ਲੋਕੇਸ਼ ਕੌਸ਼ਲ, ਬਠਿੰਡਾ 1 ਫਰਵਰੀ 2025
ਕੇਂਦਰ ਦੀ ਮੋਦੀ ਸਰਕਾਰ ਵਿੱਚ 8 ਵਾਂ ਬਜਟ ਪੇਸ਼ ਕਰ ਰਹੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਵਿਕਾਸ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਹਰ ਵਰਗ ਲਈ ਬਜਟ ਵਿੱਚ ਨਵੇਂ ਮੌਕੇ ਦੇਣ ਦਾ ਭਾਜਪਾ ਨੇਤਾ ਸੰਦੀਪ ਅਗਰਵਾਲ ਨੇ ਸਵਾਗਤ ਕੀਤਾ। ਭਾਜਪਾ ਨੇਤਾ ਸੰਦੀਪ ਅਗਰਵਾਲ ਨੇ ਕਿਹਾ ਕਿ ਗਰੀਬਾਂ ਦੇ ਵਿਕਾਸ ਅਤੇ ਹਰ ਵਰਗ ਨੂੰ ਸਮਰਥ ਬਣਾਉਣ ਲਈ ਕੰਮ ਕਰ ਰਹੀ ਮੋਦੀ ਸਰਕਾਰ ਨੇ ਬਜਟ ਵਿੱਚ ਹਰ ਕਿਸੇ ਨੂੰ ਰਾਹਤ ਦਿੱਤੀ ਹੈ। ਮਿਡਲ ਕਲਾਸ ਲਈ 12 ਲੱਖ ਤੱਕ ਦੀ ਕਰ ਵਵਸਥਾ ਵਿੱਚ ਛੋਟ ਦੇਣਾ ਅਤੇ 4 ਸਾਲ ਦਾ ਰਿਟਰਨ ਇੱਕੋ ਵਾਰ ਭਰਨਾ ਇੱਕ ਵੱਡਾ ਕਦਮ ਹੈ। ਇਸ ਨਾਲ ਵਪਾਰ ਹੋਰ ਪ੍ਰਫੁੱਲਤ ਹੋਵੇਗਾ।
ਉੱਥੇ ਹੀ ਕਿਸਾਨਾਂ ਲਈ ਕਰੈਡਿਟ ਕਾਰਡ ਦੀ ਸੀਮਾ 3 ਤੋਂ 5 ਲੱਖ ਕਰਨਾ ਕਿਸਾਨਾਂ ਦੇ ਵਿਕਾਸ ਵਿੱਚ ਸਹਾਇਕ ਹੋਵੇਗਾ। ਇਨ੍ਹਾਂ ਦੇ ਨਾਲ ਕਪਾਹ ਦੀ ਖੇਤੀ ਦੇ ਉਤਪਾਦਨ ਨੂੰ ਵਧਾਉਣ ਲਈ 5 ਲੱਖ ਤੱਕ ਦਾ ਪੈਕੇਜ ਅਤੇ ਖੇਤੀ ਲਈ ਉਚਿਤ ਮੁਆਵਜ਼ਾ ਕਿਸਾਨਾਂ ਦਾ ਉਤਸ਼ਾਹ ਅਤੇ ਆਮਦਨ ਵਧਾਉਣ ਵਿੱਚ ਮਦਦਗਾਰ ਹੋਵੇਗਾ।
ਸੰਦੀਪ ਅਗਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਦਵਾਈਆਂ ਤੇ ਟੈਕਸ ਘਟਾਉਣਾ ਅਤੇ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨਾ ਇਕ ਵੱਡੀ ਰਾਹਤ ਹੋਵੇਗੀ। ਇਸੇ ਤਰ੍ਹਾਂ ਮੈਡੀਕਲ ਵਿੱਚ ਸੀਟਾਂ ਵਧਾਉਣ ਨਾਲ ਦੇਸ਼ ਦੇ ਨੌਜਵਾਨ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਗੇ। ਸ਼ਹਿਰੀ ਗਰੀਬਾਂ ਅਤੇ ਕਮਜ਼ੋਰ ਵਰਗਾਂ ਲਈ ਕੰਮ ਕਰ ਰਹੀ ਮੋਦੀ ਸਰਕਾਰ ਮਜ਼ਦੂਰਾਂ ਦੀ ਆਮਦਨ ਵਧਾਉਣ ਲਈ ਇੱਕ ਨਵੀਂ ਯੋਜਨਾ ਲਿਆਂਉਣ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਸਵਨਿਧਿ ਯੋਜਨਾ ਤਹਿਤ 68 ਲੱਖ ਲੋਕਾਂ ਨੂੰ ਲਾਭ ਮਿਲਿਆ ਹੈ। ਹੁਣ ਪੀਐਮ ਸਵਨਿਧਿ ਯੋਜਨਾ ਅੰਦਰ ਸਟਰੀਟ ਵੈਂਡਰਜ਼ ਨੂੰ ਲੋਨ ਦੀ ਰਕਮ 30 ਹਜ਼ਾਰ ਰੁਪਏ ਹੋਵੇਗੀ, ਜਿਸ ਨਾਲ ਸ਼ਹਿਰੀ ਗਰੀਬਾਂ ਦੀ ਹਾਲਤ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਦੀ ਤਰੱਕੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਨਕਾਰਾਤਮਕਤਾ ਛੱਡ ਕੇ ਦੇਸ਼ ਦੇ ਵਿਕਾਸ ਵਿੱਚ ਸਾਥ ਦੇਣਾ ਚਾਹੀਦਾ ਹੈ।