POLICE ਨੇ 2 ਕਤਲਾਂ ਦੇ ਦੋਸ਼ੀ ਫੜ੍ਹੇ ਤੇ ਹੋਰਾਂ ਦੀ ਤਲਾਸ਼ ਵੀ ਜ਼ਾਰੀ…

Advertisement
Spread information

ਅਸ਼ੋਕ ਵਰਮਾ, ਬਠਿੰਡਾ 6 ਫਰਵਰੀ 2025

        ਜਿਲ੍ਹੇ ਦੇ ਵੱਖ ਵੱਖ ਥਾਣਿਆਂ ਦੀ ਹਦੂਦ ਅੰਦਰ ਹੋਏ ਦੋ ਕਤਲਾਂ ਦੇ ਮਾਮਲੇ ਹੱਲ ਕਰਨ ’ਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਅਮਨੀਤ ਕੌਂਡਲ ਨੇ ਪੁਲਿਸ ਅਧਿਕਾਰੀਆਂ ਦੀ ਮੌਜ਼ੂਦਗੀ ’ਚ ਸੀਆਈਏ ਸਟਾਫ 2 ਅਤੇ ਥਾਣਾ ਸਦਰ ਬਠਿੰਡਾ ਦੀਆਂ ਟੀਮਾਂ ਨੂੰ ਮਿਲੀ ਇਸ ਸਫਲਤਾ ਸਬੰਧੀ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਸੰਤ ਪੰਚਮੀ ਵਾਲੇ ਦਿਨ ਪਿੰਡ ਬੱਲੂਆਣਾ ਵਿੱਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ  ਤਲਵਾਰਾਂ ਅਤੇ ਗੰਡਾਸੇ ਨਾਲ ਹਮਲਾ ਕਰਕੇ ਸੁਖਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਦਾ ਕਤਲ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਜਗਤਾਰ ਸਿੰਘ ਅਤੇ ਬਲਕਾਰ ਸਿੰਘ ਪੁੱਤਰ ਮਾਲਵਿੰਦਰ ਸਿੰਘ ਵਾਸੀਅਨ ਬੱਲੂਆਣਾ ਵਜੋਂ ਕੀਤੀ ਗਈ ਹੈ।
      ਉਨ੍ਹਾਂ ਦੱਸਿਆ ਕਿ ਥਾਣਾ ਸਦਰ ਬਠਿੰਡਾ ਪੁਲੀਸ ਨੇ ਇਸ ਕਤਲ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਬੱਲੂਆਣਾ ਦੇ ਬਿਆਨਾਂ ਦੇ ਆਧਾਰ ਤੇ, ਵਿਸ਼ਾਲ ਸਿੰਘ ਹੰਟਰ ਪੁੱਤਰ ਬਿੰਦਰ ਸਿੰਘ, ਬਲਕਾਰ ਸਿੰਘ ਪੁੱਤਰ ਸੰਤਾ ਸਿੰਘ ਅਤੇ ਗੁਰਜੀਤ ਸਿੰਘ ਉਰਫ ਚੂਹੀ ਪੁੱਤਰ ਟੇਕ ਸਿੰਘ ਵਾਸੀਆਨ ਬੱਲੂਆਣਾ ਤੋਂ ਇਲਾਵਾ ਦੋ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਇੱਕ ਮੋਟਰਸਾਈਕਲ ,1 ਪਿਸਤੌਲ 32 ਬੋਰ ਸਮੇਤ 5 ਕਾਰਤੂਸ, 1 ਕਾਪਾ ਅਤੇ 1 ਤਲਵਾਰ ਬਰਾਮਦ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਮ੍ਰਿਤਕ ਨਾਲ ਜਮੀਨ ਦਾ ਝਗੜਾ ਚੱਲਦਾ ਸੀ, ਜਿਸ ਦੀ ਰੰਜਿਸ਼ ’ਚ ਕਤਲ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ’ਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ।
       ਇਸੇ ਤਰਾਂ ਹੀ ਥਾਣਾ ਫੂਲ ਅਧੀਨ ਪੈਂਦੇ ਪਿੰਡ ਭਾਈਰੂਪਾ ’ਚ  ਗੋਲੀ ਮਾਰ ਕੇ ਸਤਨਾਮ ਸੱਤੀ ਉਰਫ ਓਵਰਸੀਰ ਪੁੱਤਰ ਸੁਖਦੇਵ ਸਿੰਘ ਵਾਸੀ ਭਾਈ ਰੂਪਾ ਨੂੰ ਕਤਲ ਕਰਨ ਦੇ ਮਾਮਲੇ ’ਚ ਪੁਲਿਸ ਨੇ ਗੁਰਤੇਜ ਚੰਦ ਪੁੱਤਰ ਪ੍ਰੇਮ ਚੰਦ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਇਸ ਕਤਲ ਮਾਮਲੇ ’ਚ ਪੁਲਿਸ ਨੇ 12 ਬੋਰ ਦੀ ਰਾਈਫਲ ਤੇ 5 ਕਾਰਤੂਸ ਅਤੇ 32 ਬੋਰ ਦੇ ਰਿਵਾਲਵਰ ਤੇ 5 ਕਾਰਤੂਸਾਂ ਤੋਂ ਇਲਾਵਾ ਦੋ ਖਾਲੀ ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਤੇਜ ਅਤੇ ਸਤਨਾਮ ਸਿੰਘ  ਦੀ ਆਪਸੀ ਪੁਰਾਣੀ ਰੰਜਿਸ਼ ਸੀ, ਜਿਸ ਦੇ ਚੱਲਦਿਆਂ ਇਹ ਕਤਲ ਹੋਇਆ ਹੈ। ਪੁਲਿਸ ਅਨੁਸਾਰ ਮ੍ਰਿਤਕ ਸਤਨਾਮ ਸਿੰਘ ਸੱਤਾ ਖਿਲਾਫ ਵੀ ਛੇ ਮੁਕੱਦਮੇ ਦਰਜ ਹਨ। ਮ੍ਰਿਤਕ ਲੱਖਾ ਸਿਧਾਣਾ ਦਾ ਬੇਹੱਦ ਕਰੀਬੀ ਸਾਥੀ ਦੱਸਿਆ ਜਾਂਦਾ ਹੈ।

Advertisement
Advertisement
Advertisement
Advertisement
error: Content is protected !!