DSP ਕੁਲਵਿੰਦਰ ਸਿੰਘ ਨੂੰ ਅੱਜ ਫਿਰ ਜਲੰਧਰ ਅਦਾਲਤ ਵਿੱਚ ਕੀਤਾ ਹੋਇਆ ਤਲਬ…NDPS Act ਵਿੱਚ ਭਰੀ ਸੀ ਕੈਂਸਲੇਸ਼ਨ
ਹਰਿੰਦਰ ਨਿੱਕਾ, ਚੰਡੀਗੜ੍ਹ 1 ਫਰਵਰੀ 2025
ਪੰਜਾਬ ਅੰਦਰ 22 ਵੱਖੋ-ਵੱਖਰੀਆਂ ਥਾਵਾਂ ਤੇ ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਨਸ਼ੀਲੀਆਂ ਗੋਲੀਆਂ ਵੇਚਣ ਅਤੇ ਵਿਕਾਉਣ ਦੇ ਧੰਦੇ ਦਾ ਮੁੱਖ ਸਰਗਨਾ ਡਾਕਟਰ ਅਮਿਤ ਬਾਂਸਲ ਬੇਸ਼ੱਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ ਹੈ। ਪਰ ਹੁਣ ਪੰਜਾਬ ਵਿਜੀਲੈਂਸ ਬਿਊਰੋ ਮੋਹਾਲੀ ਦਾ ਫਲਾਇੰਗ ਸੁਕੈਅਡ, ਡਾਕਟਰ ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਵੱਡੇ ਡਰੱਗ ਰੈਕਟ ਵਿੱਚ ਪੁਲਿਸ ਅਫਸਰਾਂ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਨੂੰ ਖੰਗਾਲਣ ਵਿੱਚ ਰੁੱਝਿਆ ਹੋਇਆ ਹੈ। ਵਿਜੀਲੈਂਸ ਬਿਊਰੋ ਮੋਹਾਲੀ ਦੇ ਫਲਾਇੰਗ ਸੁਕੈਅਡ ਪੰਜਾਬ 1 ਦੇ ਡੀਐਸਪੀ ਤੇਜਿੰਦਰ ਪਾਲ ਸਿੰਘ ਵੱਲੋਂ ਬਕਾਇਦਾ ਸਫਾ ਮਿਸਲ ਤੇ ਇਸ ਦਾ ਜਿਕਰ ਕੀਤਾ ਗਿਆ ਹੈ। ਉਨ੍ਹਾਂ ਕੋਲ ਉਪਲੱਭਧ ਪੁਖਤਾ ਸੂਚਨਾ ਅਨੁਸਾਰ ਡਰੱਗ ਰੈਕਟ ਵਿੱਚ ਪੁਲਿਸ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸਿਹਤ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਦੇ ਕਰਮਚਾਰੀਆਂ ਦੇ ਸ਼ੱਕੀ ਰੋਲ ਵੱਲ ਇਸ਼ਾਰਾ ਮਿਲਦਾ ਹੈ।
ਕੀ ਹੈ ਨਸ਼ਾ ਛੁਡਾਊ ਕੇਂਦਰਾਂ ਦਾ ਗੋਰਖਧੰਦਾ..
ਵਿਜੀਲੈਂਸ ਬਿਊਰੋ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਡੀ-ਅਡਿਕਸ਼ਨ ਸੈਂਟਰ (ਨਸ਼ਾ ਛੁਡਾਉ ਕੇਂਦਰ) ਚੱਲ ਰਹੇ ਹਨ। ਇਹਨਾਂ ਨਸ਼ਾ ਛੁਡਾਊ ਕੇਂਦਰਾਂ ਦਾ ਲਾਈਸੰਸ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਵਿਭਾਗ, ਪੰਜਾਬ ਤੋਂ ਹਾਸਲ ਕੀਤਾ ਜਾਂਦਾ ਹੈ । ਇਹਨਾਂ ਨਸ਼ਾ ਛੁਡਾਉ ਕੇਂਦਰਾਂ ਵਿੱਚ ਮਰੀਜਾਂ ਨੂੰ Addnok-N 0.4 ਅਤੇ Addnok-N 2.0 (Buprenorphine & Naloxone) ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਸ ਸਬੰਧੀ ਮਰੀਜ ਦੀ ਅਧਾਰ ਬੇਸਿਜ਼ ਆਈ.ਡੀ ਜਨਰੇਟ ਹੁੰਦੀ ਹੈ ਅਤੇ ਸਰਕਾਰੀ ਪੋਰਟਲ ਤੇ ਦਵਾਈ Dispence ਹੋਣ ਬਾਰੇ ਇੰਦਰਾਜ ਕੀਤਾ ਜਾਂਦਾ ਹੈ। ਡਾਕਟਰ ਅਮਿਤ ਬਾਂਸਲ ਦੇ 22 ਡੀ-ਅਡਿਕਸ਼ਨ ਸੈਂਟਰ (ਨਸ਼ਾ ਛੁਡਾਊ ਕੇਂਦਰ) ਹਨ।ਇਹ ਵਿਅਕਤੀ ਨਸ਼ਾ ਛੁਡਾਉਣ ਦੀ ਆੜ ਵਿੱਚ ਨਸ਼ੀਲਿਆਂ ਗੋਲੀਆਂ ਵੇਚਣ ਅਤੇ ਵਿਕਾਉਣ ਦਾ ਧੰਦਾ ਕਰਦਾ ਹੈ ਅਤੇ ਆਪਣੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾਹਲੀ ਆਈ.ਡੀਆਂ ਦੇ ਅਧਾਰ ਤੇ ਨਸ਼ੀਲਿਆਂ ਗੋਲੀਆਂ ਆਪਣੇ ਨਸ਼ਾ ਛੁਡਾਓ ਕੇਂਦਰਾਂ ਤੋਂ ਬਾਹਰ ਵੀ ਵੇਚਦਾ ਹੈ। ਡੀਐਸਪੀ ਵਿਜੀਲੈਂਸ ਤੇਜਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਮੁਕੱਦਮਾਂ ਦੀ ਤਫਤੀਸ਼ ਦੌਰਾਨ ਸਿਹਤ ਵਿਭਾਗ ਦੇ ਸਬੰਧਿਤ ਹੋਰ ਅਧਿਕਾਰੀਆਂ/ਕਰਮਚਾਰੀਆਂ ਅਤੇ ਪੁਲਿਸ ਵਿਭਾਗ ਦੇ ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਦਾ ਰੋਲ ਵਿਚਾਰਿਆ ਜਾਵੇਗਾ।

ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਕੋਲ ਅਜਿਹੀ ਜਾਣਕਾਰੀ ਦਾ ਠੋਸ ਅਧਾਰ ਇਹ ਵੀ ਹੈ ਕਿ ਡਾਕਟਰ ਅਮਿਤ ਬਾਂਸਲ ਤੇ ਉਸ ਦੇ ਹੋਰ ਸਾਥੀਆਂ ਖਿਲਾਫ ਲੁਧਿਆਣਾ ਦੇ ਸਿਮਰਨ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਅਤੇ ਜਿਲਾ ਜਲੰਧਰ ਦੇ ਨਕੋਦਰ ਵਿਖੇ ਚੱਲਦੇ ਸਹਿਜ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰਾਂ ਸਬੰਧੀ ਦਰਜ ਕੇਸਾਂ ਦੀ ਤਫਤੀਸ਼ ਬਹੁਤੀ ਅਸਰਦਾਰ ਢੰਗ ਨਾਲ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਲੁਧਿਆਣਾ ਵਾਲੇ ਕੇਸ ਵਿੱਚ ਅਦਾਲਤ ਵਿੱਚੋਂ ਡਾਕਟਰ ਅਮਿਤ ਦੀ ਜਮਾਨਤ ਵੀ ਰਿਜੈਕਟ ਹੋ ਚੁੱਕੀ ਸੀ। ਨਸ਼ਾ ਛੁਡਾਊ ਕੇਂਦਰ ਵਿੱਚੋਂ ਘੱਟ ਮਿਲੀਆਂ ਗੋਲੀਆਂ ਨੂੰ ਪੂਰਿਆ ਕਰਨ ਦਾ ਯਤਨ ਵੀ ਬਾਅਦ ਵਿੱਚ ਕੀਤਾ ਗਿਆ। ਇਸੇ ਤਰਾਂ ਹੀ ਸਹਿਜ ਹਸਪਤਾਲ ਸਬੰਧੀ ਦਰਜ਼ ਐਨਡੀਪੀਐਸ ਤੇ ਕੇਸ ਵਿੱਚ ਤਾਂ ਪੁਲਿਸ ਨੇ ਐਫਆਈਆਰ ਦੀ ਕੈਂਸਲੇਸ਼ਨ ਰਿਪੋਰਟ ਵੀ ਅਦਾਲਤ ਵਿੱਚ ਪੇਸ਼ ਕਰ ਰੱਖੀ ਹੈ। ਬੇਸ਼ੱਕ ਇਹ ਕੈਂਸਲੇਸ਼ਨ ਰਿਪੋਰਟ ਤੇ ਸਹਿਮਤੀ ਦੇਣ ਤੋਂ ਮੁਦਈ ਤਤਕਾਲੀ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਨੇ ਅਦਾਲਤ ਵਿੱਚ ਹਿੱਕ ਡਾਹ ਕੇ ਅੜਿੱਕਾ ਲਾਇਆ ਹੋਇਆ ਹੈ। ਅਦਾਲਤ ਵੱਲੋਂ ਕੈਂਸਲੇਸ਼ਨ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਫਾਰਵਰਡ ਕਰਨ ਵਾਲੇ ਡੀਐਸਪੀ ਕੁਲਵਿੰਦਰ ਸਿੰਘ ਨੂੰ ਤਲਬ ਕੀਤਾ ਜਾ ਰਿਹਾ ਹੈ। ਜਿਹੜੇ ਵਾਰ ਵਾਰ ਅਦਾਲਤ ਵਿੱਚ ਪੇਸ਼ ਹੋਣ ਤੋਂ ਝਿਜਕ ਰਹੇ ਹਨ। ਪਰੰਤੂ 18 ਜਨਵਰੀ ਤੋਂ ਬਾਅਦ ਅੱਜ ਫਿਰ ਇੱਕ ਫਰਵਰੀ ਨੂੰ ਮਾਨਯੋਗ ਜਲੰਧਰ ਅਦਾਲਤ ਵੱਲੋਂ ਤਲਬ ਕੀਤਾ ਹੋਇਆ ਹੈ। ਉਹ ਅੱਜ ਅਦਾਲਤ ਵਿੱਚ ਪੇਸ਼ ਹੋਏ ਹਨ ਜਾਂ ਨਹੀਂ ਇਸ ਬਾਰੇ ਖਬਰ ਲਿਖੇ ਜਾਣ ਤੱਕ ਕੋਈ ਸੂਚਨਾ ਉਪਲੱਭਧ ਨਹੀਂ ਹੈ। 

ਕੀ ਹੈ ਪੂਰਾ ਮਾਮਲਾ ..ਡੀਸੀ ਨੇ ਕਿਉਂ ਕਰਵਾਈ ਸੀ FIR
ਬਰਨਾਲਾ ਮੂਲ ਦੇ ਰਹਿਣ ਵਾਲੇ ਤੇ ਚੰਡੀਗੜ੍ਹ ਵਾਸੀ ਡਾਕਟਰ ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇੱਕ ਸਕਿਓਰਿਟੀ ਗਾਰਡ ਵੱਲੋਂ ਹਸਪਤਾਲ ਵਿੱਚ ਨਸ਼ਾ ਵੇਚਣ ਬਾਰੇ ਵੀਡੀਓ ਜਨਤਕ ਹੋਈ ਸੀ। ਜਿਸ ਬਾਰੇ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਤੇ ਮੌਕੇ ਦੇ ਡੀਸੀ ਜਲੰਧਰ ਜਸਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਇੱਕ ਟੀਮ ਰਾਹੀਂ ਸਹਿਜ ਹਸਪਤਾਲ ਨਕੋਦਰ ਦੀ ਇੰਸਪੈਕਸਨ ਕਰਵਾਈ ਗਈ ਸੀ। ਇੰਸਪੈਕਸ਼ਨ ਦੌਰਾਨ ਸਹਿਜ ਹਸਪਤਾਲ ਦੇ ਉਪਲੱਭਧ ਸਟਾਕ ਰਿਕਾਰਡ ਵਿੱਚ 1 ਲੱਖ 44 ਹਜ਼ਾਰ Addnok-N (0.4/01) ਗੋਲੀਆਂ ਘੱਟ ਨਿਕਲੀਆਂ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਮੁਕੱਦਮਾ ਨੰਬਰ 64 ਮਿਤੀ 8 ਜੂਨ 2024 ਦਰਜ ਰਜਿਸਟਰ ਹੋਇਆ ਸੀ। ਕੇਸ ਦਰਜ ਤਾਂ ਹੋਇਆ ਪਰੰਤੂ, ਪੁਲਿਸ ਅਧਿਕਾਰੀ ਤਫਤੀਸ਼ ਨੂੰ ਅੱਗੇ ਤੋਰਨ ਦੀ ਬਜਾਏ,ਉਸ ਨੂੰ ਰੱਦ ਕਰਨ ਲਈ ਪੱਬਾਂ ਭਾਰ ਹੋ ਗਏ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਬਜਾਏ, ਕੇਸ ਦੀ ਕੈਂਸਲੇਸ਼ਨ ਰਿਪੋਰਟ, ਬਿਨ੍ਹਾਂ ਸਰਕਾਰੀ ਵਕੀਲ ਤੋਂ ਫਾਰਵਰਡ ਕਰਵਾਏ ਹੀ, ਅਦਾਲਤ ਵਿੱਚ ਪੇਸ਼ ਕਰ ਦਿੱਤੀ। ਨਕੋਦਰ ਕੇਸ ਦੀ ਫਲੈਸ਼ਬੈਕ…

ਐਫ.ਆਈ.ਆਰ. ਨੰਬਰ 64, ਮਿਤੀ 8 ਜੂਨ 2024 ਵਿੱਚ ਦਰਜ ਹੈ ਕਿ ਹਸਪਤਾਲ ‘ਚੋਂ ਮਿਲੀਆਂ 102 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਇੱਕੋ ਵਿਅਕਤੀ ਵੱਲੋਂ ਕੀਤੇ ਗਏ ਜਾਪਦੇ ਹਨ। 154 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਐਡਵਾਂਸ ਵਿੱਚ ਹੀ ਕਰਵਾਏ ਹੋਏ ਹੋਏ ਹਨ। ਜਦੋਂ ਕਿ ਉਹਨਾਂ ਫਾਈਲਾਂ ਵਿਚ ਨਾ ਤਾਂ ਕੋਈ ਦਵਾਈ ਦਾ ਜਿਕਰ ਹੈ ਤੇ ਨਾ ਹੀ ਕਿਸੇ ਸਟਾਫ ਦੇ ਦਸਤਖਤ ਹੋਏ ਸਨ ਅਤੇ ਪੋਰਟਲ ਤੋਂ ਵੀ ਦਵਾਈ ਡਿਸਪੈਂਸ ਨਹੀਂ ਕੀਤੀ ਗਈ ਸੀ।
- ਡਾ. ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਾਜਬਾਜ ਕਰਕੇ, ਉਕਤ ਘੱਟ ਮਿਲੀਆਂ ਗੋਲੀਆਂ, ਸਬੰਧੀ ਫਰਜੀ ਰਿਕਾਰਡ ਤਿਆਰ ਕਰਕੇ ਇਹ ਗੋਲੀਆਂ Rusan Pharma ਕੰਪਨੀ ਨੂੰ ਵਾਪਸ ਭੇਜੀਆਂ ਦਿਖਾ ਦਿੱਤੀਆਂ ਗਈਆਂ ਤੇ ਪੁਲਿਸ ਨੇ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। ਤਾਂਕਿ ਇਹ ਚੈਪਟਰ ਹਮੇਸ਼ਾ ਲਈ ਕਲੋਜ਼ ਹੋ ਜਾਵੇ।
- ਡਾ. ਅਮਿਤ ਬਾਂਸਲ ਕੁੱਝ ਵਰ੍ਹੇ ਪਹਿਲਾਂ ਤੱਕ ਬਰਨਾਲਾ ਸ਼ਹਿਰ ‘ਚ ਅਮਿਤ ਸਕੈਨ ਸੈਂਟਰ ਚਲਾ ਰਿਹਾ ਸੀ।
- ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਬਣੇ ਡਾਕਟਰ ਅਮਿਤ ਬਾਂਸਲ ਖਿਲਾਫ ਵਿਜੀਲੈਂਸ ਬਿਊਰੋ ਫਲਾਇੰਗ ਸੁਕੈਅਡ 1 ਮੋਹਾਲੀ ਦੀ ਟੀਮ ਨੇ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਉਸ ਨੂੰ ਗ੍ਰਿਰਫਤਾਰ ਕਰ ਲਿਆ ਸੀ । ਸਿਹਤ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਤੇ ਡਾਕਟਰ ਅਮਿਤ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਸਸਪੈਂਡ ਕਰਕੇ,ਉਨਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ।