ਹੁਣ ਸਕੂਲਾਂ ਦੇ ਨੇੜੇ ਨਹੀਂ ਵਿਕਣਗੇ ਐਨਰਜੀ ਡਰਿੰਕਸ…

Advertisement
Spread information

ਡੀਸੀ ਦਾ ਹੁਕਮ, 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚਣ ‘ਤੇ ਪਾਬੰਦੀ
ਅਦੀਸ਼ ਗੋਇਲ, ਬਰਨਾਲਾ 14 ਅਕਤੂਬਰ 2025
       ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੇ ਆਲੇ-ਦੁਆਲੇ ਸ਼ਹਿਰੀ ਖੇਤਰਾਂ ਵਿੱਚ 100 ਮੀਟਰ ਅਤੇ ਪੇਂਡੂ ਖੇਤਰਾਂ ਵਿੱਚ 50 ਮੀਟਰ ਤੱਕ ਐਨਰਜੀ ਡਰਿੰਕਸ ਦੀ ਵਿਕਰੀ ਨੂੰ ਰੋਕਿਆ ਜਾਵੇ।
     ਇਹ ਹਦਾਇਤ ਉਨ੍ਹਾਂ ਬੱਚਿਆਂ ਵਿੱਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਲਈ ਸਾਂਝੀ ਕਾਰਜ ਯੋਜਨਾ ਉਲੀਕਣ ਲਈ ਬੁਲਾਈ ਗਈ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਹਰ ਕਿਸਮ ਦੇ ਦੁਕਾਨਦਾਰਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕਸ ਨਾ ਵੇਚਣ ਲਈ ਜਾਗਰੂਕ ਕੀਤਾ ਜਾਵੇ।
      ਉਨ੍ਹਾਂ ਹਦਾਇਤ ਕੀਤੀ ਕਿ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚਣ ਦੀ ਸਖ਼ਤ ਮਨਾਹੀ ਹੈ। ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਸਰਕਾਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 178 ਸ਼ਰਾਬ ਦੇ ਠੇਕੇ ਹਨ ਅਤੇ ਸਾਰਿਆਂ  ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਜਾਵੇ।
       ਉਨ੍ਹਾਂ ਨੇ ਆਬਕਾਰੀ ਵਿਭਾਗ ਅਤੇ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਨਤਕ ਥਾਂਵਾਂ ‘ਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਸ਼ਰਾਬ ਦੇ ਖਪਤਕਾਰ ਸ਼ਰਾਬ ਦਾ ਸੇਵਨ ਜਾਂ ਤਾਂ ਆਪਣੇ ਘਰਾਂ ਵਿੱਚ ਜਾਂ ਅਹਾਤਿਆਂ ਵਿੱਚ ਕਰਨ। ਜਨਤਕ ਤੌਰ ‘ਤੇ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਦੀ ਉਲੰਘਣਾਂ ਕਰਨ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
       ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਵਿਭਾਗ ਤੋਂ ਨੀਰਜ ਕੁਮਾਰ, ਸਿਹਤ ਵਿਭਾਗ ਤੋਂ ਡਾ: ਲਿਪਸੀ ਮੋਦੀ ਮਨੋਵਿਗਿਆਨੀ, ਪੁਲਿਸ ਵਿਭਾਗ ਤੋਂ ਗਗਨਦੀਪ ਕੌਰ, ਗੁਰਦੀਪ ਸਿੰਘ ਡਰੱਗ ਇੰਸਪੈਕਟਰ ਅਤੇ ਗੁਰਜੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!