ਟੀਮ ਵਲੋਂ ਅਚਾਣਕ ਕੀਤੀ ਚੈਕਿੰਗ, ਫੜ੍ਹ ਲਏ ਚੀਨੀ ਡੋਰ ਦੇ 60 ਗੁੱਟ
ਸੋਨੀ ਪਨੇਸਰ, ਬਰਨਾਲਾ 1 ਜਨਵਰੀ 2025
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ – ਨਿਰਦੇਸ਼ਾਂ ਤਹਿਤ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਅਤੇ ਨਗਰ ਕੌਂਸਲ ਬਰਨਾਲਾ ਦੀ ਟੀਮ ਵਲੋਂ ਚੀਨੀ ਡੋਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ਼ਹਿਰ ਵਿੱਚ ਵੱਖ ਵੱਖ ਦੁਕਾਨਾਂ ‘ਤੇ ਚੈਕਿੰਗ ਕੀਤੀ ਗਈ।ਇਸ ਮੌਕੇ ਟੀਮ ਵਲੋਂ 60 ਗੁੱਟੇ ਚੀਨੀ ਡੋਰ ਜ਼ਬਤ ਕੀਤੀ ਗਈ।
ਇਸ ਮੌਕੇ ਟੀਮ ਮੈਂਬਰ ਜੂਨੀਅਰ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਗੁਰਸੇਵਕ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਅੰਕੁਸ਼ ਸਿੰਗਲਾ ਨੇ ਦੱਸਿਆ ਕਿ ਮੰਡੀ ਰੋਡ ਬਰਨਾਲਾ, ਕੇ ਸੀ ਰੋਡ ਬਰਨਾਲਾ, ਨੇੜੇ ਪ੍ਰਾਚੀਨ ਮੰਦਿਰ ਬਰਨਾਲਾ ਵਿਖੇ ਵੱਖ ਵੱਖ ਦੁਕਾਨਾਂ ‘ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਜਾਗਰੂਕ ਵੀ ਕੀਤਾ ਕਿ ਚੀਨੀ ਡੋਰ ਬਹੁਤ ਹੀ ਘਾਤਕ ਹੈ, ਜਿਸ ਨਾਲ ਮਨੁੱਖਾਂ ਅਤੇ ਪਸ਼ੂ ਪੰਛੀਆਂ ਦਾ ਨੁਕਸਾਨ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਇਨਾ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖਰੀਦਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੈ।