ਰਘਵੀਰ ਹੈਪੀ, ਬਰਨਾਲਾ 20 ਮਾਰਚ 2025
ਆਪਣੀ ਪਤਨੀ ਦੀ ਖੁਦਕਸ਼ੀ ਦੇ ਮਾਮਲੇ ਵਿੱਚ ਜੇਲ੍ਹ ਬੰਦ ਦੋਸ਼ੀ ਨੂੰ ਉਸ ਦੀ ਗ੍ਰਿਫਤਾਰੀ ਤੋਂ 21 ਦਿਨ ਬਾਅਦ ਹੀ ਜਿਲ੍ਹਾ ਤੇ ਸ਼ੈਸ਼ਨ ਜੱਜ ਬੀ.ਬੀ.ਐਸ. ਤੇਜੀ ਦੀ ਅਦਾਲਤ ਨੇ ਜਮਾਨਤ ਤੇ ਰਿਹਾ ਕਰਨ ਦਾ ਹੁਕਮ ਸੁਣਾਇਆ ਹੈ। ਇਹ ਮਾਮਲਾ BNS ਦੀ ਧਾਰਾ 108 (ਪੁਰਾਣੀ IPC ਦੀ ਧਾਰਾ 306) ਅਧੀਨ ਥਾਣਾ ਸਦਰ ਬਰਨਾਲਾ ਵਿਖੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਪਰ ਦਰਜ ਕੀਤਾ ਗਿਆ ਸੀ, ਜੋ ਕਿ ਖੁਦਕੁਸ਼ੀ ਲਈ ਉਕਸਾਉਣ ਨਾਲ ਸੰਬੰਧਿਤ ਹੈ।

ਪੁਲਿਸ ਰਿਪੋਰਟ ਅਨੁਸਾਰ, ਉਮਾ ਯਾਦਵ ਪਤਨੀ ਉਜਵਲ ਸਿੰਘ ਵਾਸੀ ਹੰਡਿਆਇਆ ਨੇ 26 ਫਰਵਰੀ 2025 ਨੂੰ ਆਪਣੇ ਘਰ ਵਿੱਚ ਚੁੰਨੀ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਪਿਤਾ ਓਮ ਸ਼ੰਕਰ ਦਾ ਦੋਸ਼ ਸੀ ਕਿ ਉਨ੍ਹਾਂ ਦਾ ਜਵਾਈ ਉਜਵਲ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਉਮਾ ਯਾਦਵ ਦੀ ਕੁੱਟ-ਮਾਰ ਅਤੇ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।
ਉਮਾ ਦੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਖੁਦਕੁਸ਼ੀ ਤੋਂ ਕੁਝ ਘੰਟੇ ਪਹਿਲਾਂ ਉਜਵਲ ਨੇ ਉਮਾ ਯਾਦਵ ਦੇ ਭਰਾ ਨੂੰ ਫੋਨ ਕਰਕੇ ਉਸ ਨੂੰ ਲੈ ਜਾਣ ਲਈ ਕਿਹਾ ਸੀ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਐਸ ਐਸ ਮਾਨ ਅਤੇ ਏ ਐਸ ਅਰਸ਼ੀ।

ਦੋਸ਼ੀ ਧਿਰ ਦੇ ਐਡਵੋਕੇਟ ਅਰਸ਼ਦੀਪ ਸਿੰਘ ਅਰਸ਼ੀ ਨੇ ਅਦਾਲਤ ਨੂੰ ਦੱਸਿਆ ਕਿ ਕੇਸ ਦਾ ਟਰਾਇਲ ਹਾਲੇ ਕਾਫੀ ਲੰਬਾ ਚੱਲਣਾ ਹੈ, ਇਸ ਲਈ ਨਾਮਜ਼ਦ ਦੋਸ਼ੀ ਨੂੰ ਅਨਿਸ਼ਚਿਤ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਮਾਨਯੋਗ ਜੱਜ ਬੀਬੀਐਸ ਤੇਜੀ ਨੇ ਬਚਾਅ ਪੱਖ ਦੇ ਵਕੀਲਾਂ ਏਐਸ ਅਰਸ਼ੀ ਅਤੇ ਸਰਬਜੀਤ ਸਿੰਘ ਮਾਨ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ, ਦੋਸ਼ੀ ਦੀ ਜਮਾਨਤ ਅਰਜੀ ਮਨਜੂਰ ਕਰ ਲਈ ਤੇ ਦੋਸ਼ੀ ਨੂੰ ਜਮਾਨਤੀ ਬਾਂਡ ਭਰ ਕੇ,ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ।