17 ਜਨਵਰੀ ਤੱਕ ਪੇਂਡੂ ਯੂਥ ਕਲੱਬ ਅਰਜ਼ੀਆਂ ਜਮ੍ਹਾਂ ਕਰਵਾਉਣ – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ
ਅਦੀਸ਼ ਗੋਇਲ, ਬਰਨਾਲਾ 1 ਜਨਵਰੀ 2025
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਵੱਲੋਂ ਵਿਭਾਗ ਨਾਲ ਐਫੀਲੀਏਟਿਡ ਪੇਂਡੂ ਖੇਤਰ ਦੇ ਯੂਥ ਕਲੱਬਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਅਰਜ਼ੀਆਂ ਦੀ ਮੰਗ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਗ੍ਰਾਂਟ ਕੇਵਲ ਪਿਛਲੇ ਤਿੰਨ ਸਾਲ ਤੋਂ ਪਿੰਡ ਪੱਧਰ ‘ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਆਧਾਰ ‘ਤੇ ਯੁਵਕ ਸੇਵਾਵਾਂ ਵਿਭਾਗ ਨਾਲ ਐਫਲੀਏਟਿਡ ਪੇਂਡੂ ਯੂਥ ਕਲੱਬਾਂ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇੱਕ ਐਕਟਿਵ ਯੂਥ ਕਲੱਬ (ਪਿੱਛਲੇ 2 ਸਾਲ ਦੀ ਜਮੀਨੀ ਪੱਧਰ ਦੀਆਂ ਗਤੀਵਿਧੀਆਂ ਦਾ ਆਧਾਰ) ਨੂੰ ਵੱਧ ਤੋਂ ਵੱਧ 50,000 ਰੁਪਏ (ਕੇਵਲ ਪੰਜਾਹ ਹਜ਼ਾਰ ਰੁਪਏ) ਦੀ ਹੀ ਗ੍ਰਾਂਟ ਜਾਰੀ ਕੀਤੀ ਜਾਵੇ।
ਗ੍ਰਾਂਟ ਹਾਸਲ ਕਰਨ ਵਾਲੇ ਲਾਭਪਾਤਰੀ (ਕਲੱਬ) ਦੀ ਸਹੀ ਸ਼ਨਾਖਤ/ਫੋਟੋ ਆਈ.ਡੀ. ਕਾਰਡ/ ਐਫਲੀਏਸ਼ਨ ਨੰਬਰ ਦਾ ਸਹੀ ਰਿਕਾਰਡ ਰੱਖਿਆ ਜਾਵੇਗਾ। ਗ੍ਰਾਂਟ ਜਾਰੀ ਕਰਨ ਉਪਰੰਤ ਲਾਭਪਾਤਰੀ (ਕਲੱਬ) ਤੋਂ ਗਰਾਂਟ ਦੀ ਪ੍ਰਾਪਤੀ ਦੀ ਰਸੀਦ ਲੈ ਕੇ ਨਾਲ ਹੀ ਅੰਡਰਟੇਕਿੰਗ ਲਈ ਜਾਵੇਗੀ ਕਿ ਰਾਸ਼ੀ ਜਾਰੀ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਜਿਸ ਮੰਤਵ ਲਈ ਰਾਸ਼ੀ ਜਾਰੀ ਹੋਈ ਹੈ, ਉਹ ਉਸੇ ਮੰਤਵ ਲਈ ਰਾਸ਼ੀ ਵਰਤਣਗੇ। ਪੇਂਡੂ ਯੂਥ ਕਲੱਬ ਵੱਲੋਂ ਅਰਜੀਆਂ ਦੀ ਮਿਤੀ ਪਹਿਲਾਂ 10 ਦਸੰਬਰ 2024 ਤੱਕ ਰੱਖੀ ਗਈ ਸੀ, ਜੋ ਕਿ ਹੁਣ ਵਧਾ ਕੇ 17 ਜਨਵਰੀ 2025 ਕੀਤੀ ਗਈ ਹੈ।
ਸਹਾਇਕ ਡਾਇਰੇਕਟਰ ਯੁਵਕ ਸੇਵਾਵਾਂ ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਐਕਟਿਵ ਯੂਥ ਕਲੱਬਾਂ ਨੂੰ ਜਾਰੀ ਕੀਤੀ ਜਾਣ ਵਾਲੀ ਗ੍ਰਾਂਟ ਵਿਚੋਂ ਖਰੀਦ ਜ਼ਿਲ੍ਹਾ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਨਿਯਮਾਂ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰ ‘ਤੇ ਜਾਰੀ ਕੀਤੀ ਗਈ ਗ੍ਰਾਂਟ ਦੀ ਘੱਟੋਂ-ਘੱਟ 32 ਫ਼ੀਸਦੀ ਰਾਸ਼ੀ ਦੇ ਲਾਭਪਾਤਰੀ ਅਨੁਸੂਚਿਤ ਜਾਤੀ ਤੋਂ ਹੋਏ ਯਕੀਨੀ ਬਣਾਏ ਜਾਣਗੇ। ਇਹ ਗ੍ਰਾਂਟ ਦਾ ਲਾਭ ਕੇਵਲ ਉਨ੍ਹਾਂ ਕਲੱਬਾਂ ਨੂੰ ਹੀ ਦਿੱਤਾ ਜਾਵੇ ਜਿਨ੍ਹਾਂ ਨੂੰ ਪਿੱਛਲੇ ਦੋ ਸਾਲਾਂ ਦੌਰਾਨ ਇਸ ਸਕੀਮ ਤਹਿਤ ਕੋਈ ਲਾਭ ਨਾ ਮਿਲਿਆ ਹੋਵੇ।