ਪੀੜਤ ਪਰਿਵਾਰ ਦਾ ਦੋਸ਼, ਪੁਲਿਸ ਕਾਰਵਾਈ ਕਰਨ ਵਿੱਚ ਕਰ ਰਹੀ ਟਾਲਮਟੋਲ…
Police ਕਾਨੂੰਨੀ ਕਾਰਵਾਈ ‘ਚ ਜੁਟੀ, ਮੈਡੀਕਲ ਵੀ ਕਰਵਾਇਆ,,,,
ਹਰਿੰਦਰ ਨਿੱਕਾ, ਬਰਨਾਲਾ 22 ਫਰਵਰੀ 2025
ਬਰਨਾਲਾ ਹੰਡਿਆਇਆ ਰੋਡ ਤੇ ਸਥਿਤ ਬਾਬਾ ਦੀਪ ਸਿੰਘ ਨਗਰ ਅਤੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਚਾਰ ਨੌਜਵਾਨ ਸ਼ਹਿਰ ਦੀ ਹੀ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨੂੰ ਬਹਿਲਾ ਫੁਸਲਾ ਕੇ ਲੁਧਿਆਣੇ ਲੈ ਗਏ। ਪੀੜਤਾ ਦਾ ਦੋਸ਼ ਹੈ ਕਿ ਸਾਰੇ ਜਣਿਆਂ ਨੇ ਹੋਟਲ ਦੇ ਕਮਰੇ ਵਿੱਚ ਲਿਜਾ ਕੇ, ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਆਖਿਰ ਉਸ ਨੂੰ ਕਾਲਾ ਮਹਿਰ ਸਟੇਡੀਅਮ ਬਰਨਾਲਾ ਕੋਲ ਛੱਡ ਕੇ ਫਰਾਰ ਹੋ ਗਏ। ਕਿਸੇ ਤਰਾਂ ਉਹ ਆਪਣੇ ਘਰ ਪਹੁੰਚੀ ਤੇ ਪਰਿਵਾਰ ਨੂੰ ਸਾਰੇ ਘਟਨਾਕ੍ਰਮ ਬਾਰੇ ਦੱਸਿਆ। ਪਰਿਵਾਰ ਦਾ ਦੋਸ਼ ਹੈ ਕਿ ਉਨਾਂ ਘਟਨਾ ਦੀ ਸੂਚਨਾ 19 ਫਰਵਰੀ ਨੂੰ ਹੀ ਪੁਲਿਸ ਨੂੰ ਦੇ ਦਿੱਤੀ ਸੀ, ਪਰੰਤੂ ਪੁਲਿਸ ਨੇ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਪਰਿਵਾਰ ਨੂੰ ਹੀ ਕੁੜੀ ਦੀ ਇੱਜਤ ਰੁਲਣ ਦਾ ਵਾਸਤਾ ਪਾ ਕੇ, ਕਾਨੂੰਨੀ ਕਾਰਵਾਈ ਤੋਂ ਟਾਲਮਟੋਲ ਕੀਤੀ ਜਾ ਰਹੀ ਹੈ। ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦਾ ਲੰਘੀ ਕੱਲ੍ਹ ਹੀ ਹਸਪਤਾਲ ‘ਚੋਂ ਮੈਡੀਕਲ ਕਰਵਾਇਆ ਗਿਆ ਹੈ ਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਸਿਵਲ ਹਸਪ਼ਤਾਲ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ ਸਾਢੇ ਕੁ 14 ਵਰ੍ਹਿਆਂ ਦੀ ਹੈ। ਉਸ ਨੂੰ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਹੈਪੀ ਸਿੰਘ , ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਰਮਨਦੀਪ ਸਿੰਘ , ਨਿੰਮਾ ਅਤੇ ਗੌਰਵਦੀਪ ਸਿੰਘ ਪਹਿਲਾਂ ਮੋਟਰ ਸਾਈਕਲ ਤੇ ਘਰੋਂ ਬਿਠਾ ਕੇ ਗਰਚਾ ਰੋਡ ਬਰਨਾਲਾ ਵਿਖੇ ਲੈ ਗਏ, ਉੱਥੇ ਲਿਜਾ ਕੇ, ਉਨਾਂ ਕੂਲਿਪ, ਸੁਲਫੇ ਵਾਲੀਆਂ ਸਿਗਰਟਾਂ ਅਤੇ ਸ਼ਰਾਬ ਵੀ ਪਿਲਾਈ। ਜਦੋਂ ਉਹ ਪੂਰੀ ਤਰਾਂ ਨਸ਼ੇ ਦੀ ਹਾਲਤ ਵਿੱਚ ਹੋ ਗਈ ਤਾਂ, ਸਾਰੇ ਜਣੇ, ਉਸ ਨੂੰ ਬੱਸ ਵਿੱਚ ਬਿਠਾ ਕੇ, ਲੁਧਿਆਣਾ ਲੈ ਗਏ। ਉਨਾਂ ਉੱਥੇ ਇੱਕ ਕਮਰਾ ਬੁੱਕ ਕਰਵਾਇਆ ਤੇ ਉਸ ਰਾਤ ਨੂੰ ਉਸ ਹੋਟਲ ਦੇ ਕਮਰੇ ਵਿੱਚ ਹੀ ਰੱਖਿਆ ਤੇ ਸਾਰਿਆਂ ਨੇ ਵਾਰੀ ਵਾਰੀ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਅਗਲੇ ਦਿਨ ਸਵੇਰੇ, ਦੋਸ਼ੀਆਂ ਨੇ ਉਸ ਨੂੰ ਕਾਲਾ ਮਹਿਰ ਸਟੇਡੀਅਮ ਬਰਨਾਲਾ ਲਿਆਂਦਾ ਤੇ ਉੱਥੋਂ ਖੁਦ ਹੀ ਆਟੋ ਵਾਲੇ ਨੂੰ ਕਿਰਾਇਆ ਦੇ ਕੇ, ਨਾਨਕਸਰ ਗੁਰੂਦੁਆਰਾ ਸਾਹਿਬ ਕੋਲ ਬੱਸ ਸਟੌਪ ਕੋਲ ਛੱਡ ਦਿੱਤਾ ਤੇ ਉਹ ਕਿਸੇ ਤਰਾਂ ਘਰ ਪਹੁੰਚ ਗਈ। ਉਸ ਨੇ ਖੁਦ ਨਾਲ ਬੀਤੀ ਸਾਰੀ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ।
ਉੱਧਰ ਪੀੜਤਾ ਦੇ ਭਰਾ ਨੇ ਭਰੇ ਮਨ ਨਾਲ ਕਿਹਾ ਕਿ ਉਨਾਂ 19 ਫਰਵਰੀ ਦੀ ਬਾਅਦ ਦੁਪਿਹਰ ਹੀ, ਆਪਣੀ ਭੈਣ ਦੇ ਲਾਪਤਾ ਹੋ ਜਾਣ ਦੀ ਘਟਨਾ ਬਾਰੇ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੂੰ ਸੂਚਿਤ ਕੀਤਾ। ਪਰੰਤੂ ਉਨਾਂ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨਾਂ ਕਿਹਾ ਕਿ ਉਸ ਦੀ ਭੈਣ ਨੇ ਆਪਣੇ ਤੇ ਹੋਏ ਅੱਤਿਆਚਾਰ ਬਾਰੇ ਪੁਲਿਸ ਨੂੰ ਵੀ ਬਿਆਨ ਦਿੱਤਾ। ਜਿੰਨ੍ਹਾਂ ਮੈਡੀਕਲ ਕਰਵਾਇਆ, ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨਾਂ ਕਿਹਾ ਕਿ ਅਸੀਂ ਗਰੀਬ ਵਿਅਕਤੀ ਹਾਂ, ਹਾਲੇ ਵੀ ਦੋਸ਼ੀ, ਉਨਾਂ ਨੂੰ ਕਿਸੇ ਕਾਰਵਾਈ ਕਰਵਾਉਣ ਤੋਂ ਰੋਕਣ ਲਈ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੀੜਤਾ ਦੇ ਪਿਤਾ ਨੇ ਕਿਹਾ ਕਿ ਪੁਲਿਸ ਵਾਲੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ, ਉਲਟਾ ਸਾਨੂੰ ਹੀ ਕਹਿ ਰਹੇ ਹਨ ਕਿ ਕੁਆਰੀ ਕੁੜੀ ਦਾ ਮਾਮਲਾ ਹੈ, ਤੁਸੀਂ ਕੋਈ ਕਾਨੂੰਨੀ ਕਾਰਵਾਈ ਦੇ ਚੱਕਰ ਵਿੱਚ ਨਾ ਉਲਝੋ, ਕਿਉਂ ਕੁੜੀ ਦੀ ਇੱਜਤ ਥਾਣਿਆਂ ਕਚਿਹਰੀਆਂ ਵਿੱਚ ਰੋਲੋਂਗੇ। ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਧੀ ਧਿਆਣੀ ਦੀ ਇੱਜਤ ਨਾ ਲੁੱਟੀ ਜਾਵੇ। ਉਨਾਂ ਕਿਹਾ ਕਿ ਪੁਲਿਸ ਨੂੰ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਉਨਾਂ ਦੀ ਪੁੱਛਗਿੱਛ ਉਪਰੰਤ , ਲੁਧਿਆਣਾ ਦੇ ਉਸ ਹੋਟਲ ਮਾਲਿਕਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਂਦੀ ਹੈ, ਜਿੰਨ੍ਹਾਂ ਨਾਬਾਲਿਗ ਕੁੜੀ ਨੂੰ ਰਾਤ ਭਰ ਰੱਖਣ ਲਈ ਕਮਰਾ ਦਿੱਤਾ ਸੀ।
ਮੈਡੀਕਲ ਕਰਵਾਇਆ, ਹੁਣ ਕਾਰਵਾਈ ਕਰਨਾ, ਪੁਲਿਸ ਦੇ ਹੱਥ ਵੱਸ..
ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਤਪਿੰਦਰਜੋਤ @ ਜੋਤੀ ਕੌਸ਼ਲ ਨੇ ਘਟਨਾਕ੍ਰਮ ਦੀ ਪੁੂਟੀ ਕਰਦਿਆਂ ਕਿਹਾ ਕਿ ਲੰਘੀ ਕੱਲ੍ਹ ਹਸਪਤਾਲ ਵਿੱਚ 15 ਕੁ ਸਾਲ ਦੀ ਕੁੜੀ ਨੂੰ ਲਿਆਂਦਾ ਗਿਆ ਸੀ, ਜਿਸ ਦਾ ਮੈਡੀਕਲ ਕਰਨ ਲਈ, ਡਾਕਟਰ ਹਿਮਾਨੀ ਸ਼ਰਮਾ ਨੂੰ ਲਿਖਿਆ ਗਿਆ। ਮੈਡੀਕਲ ਰਿਪੋਰਟ ਪੁਲਿਸ ਨੂੰ ਸੌਂਪੀ ਗਈ ਹੈ, ਅਗਲੀ ਕਾਰਵਾਈ ਕਰਨਾ ਪੁਲਿਸ ਦੇ ਹੱਥ ਵੱਸ ਹੈ।
ਐਸਐਚਓ ਨੇ ਕਿਹਾ,ਕੇਸ ਦਰਜ਼, ਦੋਸ਼ੀਆਂ ਦੀ ਤਲਾਸ਼ ਜ਼ਾਰੀ…
ਥਾਣਾ ਸਿਟੀ 2 ਬਰਨਾਲਾ ਦੇ ਐਸਐਚਓ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਚਾਰੋਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਅਗਲੀ ਕਾਨੂੰਨੀ ਕਾਰਵਾਈ ਜ਼ਾਰੀ ਹੈ। ਉਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।