ਦਰਸ਼ਕਾਂ ਨੇ ਇਸ ਸਮਾਰੋਹ ਨੂੰ “ਬਰਨਾਲਾ ਦਾ ਸਭ ਤੋਂ ਸ਼ਾਨਦਾਰ ਦਿਵਾਲੀ ਮੇਲਾ” ਕਿਹਾ । ਗੁਰਦਾਸ ਮਾਨ ਦੇ ਗੀਤਾਂ ਨੇ ਨਾ ਸਿਰਫ਼ ਮਨੋਰੰਜਨ ਕੀਤਾ, ਸਗੋਂ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਵੀ ਫੈਲਾਈ। ਟ੍ਰਾਈਡੈਂਟ ਦਿਵਾਲੀ ਮੇਲੇ ਵਿੱਚ ਟ੍ਰਾਈਡੈਂਟ ਦੇ ਪ੍ਰੀਮੀਅਮ ਤੌਲੀਏ, ਬੈੱਡਸ਼ੀਟ, ਬਾਥਰੋਬ ਅਤੇ ਕੰਬਲਾਂ ਦੇ ਸਟਾਲਾਂ ‘ਤੇ ਭਾਰੀ ਭੀੜ ਇਕੱਠੀ ਦੇਖਣ ਨੂੰ ਮਿਲੀ, ਜੋ “ਟ੍ਰਾਈਡੈਂਟ ਧਮਾਕਾ ਸੇਲ” ਦਾ ਲਾਭ ਲੈਣ ਲਈ ਉਤਸਾਹਿਤ ਸੀ। ਜਨਤਾ ਦੀ ਵੱਡੀ ਮੰਗ ਨੂੰ ਦੇਖਦੇ ਹੋਏ, ਪਹਿਲਾਂ 13 ਅਕਤੂਬਰ ਤੱਕ ਚੱਲਣ ਵਾਲੀ ਇਸ ਸੇਲ ਨੂੰ ਹੁਣ 17 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ।







