6 ਸ਼ਖਸੀਅਤਾਂ ਦਾ ਹੋਵੇਗਾ ਸਨਮਾਨ ,ਕਲਾਕਾਰਾਂ ਦਾ ਲੱਗੇਗਾ ਖੁੱਲਾ ਅਖਾੜਾ
ਬੇਅੰਤ ਬਾਜਵਾ, ਜਰਖੜ / ਲੁਧਿਆਣਾ 5 ਫਰਵਰੀ 2025
37ਵੀਂਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ ਓਲੰਪਕ ਜਰਖੜ ਖੇਡਾਂ ਜੋ 7-8 ਅਤੇ 9 ਫਰਵਰੀ 2025 ਨੂੰ ਹੋ ਰਹੀਆਂ ਹਨ । ਇਹਨਾਂ ਖੇਡਾਂ ਵਿੱਚ ਹਾਕੀ ਸੀਨੀਅਰ ਮੁੰਡੇ, ਹਾਕੀ ਲੜਕੀਆਂ ,ਹਾਕੀ ਅੰਡਰ 15 ਸਾਲ ਮੁੰਡੇ ,ਫੁਟਬਾਲ ਲੜਕੀਆਂ , ਫੁਟਬਾਲ ਮੁੰਡੇ 60 ਕਿਲੋ ,ਕਬੱਡੀ ਓਪਨ ਵਿੱਚ ਨਾਇਬ ਸਿੰਘ ਗਰੇਵਾਲ ਯਾਦਗਾਰੀ ਕਬੱਡੀ ਕੱਪ ਲਈ 20 ਟੀਮਾਂ ਦੇ ਆਪਸੀ ਮੁਕਾਬਲੇ, ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਕੱਪ ਤੋਂ ਇਲਾਵਾ ਪ੍ਰਾਇਮਰੀ ਸਕੂਲੀ ਬੱਚਿਆਂ ਦੀ ਰੱਸਾਕਸ਼ੀ, ਕਬੱਡੀ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ ।
ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਖਿੱਚ ਦਾ ਕੇਂਦਰ ਹੋਵੇਗਾ । ਜਿਸ ਵਿੱਚ ਇਲਾਕੇ ਦੇ ਵੱਖ ਵੱਖ ਸਕੂਲਾਂ ਦਾ ਮਾਰਚ ਪਾਸਟ ਤੋਂ ਇਲਾਵਾ ਡਰੈਗਨ ਅਕੈਡਮੀ ਲੁਧਿਆਣਾ ਅਤੇ ਸਿਟੀ ਯੂਨੀਵਰਸਿਟੀ ਜਗਰਾਉਂ ਦੇ ਬੱਚਿਆਂ ਵੱਲੋਂ ਵੱਖ-ਵੱਖ ਗੀਤਾਂ ਤੇ ਕੋਰੀਓਗ੍ਰਾਫੀ ਅਤੇ ਹੋਰ ਗੀਤ ਸੰਗੀਤ ਮੁੱਖ ਖਿੱਚ ਦਾ ਕੇਂਦਰ ਹੋਵੇਗਾ।
ਅੱਜ ਪ੍ਰੈਸ ਕਾਨਫਰੰਸ ਦੌਰਾਨ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਦੇ ਗੋਲਡ ਸਪਾਂਸਰ ਰਾਇਲ ਇੰਨਫੀਲਡ ਮੋਟਰਸਾਈਕਲ ਜਦਕਿ ਸਿਲਵਰ ਸਪਾਂਸਰ ਕੋਕਾ ਕੋਲਾ ਅਤੇ ਏਵਨ ਸਾਈਕਲ ਹੋਣਗੇ । ਇਸ ਤੋਂ ਇਲਾਵਾ ਕੋ-ਸਪਾਂਸਰ ਡਾਬਰ ਕੰਪਨੀ ,ਵਿਸ਼ਾਲ ਸਾਈਕਲ , ਭਾਰਤ ਪੈਟਰੋਲੀਅਮ ਆਦਿ ਹੋਣਗੇ । ਖੇਡਾਂ ਦੇ ਫਾਈਨਲ ਸਮਾਰੋਹ ਤੇ ਸਨਮਾਨ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਰਵਿੰਦਰ ਕੌਰ ਨੂੰ ਉਹਨਾਂ ਦੀਆਂ ਸਿੱਖਿਆ ਖੇਤਰ ਦੀਆਂ ਸੇਵਾਵਾਂ ਪ੍ਰਤੀ “ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ ” ਗਾਇਕੀ ਦੇ ਖੇਤਰ ਵਿੱਚ ਪੰਜ ਦਹਾਕੇ ਪੈੜਾਂ ਪਾਉਣ ਵਾਲੇ ਸਾਫ ਸੁਥਰੇ ਗੀਤਾਂ ਨੂੰ ਗਾਉਣ ਵਾਲੇ ਲੋਕ ਗਾਇਕ ਜਸਵੰਤ ਸੰਦੀਲਾ ਨੂੰ ” ਸੱਭਿਆਚਾਰ ਦਾ ਮਾਣ ਐਵਾਰਡ” ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ” ਓਲੰਪੀਅਨ ਸਰਜੀਤ ਸਿੰਘ ਰੰਧਾਵਾ ਐਵਾਰਡ ” ਉੱਘੇ ਪੱਤਰਕਾਰ ਸਵਰਨ ਟਹਿਣਾ ਅਤੇ ਨਵਦੀਪ ਕੌਰ ਪੱਤਰਕਾਰੀ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਤੇ “ਪੱਤਰਕਾਰੀ ਦਾ ਮਾਣ ਐਵਾਰਡ” ਉੱਘੇ ਖੇਡ ਲੇਖਕ ਅਤੇ ਪੰਜਾਬ ਸਰਕਾਰ ਦੇ ਪੀਆਰਓ ਨਵਦੀਪ ਗਿੱਲ ਨੂੰ ਖੇਡ ਜਗਤ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ” ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ” ਕਬੱਡੀ ਦੇ ਸਾਬਕਾ ਸੁਪਰ ਸਟਾਰ ਇੰਗਲੈਂਡ ਵਾਸਤੇ ਤਾਰਾ ਸਿੰਘ ਘਣਗਸ ਸਿੰਘ ਨੂੰ ਸਵਰਗੀ ਕੋਚ, ਕਬੱਡੀ ਸਟਾਰ “ਦੇਵੀ ਦਿਆਲ ਐਵਾਰਡ” ਦੇ ਨਾਲ ਸਨਮਾਨਿਆ ਜਾਵੇਗਾ। ਸਨਮਾਨਿਤ ਸ਼ਖਸੀਅਤਾਂ ਨੂੰ ਇਹ ਐਵਾਰਡ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਟੇਟ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ , ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ,ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਹੋਰ ਉੱਘੀਆਂ ਰਾਜਨੀਤਕ ਸਮਾਜਿਕ ਸ਼ਖਸੀਅਤਾਂ ਉਚੇਚੇ ਤੌਰ ਤੇ ਪੁੱਜਣਗੀਆਂ।
ਉੱਘੇ ਕਬੱਡੀ ਪ੍ਰਮੋਟਰ ਮੋਹਣਾ ਜੋਧਾ ਸਿਆਟਲ, ਸਾਬੀ ਕੂਨਰ ਕਨੇਡਾ ਨੇ ਕਿਹਾ ਕਿ 9 ਫਰਵਰੀ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਉੱਘੇ ਲੋਕ ਗਾਇਕ ਜੈਜੀ ਬੀ ,ਗਿੱਲ ਹਰਦੀਪ, ਨਿਰਮਲ ਸਿੱਧੂ ,ਹਰਫ ਚੀਮਾ ਅਤੇ ਹੋਰ ਕਲਾਕਾਰਾਂ ਦਾ ਖੁੱਲਾ ਅਖਾੜਾ ਲੱਗੇਗਾ। ਜਰਖੜ ਖੇਡਾਂ ਦੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਜਿੱਥੇ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ । ਉੱਥੇ ਏਵਨ ਸਾਈਕਲ ਵੱਲੋਂ ਜੇਤੂਆਂ ਨੂੰ 50 ਸਾਈਕਲ ਅਤੇ ਵਿਸ਼ਾਲ ਸਾਇਕਲ ਵੱਲੋਂ 20 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਜਦ ਕਿ ਡਾਬਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਸਾਰੇ ਖਿਡਾਰੀਆਂ ਨੂੰ ਵਧੀਆ ਖਾਣ ਪੀਣ ਦੇ ਵਧੀਆ ਤੋਹਫੇ ਦਿੱਤੇ ਜਾਣਗੇ। ਸਮੂਹ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਮੰਜੀ ਸਾਹਿਬ ਮਾਤਾ ਸਾਹਿਬ ਕੌਰ ਕਮੇਟੀ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਰੋਇਲ ਐਨਫੀਲਡ ਮੋਟਰ ਸਾਈਕਲ ਵੱਲੋਂ ਦਲਜੀਤ ਸਿੰਘ ਨਾਰੰਗ ਦਿੱਲੀ , ਕੋਕਾ ਕੋਲਾ ਵੱਲੋਂ ਦਲਜੀਤ ਸਿੰਘ ਭੱਟੀ ,ਏਵਨ ਸਾਈਕਲ ਵੱਲੋਂ ਅਸ਼ੋਕ ਕੁਮਾਰ , ਵਿਸ਼ਾਲ ਸਾਈਕਲ ਵੱਲੋਂ ਅਸ਼ੋਕ ਬਾਬਾ ਜੀ , ਜਰਖੜ ਖੇਡਾਂ ਵੱਲੋਂ ਸਰਪੰਚ ਸੰਦੀਪ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ ,ਰੋਬਿਨ ਸਿੱਧੂ, ਮਨਜਿੰਦਰ ਸਿੰਘ ਅਯਾਲੀ, ਦੀਪਿੰਦਰ ਸਿੰਘ ਡਿੰਪੀ, ਸਾਹਿਬ ਜੀਤ ਸਿੰਘ ਸਾਬੀ,ਹੋਰ ਪ੍ਰਬੰਧਕ ਹਾਜ਼ਰ ਸਨ।