ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਟੀਮ ਨੇ ਕੀਤੀ ਕਾਰਵਾਈ
ਰਾਜੇਸ਼ ਗਰਗ, ਜ਼ੀਰਕਪੁਰ 16 ਜਨਵਰੀ 2025
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਜਾਰੀ ਪੱਤਰ ਤੋਂ ਬਾਅਦ, ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਦੇ ਹੁਕਮਾਂ ‘ਤੇ ਅੱਜ ਜ਼ੀਰਕਪੁਰ ਦੇ ਸੁਖਮਨ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ। ਟੀਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਪਰਵਿੰਦਰ ਪਾਲ ਕੌਰ, ਐਸਡੀਐਮ ਡੇਰਾਬੱਸੀ ਅਮਿਤ ਗੁਪਤਾ, ਡਰੱਗਜ਼ ਕੰਟਰੋਲ ਅਫ਼ਸਰ ਜੈ ਜੈ ਕਾਰ ਸਿੰਘ, ਨਾਇਬ ਤਹਿਸੀਲਦਾਰ ਜ਼ੀਰਕਪੁਰ ਰਮਨਦੀਪ ਸਿੰਘ ਮੌਜੂਦ ਸਨ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਟੀਮ ਵੱਲੋਂ ਸੁਖਮਨ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਅਤੇ ਹਸਪਤਾਲ ਵਿੱਚ ਹੀ ਸਾਰਾ ਰਿਕਾਰਡ ਅਤੇ ਦਵਾਈਆਂ ਵੀ ਸੀਲ ਕਰ ਦਿੱਤੀਆਂ ਗਈਆਂ ਹਨ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਾਰੇ ਮਰੀਜ਼ ਸੈਕਟਰ 66 ਮੋਹਾਲੀ ਤੋਂ ਆਪਣੀ ਆਈਡੀ ਬਣਵਾ ਕੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਕਮਿਊਨਿਟੀ ਹੈਲਥ ਸੈਂਟਰ ਢਕੋਲੀ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ, ਸਰਕਾਰੀ ਹਸਪਤਾਲਾਂ ਤੋਂ ਸਾਰੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਅਧਿਕਾਰੀਆਂ ਅਨੁਸਾਰ ਇਸ ਹਸਪਤਾਲ ਦੇ ਮਾਲਕ ਡਾਕਟਰ ਅਮਿਤ ਬਾਂਸਲ ਦੇ ਪੰਜਾਬ ਭਰ ‘ਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਨੂੰ ਸੀਲ ਕੀਤਾ ਜਾ ਰਿਹਾ ਹੈ, ਇਸੇ ਕੜੀ ਤਹਿਤ ਅੱਜ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ, ਹਸਪਾਤਲ ਵਿੱਚ ਕੋਈ ਵੀ ਮਰੀਜ਼ ਮੌਕੇ ‘ਤੇ ਦਾਖਲ ਨਹੀਂ ਪਾਇਆ ਗਿਆ। ਪਰੰਤੂ 50 ਤੋਂ ਵੱਧ ਮਰੀਜ਼ ਹਸਪਤਾਲ ਦੇ ਬਾਹਰ ਆਉਂਦੇ-ਜਾਂਦੇ ਅਤੇ ਖੜ੍ਹੇ ਜਰੂਰ ਦੇਖੇ ਗਏ। ਜਾਣਕਾਰੀ ਅਨੁਸਾਰ, ਸੁਖਮਨ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਡਾ. ਅਮਿਤ ਬਾਂਸਲ ਵਿਰੁੱਧ ਨਸ਼ਾ ਛੁਡਾਊ ਕੇਂਦਰਾਂ ਵਿੱਚ ਬੇਨਿਯਮੀਆਂ ਦੇ ਸਬੰਧ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਾਜਬਾਜ ਕਰਕੇ, ਇਹ ਧੰਦਾ ਚਲਾਇਆ ਜਾ ਰਿਹਾ ਸੀ। ਜਿਸ ਦੇ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕੈਅਡ ਦੀ ਟੀਮ ਵੱਲੋਂ ਵਿਜੀਲੈਂਸ ਦੇ ਥਾਣਾ ਮੋਹਾਲੀ ਵਿਖੇ 31 ਦਸੰਬਰ 2024 ਨੂੰ ਅਧੀਨ ਜੁਰਮ 7/7ਏ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ 120 ਬੀ ਆਈਪੀਸੀ ਤਹਿਤ ਐਫਆਈਆਰ ਦਰਜ ਕੀਤੀ ਹੋਈ ਹੈ। ਇਸ ਕੇਸ ਨੂੰ ਅਧਾਰ ਬਣਾ ਕੇ ਹੀ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਡਾ. ਅਮਿਤ ਬਾਂਸਲ ਇਸ ਸਮੇਂ ਨਿਆਇਕ ਹਿਰਾਸਤ ਵਿੱਚ ਜੇਲ੍ਹ ਬੰਦ ਹੈ। ਇਸ ਸਬੰਧੀ ਡਰੱਗ ਇੰਸਪੈਕਟਰ ਮੋਹਾਲੀ ਜੈ ਜੈ ਕਾਰ ਸਿੰਘ ਨੇ ਕਿਹਾ ਕਿ ਅਸੀਂ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ।