ਹਰਿੰਦਰ ਨਿੱਕਾ, ਬਰਨਾਲਾ 13 ਮਾਰਚ 2025
ਪ੍ਰੋਪਰਟੀ ਡੀਲਰਾਂ/ ਦਲਾਲਾਂ ਨੇ ਇੱਨ੍ਹੀਂ ਦਿਨੀਂ ਪ੍ਰੋਪਰਟੀ ਦੇ ਭਾਅ ਆਸਮਾਨੀ ਚਾੜ੍ਹ ਛੱਡੇ ਹਨ, ਸ਼ੇਅਰ ਮਾਰਕਿਟ ਦੀ ਤਰਾਂ ਲੋਕਾਂ ‘ਚ ਇੱਕੋ ਹੀ ਦਿਨ ਵਿੱਚ ਕਈ-ਕਈ ਵਾਰ ਇੱਕੋ ਹੀ ਪ੍ਰੋਪਟਰੀ ਦੇ ਭਾਅ ਵਿੱਚ ਚੋਖਾ ਵਾਧਾ ਹੋਣ ਦੀਆਂ ਚਰਚਾਵਾਂ ਮੂੰਹੋਂ-ਮੂੰਹ ਸੁਣਨ ਨੂੰ ਮਿਲ ਰਹੀਆਂ ਹਨ। ਪ੍ਰੋਪਰਟੀ ਦੇ ਸਭ ਤੋਂ ਜਿਆਦਾ ਭਾਅ ਵਧਣ ਦੀਆਂ ਗੱਲਾਂ ਬਰਨਾਲਾ- ਹੰਡਿਆਇਆ ਮੁੱਖ ਸੜਕ ਤੋਂ ਸੰਗਰੂਰ ਰੋਡ ਨੂੰ ਜੋੜਦੀ ਲਿੰਕ ਸੜਕ, ਗਰਚਾ ਰੋਡ ਤੇ ਵੱਧਣ ਦੀ ਚਰਚਾ ਛਿੜੀ ਹੋਈ ਹੈ। ਪ੍ਰੋਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਗਰਚਾ ਰੋਡ ਛੇਤੀ ਹੀ 100 ਫੁੱਟ ਚੌੜੀ ਹੋ ਰਹੀ ਹੈ,ਜਿਸ ਕਾਰਣ ਹਰ ਕੋਈ ਇਨਵੈਸਟਰ ਗਰਚਾ ਰੋਡ ਦੇ ਪ੍ਰੋਪਰਟੀ ਖਰੀਦਣ ਲਈ ਕਾਹਲਾ ਹੋਇਆ ਫਿਰਦਾ ਹੈ। ਜਦੋਂਕਿ ਪ੍ਰੋਪਰਟੀ ਡੀਲਰਾਂ ਦੇ ਗਰਚਾ ਰੋਡ ਦੇ 100 ਫੁੱਟ ਚੌੜੀ ਹੋਣੇ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਵਰਨਣਯੋਗ ਹੈ ਕਿ ਗਰਚਾ ਰੋਡ ਤੇ ਪ੍ਰੋਪਰਟੀ ਦੇ ਰੇਟ ਵਧਾਉਣ ਲਈ ਪ੍ਰੋਪਰਟੀ ਡੀਲਰ ਲੋਕਾਂ ਵਿੱਚ ਗਰਚਾ ਰੋਡ ਨੂੰ 100 ਚੌੜਾ ਕਰਨ ਦੀ ਯੋਜਨਾ ਤਿਆਰ ਹੋ ਜਾਣ ਦਾ ਹੀ ਧੂੰਆਧਾਰ ਪ੍ਰਚਾਰ ਕਰ ਰਹੇ ਹਨ।
2 ਨਵੀਆਂ ਕਲੋਨੀਆਂ ‘ਤੇ ਇੱਕ ਹੋਰ ਦੀ ਐਕਸਟੈਂਸ਼ਨ ਦੀ ਤਿਆਰੀ..!
ਪ੍ਰਾਪਤ ਵੇਰਵਿਆਂ ਮੁਤਾਬਿਕ ਗਰਚਾ ਰੋਡ ਤੇ 2 ਨਵੀਆਂ ਕਲੋਨੀਆਂ ਅਤੇ ਇੱਕ ਪਹਿਲਾਂ ਤੋਂ ਨਿਰਮਾਣ ਅਧੀਨ ਗਰੀਨ ਐਵਨਿਓ ਦੀ ਐਕਸਟੈਂਸ਼ਨ ਗਰਚਾ ਰੋਡ ਵੱਲ ਕੀਤੇ ਜਾਣ ਦੀ ਗੱਲ ਚੱਲ ਰਹੀ ਹੈ। ਇੱਕ ਓਹ ਕਲੋਨੀ ਹੈ ਜਿਹੜੀ ਕਾਫੀ ਅਰਸਾ ਪਹਿਲਾਂ ਮਹੇਸ਼ ਕਲੋਨੀ ਦੇ ਡਿਵੈਲਪਰ ਕਲੋਨਾਈਜਰਾਂ ਦੇ ਆਪਸੀ ਝਗੜੇ ਕਾਰਣ ਅੱਧ ਵਿਚਾਲੇ ਰਹਿ ਜਾਣ ਕਾਰਣ ਵੀਰਾਨ ਹੋਈ ਪਈ ਸੀ। ਪਰੰਤੂ ਹੁਣ ਓਹ ਕਲੋਨਾਈਜਰਾਂ ਦਰਮਿਆਨ ਹੋਏ ਆਰਜੀ ਸਮਝੌਤੇ ਉਪਰੰਤ ਅੱਗੇ ਇਹੋ ਵੀਰਾਨ ਪਈ ਕਲੋਨੀ, ਧੂਰੀ ਦੇ ਕਲੋਨਾਈਜਰਾਂ ਨੂੰ ਵੇਚ ਦਿੱਤੀ ਗਈ ਹੈ। ਪਰੰਤੂ ਕਨਸੋਅ ਇਹ ਵੀ ਮਿਲ ਰਹੀ ਹੈ ਕਿ ਕਲੋਨਾਈਜਰਾਂ ਦਾ ਸਮਝੌਤਾ ਹਾਲੇ ਅਦਾਲਤੀ ਪੱਧਰ ਦੇ ਪੂਰੀ ਤਰਾਂ ਨਹੀਂ ਨਿਪਟਿਆ। ਪਤਾ ਇਹ ਵੀ ਲੱਗਿਆ ਹੈ ਕਿ ਕਲੋਨਾਈਜਰਾਂ ਦਰਮਿਆਨ ਹੋਏ ਸਮਝੌਤੇ ‘ਚ ਤੈਅ ਹੋਈਆਂ ਸ਼ਰਤਾਂ ਹਾਲੇ ਪੂਰੀਆਂ ਨਹੀਂ ਹੋ ਸਕੀਆਂ। ਜਿਸ ਕਾਰਣ, ਸਮਝੌਤਾ ਸਿਰੇ ਚੜ੍ਹਨਾ ਹਾਲੇ ਵੀ ਬੁਝਾਰਤ ਹੀ ਬਣਿਆ ਹੋਇਆ। ਸਮਝੌਤੇ ਵਿੱਚ ਸ਼ਾਮਿਲ ਇੱਕ ਧਿਰ ਦੇ ਪਰਿਵਾਰਿਕ ਮੈਂਬਰ ਨੇ ਤਾਂ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਸਮਝੌਤਾ ਸਿਰੇ ਨਾ ਚੜਿਆ ਤਾਂ ਉਹ ਕਲੋਨੀ ਵਿੱਚ ਹੋ, ਉਸ ਦੀ ਲਿਖਤੀ ਸਹਿਮਤੀ ਤੋਂ ਬਿਲਾਂ ਹੋ ਰਹੀ ਉਸਾਰੀ ਤੇ ਜੇ.ਸੀ.ਬੀ. ਫੇਰਨ ਤੋਂ ਗੁਰੇਜ ਨਹੀਂ ਕਰਨਗੇ। ਇਸੇ ਰੋਡ ਤੇ ਹੀ ਗਰੇਵਾਲ ਪੈਲਸ ਵਾਲੀ ਸਾਈਡ ਵੀ ਸ਼ਹਿਰ ਦੇ ਪ੍ਰਸਿੱਧ ਕਲੋਨਾਈਜਰ ਨੇ ਵੀ ਕਈ ਏਕੜ ਜਮੀਨ ਲੈ ਕੇ, ਕਲੋਨੀ ਦੀ ਤਿਆਰੀ ਦਾ ਸੰਕੇਤ ਕਰਦੇ ਝੰਡੇ ਗੱਡ ਦਿੱਤੇ ਹਨ।
ਸੜਕ ਦੀ ਜਗ੍ਹਾ ਸਿਰਫ 22 ਫੁੱਟ..ਕਿੱਥੋਂ ਆਉ ਹੋਰ ਜਗ੍ਹਾ…?
ਗਰਚਾ ਰੋਡ ਦੇ 100 ਫੁੱਟ ਚੌੜੀ ਹੋਣ ਸਬੰਧੀ ਸ਼ਹਿਰੀਆਂ ਅੰਦਰ ਛਿੜੀ ਚਰਚਾ ਦੇ ਸਬੰਧ ਵਿੱਚ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਗੱਲ ਕੀਤੀ ਤਾਂ ਉਨਾਂ ਵਿਅੰਗਮਈ ਸ਼ੈਲੀ ਵਿੱਚ ਉਲਟਾ ਸੁਆਲ ਕੀਤਾ ਕਿ ਕੌਣ ਕਹਿੰਦਾ ਹੈ ਕਿ ਗਰਚਾ ਰੋਡ 100 ਫੁੱਟ ਚੌੜੀ ਹੋ ਰਹੀ ਹੈ ? ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਇਹ ਸੜਕ ਦਾ ਏਰੀਆ ਮੇਰੇ ਹੀ ਵਾਰਡ ਦਾ ਹਿੱਸਾ ਹੈ, ਇਹ ਸੜਕ ਦੀ ਚੌੜਾਈ ਸਿਰਫ 18 ਫੁੱਟ ਚੌੜੀ ਹੈ, 2/2 ਫੁੱਟ ਸੜਕ ਦੋਵਾਂ ਪਾਸੇ ਕੱਚੀ ਹੀ ਯਾਨੀ ਸੜਕ ਦੀ ਕੁੱਲ ਚੌੜਾਈ ਮਹਿਜ 22 ਫੁੱਟ ਹੀ ਹੈ। ਨਗਰ ਕੌਂਸਲ ਵੱਲੋਂ ਸੜਕ ਨਾ ਤਾਂ ਚੌੜੀ ਕਰਨ ਦਾ ਕੋਈ ਪ੍ਰਸਤਾਵ ਪਾਸ ਕੀਤਾ ਗਿਆ ਹੈ ਅਤੇ ਨਾ ਹੀ ਇਹ ਸੜਕ ਨੂੰ 78 ਫੁੱਟ ਹੋਰ ਚੌੜਾ ਕਰਨ ਲਈ ਸਾਈਡਾਂ ਤੇ ਕੋਈ ਜਗ੍ਹਾ ਖਾਲੀ ਹੈ, ਸੜਕ ਦੇ ਬਹੁਤੇ ਹਿੱਸੇ ਵਿੱਚ ਆਬਾਦੀ ਹੈ ਤੇ ਕੁੱਝ ਕਮਰਸ਼ੀਅਲ ਥਾਵਾਂ ਵੀ ਬਣ ਚੁੱਕੀਆਂ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ।