ਐਮ.ਪੀ. ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਜਰਨੈਲ ਸਿੰਘ ਦਿੱਲੀ ਨੇ ਕੀਤਾ ਸਵਾਗਤ
ਭਗਵੰਤ ਮਾਨ ਦਾ ਦਾਅਵਾ, ਪੰਜਾਬ ਦੇ ਹਿੱਤਾਂ ਲਈ ‘ਆਪ’ ‘ਚ ਸ਼ਾਮਲ ਹੋਣਗੀਆਂ ਕਾਫ਼ੀ ਨਾਮਵਰ ਹਸਤੀਆਂ
ਏ.ਐਸ. ਅਰਸ਼ੀ ਚੰਡੀਗੜ੍ਹ
ਔਰਤਾਂ ਚ, ਹਿੰਮਤ ਅਤੇ ਬੰਦਿਆਂ ਵਾਂਗ ਦਿਲੇਰੀ ਪੈਦਾ ਕਰਨ ਵਾਲੇ ਪੰਜਾਬੀ ਗੀਤ ਵੱਖਰੇ ਅੰਦਾਜ਼ ਵਿੱਚ ਗਾ ਕੇ ਮਕਬੂਲ ਹੋਈ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਹੁਣ ਆਪ ਦੀ ਹੋ ਗਈ। ਅਨਮੋਲ ਗਗਨ ਮਾਨ ਸਮੇਤ ਅਕਾਲੀ ਆਗੂ ਅਮਰਿੰਦਰ ਸਿੰਘ ਲਿਬੜਾ ਤੇ ਲੋਕ ਨਾਇਕ ਦੇ ਤੌਰ ਤੇ ਜਾਣੇ ਜਾਂਦੇ ਲਾਲ ਚੰਦ ਕਟਰੂਚੱਕ ਨੇ ਵੀ ਝਾੜੂ ਚੁੱਕ ਕੇ ਪੰਜਾਬ ਅੰਦਰ ਆਪ ਦੀ ਲਹਿਰ ਖੜ੍ਹੀ ਕਰਨ ਦਾ ਤਹੱਈਆ ਕਰ ਲਿਆ ਹੈ। ਇਹ ਐਲਾਨ ਆਪ ਦੇ ਇਕਲੌਤੇ ਐਮਪੀ ਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਚ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ,ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ‘ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਬਰਨਾਲਾ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਆਦਿ ਆਗੂਆਂ ਨੇ ਆਪ ਦਾ ਝਾੜੂ ਫੜ੍ਹਨ ਵਾਲੇ ਇੱਨ੍ਹਾਂ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ।
ਚੰਡੀਗੜ੍ਹ ‘ਚ ਸੋਮਵਾਰ ਨੂੰ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਨਮੋਲ ਗਗਨ ਮਾਨ ਅਮਰਿੰਦਰ ਸਿੰਘ ਲਿਬੜਾ ਅਤੇ ਲਾਲ ਚੰਦ ਕਟਰੂਚੱਕ ਨੂੰ ਰਸਮੀ ਤੌਰ ਪਾਰਟੀ ‘ਚ ਸ਼ਾਮਲ ਕੀਤਾ। ਇਸ ਮੌਕੇ ਸੰਗਠਨ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਗੈਰੀ ਬੜਿੰਗ ਅਤੇ ਪੋਲੀਟਿਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੀ ਹਾਜਰ ਸਨ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਉੱਘੀਆਂ ਹਸਤੀਆਂ ਦੇ ਸ਼ਾਮਲ ਹੋਣ ਨਾਲ ਜਿੱਥੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ, ਉੱਥੇ ਪੰਜਾਬ ਦੇ ਹਿੱਤਾਂ ਲਈ ਕੈਪਟਨ-ਬਾਦਲਾਂ ਦੇ ‘ਮਾਫ਼ੀਆ ਰਾਜ’ ਵੰਗਾਰਨ ਵਾਲਿਆਂ ਦਾ ਹੌਸਲਾ ਹੋਰ ਵਧੇਗਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਦੀ ਸੋਚ ਰੱਖਣ ਵਾਲੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕਾਫ਼ੀ ਨਾਮਵਰ ਹਸਤੀਆਂ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਿੱਤ ਬਚਾਉਣ ਲਈ ਬਿਨਾਂ ਕਿਸੇ ਸ਼ਰਤ ‘ਆਪ’ ‘ਚ ਸ਼ਾਮਲ ਹੋਣ ਵਾਲੇ ਇਨ੍ਹਾਂ ਲੋਕਾਂ ਨੂੰ ਪਾਰਟੀ ‘ਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।
ਮਿਸ ਵਰਲਡ ਪੰਜਾਬ ਮੁਕਾਬਲੇ ‘ਚੋਂ ਮਿਸ ਮੋਹਾਲੀ ਪੰਜਾਬਣ ਦਾ ਖ਼ਿਤਾਬ ਅਤੇ ਲੰਡਨ ‘ਚ ਹੋਏ ਵਰਲਡ ਫੋਕ ਡਾਂਸ ਮੁਕਾਬਲੇ ਜਿੱਤਣ ਵਾਲੀ ਗਗਨਦੀਪ ਕੌਰ ਮਾਨ ਨੇ ਗਾਇਕੀ ਦੇ ਖੇਤਰ ‘ਚ ਅਨਮੋਲ ਗਗਨ ਮਾਨ ਵਜੋਂ ਪ੍ਰਸਿੱਧੀ ਕਮਾਈ। ‘ਅਸਲੀ ਇਨਸਾਨ ਕਿਵੇਂ ਬਣੀਏ’ ਕਿਤਾਬ ਦੀ ਰਚੇਤਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਮਾਜ ਅਤੇ ਨਿਜ਼ਾਮ ‘ਚ ਆਈ ਗਿਰਾਵਟ ਨੂੰ ਰੋਕਣ ਦੇ ਜਜ਼ਬੇ ਕਾਰਨ ਉਸ ਨੇ ਬਿਨਾਂ ਕਿਸੇ ਲੋਭ-ਲਾਲਚ ਸਿਆਸਤ ‘ਚ ਆਉਣ ਦਾ ਮਨ ਬਣਾਇਆ ਅਤੇ ਇਸ ਲਈ ਆਮ ਆਦਮੀ ਪਾਰਟੀ ਤੋਂ ਬਿਹਤਰ ਕੋਈ ਹੋਰ ਬਦਲ ਇਸ ਸਮੇਂ ਨਾ ਪੰਜਾਬ ਅਤੇ ਨਾ ਹੀ ਦੇਸ਼ ‘ਚ ਹੈ।
ਅਮਰਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਉਹ ਜਿੱਥੇ ਇੱਕ ਪਾਸੇ ਪਰਿਵਾਰਵਾਦ ‘ਤੇ ਕੇਂਦਰਿਤ ਅਕਾਲੀ ਦਲ (ਬਾਦਲ) ਤੋਂ ਜਿੰਨੇ ਨਿਰਾਸ਼ ਚੱਲ ਰਹੇ ਸਨ, ਉੱਥੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਸੰਸਦ ‘ਚ ਭਗਵੰਤ ਮਾਨ ਦੀ ਕਾਰਜਸ਼ੈਲੀ ਨੂੰ ਵੱਡੀ ਉਮੀਦ ਵਜੋਂ ਦੇਖਦੇ ਹਨ।
ਇਸ ਮੌਕੇ ਲਾਲ ਚੰਦ ਕਟਰੂਚੱਕ ਨੇ ਕਿਹਾ ਕਿ ਇਸ ਸਮੇਂ ਆਮ ਆਦਮੀ ਪਾਰਟੀ ਹੀ ਇਕ ਮਾਤਰ ਵਿਕਲਪ ਹੈ ਅਤੇ ਦੇਸ਼ ਅਤੇ ਪੰਜਾਬ ਦਾ ਹਰ ਪੱਖੋਂ ਖੋਇਆ ਮਾਨ ਸਨਮਾਨ ਬਹਾਲ ਕਰਨ ਦੀ ਸੋਚ ਅਤੇ ਸਮਰੱਥਾ ਰੱਖਦੀ ਹੈ। ਲਾਲ ਚੰਦ ਕਟਰੂਚੱਕ 2019 ਦੀਆਂ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਰਹੇ ਅਤੇ ਆਪਣੇ ਪਿੰਡ ਦੇ 25 ਸਾਲਾਂ ਤੋਂ ਸਰਪੰਚ ਚਲੇ ਆ ਰਹੇ ਹਨ।