ਪੰਛੀਆਂ ਪ੍ਰਤੀ ਪ੍ਰੇਮ ਦੀ ਪ੍ਰੇਰਣਾ ਦੇਣ ਲਈ ਪੋਸਟਰ ਵੀ ਕੀਤਾ ਰਿਲੀਜ਼
ਹਰਿੰਦਰ ਨਿੱਕਾ ਬਰਨਾਲਾ 15 ਜੁਲਾਈ 2020
ਸ਼ਹਿਰ ਦੇ ਪ੍ਰਸਿੱਧ ਧਾਰਮਿਕ ਸ਼ਰਧਾ ਅਤੇ ਇਤਹਾਸਿਕ ਮਹੱਤਤਾ ਵਾਲੇ ਗੁਰੂਦੁਆਰਾ ਬਾਬੇ ਚੁੱਲ੍ਹੇ ਅਸਥਾਨ ਤੇ ਨਤਮਸਤਕ ਹੋਣ ਉਪਰੰਤ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਬਾਬਾ ਆਲਾ ਸਿੰਘ ਪਾਰਕ ਚ, ਪੰਛੀਆਂ ਲਈ ਆਲ੍ਹਣੇ ਅਤੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਰਕ ਦੀ ਸੰਭਾਲ ਲਈ ਕਾਇਮ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰੀ ਭਾਰਦਵਾਜ ਦਾ ਵਿਸ਼ੇਸ ਸਨਮਾਨ ਵੀ ਕੀਤਾ। ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਚ, ਸੋਸ਼ਲ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੌਕੇ ਸ੍ਰੀ ਭਾਰਦਵਾਜ ਨੇ ਮੌਕੇ ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅਧੁਨਿਕ ਯੁੱਗ ਦੀ ਚਕਾਚੌਂਧ ਨੇ ਬੇਤਹਾਸ਼ਾ ਦਰਖਤ ਵੱਢ ਦਿੱਤੇ ਹਨ, ਜਿਸ ਕਾਰਣ ਜਿੱਥੇ ਵਾਤਾਵਰਣ ਚ, ਪ੍ਰਦੂਸ਼ਣ ਵੱਧ ਗਿਆ, ਉੱਥੇ ਹੀ ਪੰਛੀਆਂ ਦੇ ਰਹਿਣ ਲਈ ਕੋਈ ਥਾਂ ਹੀ ਨਹੀਂ ਰਹੀ। ਇੱਥੋਂ ਤੱਕ ਕਿ ਘਰਾਂ ਦੀਆਂ ਛੱਤਾਂ ਵੀ ਕੰਕਰੀਟ ਦੀਆਂ ਬਣ ਚੁੱਕੀਆਂ ਹਨ। ਪਹਿਲਾਂ ਲਕੜੀ ਦੇ ਕੜੀ-ਬਾਲਿਆਂ ਦੀਆਂ ਛੱਤਾਂ ਦੀ ਅਣਹੋਂਦ ਕਾਰਣ ਪੰਛੀਆਂ ਖਾਸ ਕਰ ਚਿੜੀਆਂ ਦੀ ਚੀਂ-ਚੀਂ ਵੀ ਕਿੱਧਰੇ ਸੁਣਾਈ ਨਹੀਂ ਦਿੰਦੀ। ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਨੇ ਪੰਛੀਆਂ ਦੇ ਘਰ ਆਲ੍ਹਣੇ ਵੀ ਉਜਾੜਾ ਦਿੱਤੇ।
-ਭਾਰਦਵਾਜ ਨੇ ਕਿਹਾ ਕਿ ਮਨੁੱਖ ਜਿੰਨਾਂ ਕੁਦਰਤ ਤੋਂ ਦੂਰ ਹੋ ਰਿਹਾ ਹੈ, ਉਨਾਂ ਹੀ ਪ੍ਰਦੂਸ਼ਤ ਵਾਤਾਵਰਣ ਕਾਰਣ ਬੀਮਾਰੀਆਂ ਵੱਧ ਗਈਆਂ ਹਨ। ਪੰਛੀਆਂ ਦੇ ਮਧੁਰ ਸੰਗੀਤ ਤੋਂ ਵਾਂਝੇ ਹੋਏ ਲੋਕ ਮਾਨਸਿਕ ਤੌਰ ਦੇ ਵੀ ਪ੍ਰੇਸ਼ਾਨ ਹੋ ਰਹੇ ਹਨ। ਉਨਾਂ ਪੰਛੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬੇਜੁਬਾਨ ਪੰਛੀ ਆਪਣਾ ਉਜਾੜੇ ਦਾ ਦਰਦ ਬਿਆਨ ਵੀ ਨਹੀਂ ਕਰ ਸਕਦੇ। ਇਸ ਲਈ ਸਾਨੂੰ ਹੀ ਪੰਛੀਆਂ ਨੂੰ ਸੁਰੱਖਿਅਤ ਰੱਖਣ ਲਈ ਘਰਾਂ ਅਤੇ ਹੋਰ ਸਾਂਝੀਆਂ ਥਾਂਵਾਂ ਤੇ ਆਲ੍ਹਣੇ ਲਾਉਣ ਲਈ ਅੱਗੇ ਆਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨਾਂ ਵਾਤਾਵਰਣ ਪ੍ਰੇਮੀ ਸੋਹਣ ਧਨੌਲਾ ਅਤੇ ਡਾਕਟਰ ਨਵਕਰਨ ਬਰਨਾਲਾ ਅਤੇ ਪਾਰਕ ਸੰਭਾਲ ਲਈ ਕਾਇਮ ਕਲੱਬ ਮੈਂਬਰਾਂ ਦੇ ਚੰਗੇ ਉੱਦਮ ਲਈ ਉਨਾਂ ਦੀ ਭਰਪੂਰ ਸਰਾਹਣਾ ਵੀ ਕੀਤੀ। ਉਨਾਂ ਕਿਹਾ ਕਿ ਉਹ ਹਰ ਸਮੇਂ ਕਲੱਬ ਮੈਂਬਰਾਂ ਅਤੇ ਵਾਤਾਵਰਣ ਪ੍ਰੇਮੀਆਂ ਦਾ ਸਹਿਯੋਗ ਕਰਨ ਲਈ ਤਿਆਰ ਹਨ। ਇਸ ਮੌਕੇ ਪੰਛੀ ਪ੍ਰੇਮੀ ਸੋਹਣ ਧਨੌਲਾ ਨੇ ਪੰਛੀਆਂ ਪ੍ਰਤੀ ਮੋਹ ਜਗਾਉਣ ਲਈ ਇੱਕ ਬਹੁਤ ਹੀ ਵਧੀਆਂ ਗੀਤ ਵੀ ਸੁਣਾ ਕੇ ਲੋਕਾਂ ਨੂੰ ਪੰਛੀਆਂ ਦੀ ਸੰਭਾਲ ਲਈ ਪ੍ਰੇਰਿਤ ਵੀ ਕੀਤਾ।