*ਖੇਤੀਬਾੜੀ ਵਿਭਾਗ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ
ਸੋਨੀ ਪਨੇਸਰ ਬਰਨਾਲਾ, 21 ਜੁਲਾਈ 2020
ਮੰਗਲਵਾਰ ਨੂੰ ਨਾਬਾਰਡ ਦੀ ਟੀਮ ਵੱਲੋਂ ਜ਼ਿਲ੍ਹੇ ਵਿਚ ਮੱਕੀ ਬੀਜਣ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ 5500 ਹੈਕਟੇਅਰ ਰਕਬੇ ਹੇਠ ਝੋਨੇ ਦੀ ਥਾਂ ’ਤੇ ਮੱਕੀ ਬੀਜੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਜਿਹੜੇ ਕਿਸਾਨ ਝੋਨੇ ਦੀ ਥਾਂ ’ਤੇ ਮੱਕੀ/ਚਾਰਾ ਮੱਕੀ ਬੀਜਣਗੇ, ਉਨ੍ਹਾਂ ਨੂੰ 23500 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ।
ਇਸ ਲਈ ਅੱਜ ਸਰਦਾਰ ਮਾਨਵਪ੍ਰੀਤ ਸਿੰਘ ਅਸਿਸਟੈਂਟ ਜਰਨਲ ਮੈਨੇਜਰ, ਨਾਬਾਰਡ ਨੇ ਬਰਨਾਲਾ ਜ਼ਿਲੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਝੋਨਾ ਛੱਡ ਕੇ ਮੱਕੀ ਬੀਜਣ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਸੰਤੁਸ਼ਟੀ ਜਾਹਰ ਕੀਤੀ ਕਿ ਅੱਜ ਇੰਨੇ ਮੀਂਹ ਵਿੱਚ ਵੀ ਖੇਤੀਬਾੜੀ ਵਿਭਾਗ ਬਰਨਾਲਾ ਦੀ ਸਮੁੱਚੀ ਟੀਮ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਮੱਕੀ ਦੀ ਫਸਲ ’ਤੇ ਕਿਤੇ ਕਿਤੇ ਫਾਲ ਆਰਮੀ ਦਾ ਹਮਲਾ ਮੱਕੀ ਦੀ ਫਸਲ ’ਤੇ ਦੇਖਿਆ ਗਿਆ, ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ। ਜੇਕਰ ਫਸਲ ’ਤੇ ਫਾਲ ਆਰਮੀ ਦਾ ਹਮਲਾ ਦੇਖਣ ਵਿੱਚ ਮਿਲਦਾ ਹੈ ਤਾਂ ਖੇਤੀਬਾੜੀ ਮਾਹਰਾਂ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਡਾ. ਚਰਨਜੀਤ ਸਿੰਘ ਕੈਂਥ, ਜ਼ਿਲ੍ਹਾ ਸਿਖਲਾਈ ਅਫਸਰ, ਡਾ ਗੁਰਬਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਡਾ ਸੁਖਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਅਤੇ ਹੋਰ ਸਮੁੱਚੀ ਖੇਤੀਬਾੜੀ ਵਿਭਾਗ ਦੀ ਟੀਮ ਹਾਜ਼ਰ ਸੀ।