ਹਰਿੰਦਰ ਨਿੱਕਾ, ਬਰਨਾਲਾ 21 ਮਾਰਚ 2025
ਬਰਨਾਲਾ ਸੰਗਰੂਰ ਰੋਡ ਤੇ ਸਥਿਤ ਹਰੀਗੜ੍ਹ ਨਹਿਰ ਵਿਚ ਡੁੱਬਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ। ਨੇੜਲੇ ਲੋਕਾਂ ਨੇ ਨਹਿਰ ਵਿੱਚੋਂ ਇੱਕ ਲਾਸ਼ ਨੂੰ ਕੱਢ ਲਿਆ, ਜਦੋਂ ਕਿ ਦੂਜੇ ਦੀ ਤਲਾਸ਼ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਸ਼ਹਿਰ ਦੇ ਰਹਿਣ ਵਾਲੇ ਕਥਿਤ ਤੌਰ ਤੇ ਮਾਨਸਿਕ ਰੋਗੀ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਅੱਜ ਆਤਮ ਹੱਤਿਆ ਕਰਨ ਲਈ ਹਰੀਗੜ੍ਹ ਨਹਿਰ ਵਿਚ ਛਾਲ ਮਾਰ ਦਿੱਤੀ। ਇਸੇ ਦੌਰਾਨ ਨਹਿਰ ਲਾਗਿਓਂ ਲੰਘ ਰਹੇ ਸ਼ਰਨਪ੍ਰੀਤ ਸਿੰਘ ਵਾਸੀ ਹਰੀਗੜ੍ਹ ਜੋ ਤੈਰਨ ਜਾਣਦਾ ਸੀ, ਨੇ ਵੀ ਨਹਿਰ ਵਿੱਚ ਛਾਲ ਮਾਰਨ ਵਾਲੇ ਚਮਕੌਰ ਸਿੰਘ ਨੂੰ ਬਚਾਉਣ ਲਈ, ਖੁਦ ਨਹਿਰ ਵਿੱਚ ਛਾਲ ਮਾਰ ਦਿੱਤੀ। ਪ੍ਰਤੱਖ ਦਰਸ਼ਕਾਂ ਅਨੁਸਾਰ ਚਮਕੌਰ ਸਿੰਘ ਨੇ ਭਾਰੀ ਹੋਣ ਕਰਕੇ, ਸ਼ਰਨਪ੍ਰੀਤ ਨੂੰ ਵੀ ਫੜ੍ਹ ਲਿਆ। ਨਤੀਜੇ ਵਜੋਂ ਦੋਵਾਂ ਜਣਿਆਂ ਦੀ ਹੀ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਰਹਿਣ ਵਾਲੇ ਬਹਾਦਰ ਸਿੰਘ ਹੋਰਾਂ ਨੇ ਸ਼ਰਨਪ੍ਰੀਤ ਸਿੰਘ ਦੀ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ। ਜਦੋਂ ਕਿ ਦੂਜੇ ਵਿਅਕਤੀ ਦੀ ਲਾਸ਼ ਲੱਭੀ ਜਾ ਰਹੀ ਹੈ।