12 ਵੀਂ ਕਲਾਸ ਦੇ ਨਤੀਜੇ ਚ,ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ ਕੁੜੀਆਂ ਦੀ ਬੱਲੇ ਬੱਲੇ

Advertisement
Spread information

ਪਹਿਲੀਆਂ ਤਿੰਨੋਂ ਪੁਜੀਸ਼ਨਾਂ ‘ਤੇ ਕੁੜੀਆਂ ਰਹੀਆਂ ਕਾਬਜ , ਸਕੂਲਾਂ ਦਾ ਨਤੀਜਾ ਰਿਹਾ 98 ਫੀਸਦੀ 

70ਤੋਂ ਵੱਧ ਵਿਦਿਆਰਥੀਆਂ ਨੇ 90 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ


ਹਰਿੰਦਰ ਨਿੱਕਾ ਬਰਨਾਲਾ 21 ਜੁਲਾਈ 2020
                    ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਦੇ ਐਲਾਨੇ  ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਝੰਡੀ ਰਹੀ। ਜਿਲ੍ਹੇ ਅੰਦਰ ਪਹਿਲੇਂ 3 ਸਥਾਨਾਂ ਤੇ ਕਬਜ਼ਾ ਕਰਕੇ ਕੁੜੀਆਂ ਨੇ ਮੁੰਡਿਆਂ ਤੇ ਝੰਡੀ ਕਰ ਦਿੱਤੀ। ਜਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਸ੍ਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਚਲਾਇਆ ਮਿਸ਼ਨ ਸ਼ਤ ਪ੍ਰਤੀਸ਼ਤ ਜਿਲ੍ਹੇ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ।
              ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ 2979 ਵਿਦਿਆਰਥੀਆਂ ਦੀ ਕੁੱਲ ਪਾਸ ਪ੍ਰਤੀਸ਼ਤ 98% ਰਹੀ।ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਸਰਕਾਰੀ ਸੀਨੀ ਸੈਕੰਡਰੀ ਸਕੂਲ (ਕੁੜੀਆਂ) ਸ਼ਹਿਣਾ ਦੀ ਵਿਦਿਆਰਥਣ ਅਮਨਜੋਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੀ ਵਿਦਿਆਰਥਣ ਹਰਪ੍ਰੀਤ ਕੌਰ  98.22 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ‘ਤੇ ਰਹੀਆਂ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੀ ਵਿਦਿਆਰਥਣ ਸੁਖਜੀਤ ਕੌਰ 98 ਫੀਸਦੀ ਅੰਕ ਲੈ ਕੇ ਦੂਸਰੇ ਸਥਾਨ ਤੇ ਰਹੀ। ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸ਼ਹਿਣਾ ਦੀ ਵਿਦਿਆਰਥਣ ਸੇਜਲ ਬਾਵਾ 97.5 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ।
           ਉੱਪ ਜਿਲ੍ਹਾ ਸਿੱਖਿਆ ਅਫਸਰ (ਸ) ਸ਼੍ਰੀ ਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਦੇਕੁੱਲ 46 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 28 ਸਕੂਲਾਂ ਦਾ ਆਰਟਸ ਦਾ ਨਤੀਜਾ 100 ਫੀਸਦੀ ਰਿਹਾ। ਸਾਇੰਸ ਵਿਸ਼ੇ ਦਾ ਸਾਰੇ ਸਕੂਲਾਂ ਦਾ ਨਤੀਜਾ 100% ਰਿਹਾ। ਇਸੇ ਤਰਾਂ ਕਾਮਰਸ ਗਰੁੱਪ ਵਾਲੇ  7 ਸਕੂਲਾਂ ਵਿੱਚੋਂ 6 ਸਕੂਲਾਂ ਦਾ ਨਤੀਜਾ 100 % ਰਿਹਾ। ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ , ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੀ ਅਗਲੇਰੀ ਪੜਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਹੀ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਵੀ ਪੱਖੋਂ ਉੱਚ ਮਿਆਰੀ ਸਕੂਲਾਂ ਤੋਂ ਘੱਟ ਨਹੀਂ ਹਨ।

Advertisement
Advertisement
Advertisement
Advertisement
Advertisement
error: Content is protected !!