ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਚੁਕਾਈ
ਸਕੂਲ ਦੇ ਬੱਚਿਆਂ ਨੂੰ ਚਾਈਨਾ ਡੋਰ ਦੇ ਮਾੜੇ ਨਤੀਜਿਆਂ ਬਾਰੇ ਕੀਤਾ ਜਾਗਰੂਕ
ਰਘਵੀਰ ਹੈਪੀ, ਬਰਨਾਲਾ 1 ਫਰਵਰੀ 2025
ਇਲਾਕੇ ਦੀ ਮੰਨੀ-ਪ੍ਰਮੰਨੀ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਬਸੰਤ ਮੌਕੇ ਚਾਈਨਾ ਡੋਰ ਨਾਲ ਪਤੰਗ ਨਾ ਉਡਾਉਣ ਦੀ ਸਹੁੰ ਚੁਕਾਈ ਗਈ। ਇਸ ਗਤੀਵਿਧੀ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਵਿਦਿਆਰਥੀਆਂ ਨੇ ਚਾਈਨਾ ਡੋਰ ਉੱਪਰ ਬਹੁਤ ਸਾਰੇ ਪੋਸਟਰ ਵੀ ਬਣਾਏ ਹੋਏ ਸਨ। ਜਿਸ ਵਿਚ ਚਾਈਨਾ ਡੋਰ ਖ਼ਤਰਨਾਕ ਹੈ, ਦੇ ਸਲੋਗਨ ਸਨ। ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਇਸ ਖੂਨੀ ਡੋਰ ਦੇ ਮਾੜੇ ਨਤੀਜੇ ਬੱਚਿਆਂ ਨੂੰ ਦਿਖਾਏ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਡੋਰ ਜਾਨ ਲੇਵਾ ਹੈ। ਬੱਚਿਆਂ ਨੂੰ ਜਾਗਰੂਕ ਕਰਨ ਲਈ ਹਰ ਉਹ ਤਰੀਕਾ ਦੱਸਿਆ ਗਿਆ ਜਿਸ ਨਾਲ ਬੱਚਿਆਂ ਵਿਚ ਇਸ ਡੋਰ ਪ੍ਰਤੀ ਡਰ ਪੈਦਾ ਹੋਵੇ ਅਤੇ ਇਸ ਡੋਰ ਨੂੰ ਖਰੀਦਣ ਤੋਂ ਪ੍ਰਹੇਜ ਕਰਨ।
ਸਕੂਲ ਦੇ ਪ੍ਰਿੰਸੀਪਲ ਵੀ. ਕੇ. ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਂਸਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਗਤੀਵਿਧੀ ਰਾਹੀਂ ਬਹੁਤ ਕੁੱਝ ਸਿੱਖਿਆ ਅਤੇ ਸਮਝਿਆ। ਬੱਚਿਆਂ ਨੂੰ ਕਿਹਾ ਕਿ ਇਹ ਸਾਡੀ ਜਿਮੇਵਾਰੀ ਬਣਦੀ ਹੈ ਕਿ ਅਸ਼ੀ ਕਿਸੇ ਦੇ ਨੁਕਸਾਨ ਦਾ ਕਾਰਣ ਨਾ ਬਣੀਏ। ਆਪਣੇ ਮਾਪਿਆਂ ਤੋਂ ਭਾਰਤ ਵਿਚ ਬਣੀ ਹੋਈ ਡੋਰ ਜੋ ਧਾਗਿਆਂ ਨਾਲ ਬਣਾਈ ਜਾਂਦੀ ਹੈ, ਹੀ ਮੰਗਵਾਈਏ ਅਤੇ ਉਸ ਨਾਲ ਬਸੰਤ ਮੌਕੇ ਪਤੰਗ ਉਡਾਈਏ ਅਤੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਈਏ। ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਆਪਣੇ ਆਲੇ- ਦੁਆਲੇ ਨੂੰ ਵੀ ਜਾਗਰੂਕ ਕਰੋ ਕਿ ਉਹ ਵੀ ਇਸ ਖੂਨੀ ਡੋਰ ਨਾਲ ਪਤੰਗ ਨਾ ਉਡਾਉਣ ਅੰਤ ਵਿਚ ਸਾਰੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿਤੀ।
ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਚੀਨੀ ਧਾਗਾ ਆਮ ਧਾਗੇ ਨਾਲੋਂ ਬਹੁਤ ਤਿੱਖਾ ਹੁੰਦਾ ਹੈ। ਤਿੱਖਾ ਹੋਣ ਦੇ ਨਾਲ-ਨਾਲ, ਇਹ ਇੱਕ ਬਿਜਲੀ ਚਾਲਕ ਵੀ ਹੈ, ਜਿਸ ਕਾਰਨ ਇਸ ਨੂੰ ਹੋਰ ਵੀ ਖਤਰਨਾਕ ਮੰਨਿਆ ਜਾਂਦਾ ਹੈ। ਦਰਅਸਲ, ਇਲੈਕਟ੍ਰਿਕ ਕੰਡਕਟਰ ਹੋਣ ਕਾਰਣ, ਚੀਨੀ ਮਾਂਝੇ ਤੋਂ ਬਿਜਲੀ ਦੇ ਝਟਕੇ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਤੋਂ ਇਲਾਵਾ, ਇਹ ਮਾਂਝਾ ਆਸਾਨੀ ਨਾਲ ਨਹੀਂ ਟੁੱਟਦਾ ਅਤੇ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਕਈ ਵਾਰ ਦੋਪਹੀਆ ਵਾਹਨ ਚਾਲਕ ਦੀ ਗਰਦਨ ਵਿੱਚ ਫਸਣ ਕਾਰਨ ਮੌਤ ਵੀ ਹੋ ਜਾਂਦੀ ਹੈ। ਕਈ ਪੰਛੀ ਵੀ ਇਸ ਨਾਲ ਕੱਟਦੇ ਹਨ। ਕਈ ਹਾਦਸਿਆਂ ਵਿਚ ਬੱਚਿਆਂ ਨੂੰ ਇਸ ਡੋਰ ਨਾਲ ਕਰੰਟ ਲਗਣ ਦੇ ਵੀ ਨਤੀਜੇ ਦੇਖੇ ਗਏ ਹਨ ਅਤੇ ਇਹ ਡੋਰ ਬੱਚਿਆਂ ਦੀ ਮੌਤ ਦਾ ਕਾਰਣ ਵੀ ਬਣੀ ਹੈ। ਇਸ ਕਰਕੇ ਸਕੂਲ ਵਿੱਚ ਇਸ ਪ੍ਰਕਾਰ ਦਾ ਜਾਗਰੂਕਤਾ ਅਭਿਆਨ ਟੰਡਨ ਸਕੂਲ ਵੱਲੋਂ ਹੁੰਦਾ ਰਹਿੰਦਾ ਹੈ।
ਸ਼ਿਵ ਸਿੰਗਲਾ ਨੇ ਕਿਹਾ ਕਿ ਅਸੀਂ ਸਾਰਿਆਂ ਮਾਪਿਆਂ ਨੂੰ ਹੱਥ ਜੋੜਕੇ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ , ਆਪਣੇ ਬੱਚਿਆਂ ਨੂੰ ਖਰੀਦ ਕੇ ਨਾ ਦਿਤੀ ਜਾਵੇ ਅਤੇ ਜੋ ਇਸ ਡੋਰ ਨੂੰ ਵੇਚ ਰਿਹਾ ਹੈ, ਉਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਜਾਵੇ, ਤਾਂ ਜੋ ਉਸ ਲਾਲਚੀ ਇਨਸਾਨ ਉੱਪਰ ਕਾਰਵਾਈ ਹੋਵੇ ਅਤੇ ਬਹੁਤ ਸਾਰੇ ਹਾਦਸੇ ਹੋਣ ਤੋਂ ਬਚ ਜਾਣ । ਟੰਡਨ ਸਕੂਲ ਨੇ ਇਸ ਜਾਗਰੂਕਤਾ ਅਭਿਆਨ ਵਿਚ ਆਪਣੀ ਭਾਗੀਦਾਰੀ ਦੇ ਦਿਤੀ ਹੈ ਅਤੇ ਹੁਣ ਸਰਕਾਰ ਦੀ ਬਾਰੀ ਹੈ ਕਿ ਉਹ ਕਿਸ ਪ੍ਰਕਾਰ ਇਸ ਨੂੰ ਰੋਕਦੀ ਹੈ। ਅੰਤ ਵਿਚ ਸਾਰਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿਤੀ।