ਦੋਸ਼- ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਅਤੇ ਮੋਤੀ ਮਹਿਲ ਮਾਰਚ ਕਰਨ ਦੀ ਵਿਓਂਤ ਬਣਾਈ
ਮਾਸਕ ਨਾ ਪਾਉਣ ਤੇ ਆਪਸੀ ਦੂਰੀ ਨਾ ਰੱਖਣ ‘ਤੇ ਹੋਵੇਗੀ ਸਖ਼ਤ ਕਾਰਵਾਈ : ਐਸਐਸਪੀ ਸਿੱਧੂ
ਹਰਿੰਦਰ ਨਿੱਕਾ ਪਟਿਆਲਾ, 15 ਜੁਲਾਈ 2020
ਪੁਲਿਸ ਨੇ ਮਿੰਨੀ ਬੱਸ ਉਪਰੇਟਰਜ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਵਿਰੁੱਧ ਕੋਵਿਡ-19 ਤੋਂ ਬਚਾਅ ਲਈ ਇਹਤਿਹਾਤ ਨਾ ਵਰਤਣ ਸਬੰਧੀਂ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਵਿਰੁੱਧ ਇਕੱਠ ਕਰਕੇ ਧਰਨਾ ਦਿੱਤਾ ਸੀ, ਜਿਸ ਕਰਕੇ ਕੋਰੋਨਾ ਵਾਇਰਸ ਦੀ ਲਾਗ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਕੀਤੇ ਗਏ ਮਾਸਕ ਅਤੇ ਆਪਸੀ ਦੂਰੀ ਰੱਖਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਥਾਣਾ ਅਨਾਜ ਮੰਡੀ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 188, 269 ਤੇ 270 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਦਰਜ ਐਫ.ਆਈ.ਆਰ. ਨੰਬਰ 118 ‘ਚ ਚੇਅਰਮੈਨ ਬਲਵਿੰਦਰ ਸਿੰਘ ਬੀਹਲਾ ਵਾਸੀ ਪਿੰਡ ਬੀਹਲਾ ਤਰਨਤਾਰਨ, ਉਪ ਪ੍ਰਧਾਨ ਬਲਦੇਵ ਸਿੰਘ ਬੱਬੂ ਵਾਸੀ ਅੰਮ੍ਰਿਤਸਰ, ਜਨਰਲ ਸਕੱਤਰ ਤਰਲੋਕ ਸਿੰਘ ਬਟਾਲਾ ਵਾਸੀ ਜ਼ਿਲ੍ਹਾ ਬਟਾਲਾ, ਸਮੇਤ ਜਗਜੀਤ ਸਿੰਘ ਢਿੱਲੋਂ ਵਾਸੀ ਤਰਨਤਾਰਨ, ਗੋਪਾਲ ਸਿੰਘ ਵਾਸੀ ਖਨੌੜਾ, ਰਜਿੰਦਰ ਸਿੰਘ, ਗੁਰਦੀਪ ਸਿੰਘ ਤੇ ਜਤਿੰਦਰ ਸ਼ਰਮਾ ਵਾਸੀਅਨ, ਜਰਨੈਲ ਸਿੰਘ ਵਾਸੀ ਜਗਰਾਓਂ, ਬਿੱਲੂ ਵਾਸੀ ਬਿਆਸ, ਸ਼ੇਰ ਸਿੰਘ ਵਾਸੀ ਅੰਮ੍ਰਿਤਸਰ, ਕਰਤਾਰ ਸਿੰਘ ਵਾਸੀ ਮੋਗਾ ਤੇ ਹਰਲੀਨ ਸਿੰਘ ਚੰਨੀ ਵਸੀ ਤਪਾ ਮੰਡੀ ਬਰਨਾਲਾ ਸਮੇਤ 250 ਦੇ ਕਰੀਬ ਹੋਰ ਸ਼ਾਮਲ ਹਨ, ਨੂੰ ਨਾਮਜ਼ਦ ਕੀਤਾ ਗਿਆ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਵਿਅਕਤੀ 25 ਦੇ ਕਰੀਬ ਮਿੰਨੀ ਬੱਸਾਂ ਅਤੇ ਟੈਂਪੂ ਟ੍ਰੈਵਲਰਜ਼ ਭਰ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚੋਂ ਪਟਿਆਲਾ ਪੁੱਜੇ ਸਨ। ਇਨ੍ਹਾਂ ਵੱਲੋਂ ਦਿੱਤਾ ਗਿਆ ਧਰਨਾ ਗ਼ੈਰਕਾਨੂੰਨੀ ਸੀ ਅਤੇ ਇਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੀ ਪਟਿਆਲਾ ਸਥਿਤ ਰਿਹਾਇਸ਼ ਵੱਲ ਮਾਰਚ ਕਰਨ ਦੀ ਵਿਓਂਤ ਬਣਾਈ ਸੀ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਜਨਤਕ ਇਕੱਠ, ਪ੍ਰਦਰਸ਼ਨ ਕਰਨ ‘ਤੇ ਲਗਾਈ ਗਈ ਪਾਬੰਦੀ ਸਬੰਧੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਇਕੱਠ ਕੀਤਾ। ਇਨ੍ਹਾਂ ਵੱਲੋਂ ਕੋਵਿਡ-19 ਮਹਾਂਮਾਰੀ ਸਬੰਧੀਂ ਆਪਸੀ ਦੂਰੀ ਅਤੇ ਮਾਸਕ ਪਾਉਣ ਦੀਆਂ ਜਰੂਰੀ ਹਦਾਇਤਾਂ ਦੀ ਵੀ ਉਲੰਘਣਾ ਕੀਤੀ ਗਈ, ਜਿਸ ਕਰਕੇ ਇਨ੍ਹਾਂ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਗਿਆ ਹੈ।