ਸਾਡੇ ਬੁਜ਼ੁਰਗ, ਸਾਡਾ ਮਾਣ ਮੁਹਿੰਮ ਤਹਿਤ ਲਗਾਇਆ ਜਾਵੇਗਾ ਰਾਜ ਪੱਧਰੀ ਮੈਡੀਕਲ ਕੈਂਪ
ਰਘਵੀਰ ਹੈਪੀ, ਬਰਨਾਲਾ 8 ਅਪ੍ਰੈਲ 2025
ਪੰਜਾਬ ਸਰਕਾਰ ਵਲੋਂ ਤਿਆਰ ਬਾਬਾ ਫੂਲ ਸਰਕਾਰੀ ਬਿਰਧ ਘਰ ਭਲਕੇ 9 ਅਪ੍ਰੈਲ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਲੋਕ ਅਰਪਣ ਕੀਤਾ ਜਾਵੇਗਾ। ਖੱਟਰ ਪੱਤੀ, ਢਿੱਲਵਾਂ ਰੋਡ, ਤਪਾ (ਜ਼ਿਲ੍ਹਾ ਬਰਨਾਲਾ) ਵਿਖੇ ਬਣੇ ਇਸ ਆਸ਼ਰਮ ‘ਚ ਇਸ ਵੇਲੇ 5 ਬਜ਼ੁਰਗ ਰਜਿਸਟ੍ਰੇਸ਼ਨ ਸ਼ੁਰੂ ਹੋਣ ਮਗਰੋਂ ਰਹਿ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਇਹ ਆਸ਼ਰਮ 26 ਕਨਾਲ 17 ਮਰਲੇ ਜਗ੍ਹਾ ਵਿੱਚ ਉਸਾਰਿਆ ਗਿਆ ਹੈ। 8.21 ਕਰੋੜ ਰੁਪਏ ਦੀ ਲਾਗਤ ਨਾਲ ਇਸ ਤਿੰਨ ਮੰਜ਼ਿਲ ਇਮਾਰਤ ਦੀ ਉਸਾਰੀ ਕੀਤੀ ਗਈ ਹੈ ਤੇ ਇਸ ਨੂੰ ਸਚਾਰੂ ਢੰਗ ਨਾਲ ਚਲਾਉਣ ਕੁੱਲ 1 ਕਰੋੜ ਤੋਂ ਵੱਧ ਦਾ ਸਮਾਨ ਖਰੀਦਿਆ ਗਿਆ ਹੈ। ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਬਿਰਧ ਵਿਅਕਤੀਆਂ ਨੂੰ ਡਾਰਮਿਟਰੀ, ਭੋਜਨ, ਮੈਡੀਕਲ ਸਹੂਲਤਾਂ, ਡੇ ਕੇਅਰ, ਲਾਇਬ੍ਰੇਰੀ, ਬਾਗਬਾਨੀ ਅਤੇ ਜਿਮ ਆਦਿ ਸਹੂਲਤਾਂ ਮੁਫ਼ਤ ਹਨ। ਇਸ 72 ਬੈਡ ਦੀ ਸਮਰਥਾ ਵਾਲੇ ਆਸ਼ਰਮ ਵਿਚ ਇਸ ਵੇਲੇ 14 ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਹੜੇ ਬਜ਼ੁਰਗਾਂ ਦਾ ਖਿਆਲ ਵੀ ਰੱਖਣਗੇ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਲਕੇ ਬਿਰਧ ਘਰ ਵਿੱਚ ਸਾਡੇ ਬਜ਼ੁਰਗ, ਸਾਡਾ ਮਾਣ ਮੁਹਿੰਮ ਤਹਿਤ ਇਕ ਵਿਸ਼ਾਲ ਸਿਹਤ ਚੈੱਕਅਪ ਕੈਂਪ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਾਇਆ ਜਾ ਰਿਹਾ ਹੈ।