ਹਰਿੰਦਰ ਨਿੱਕਾ, ਬਠਿੰਡਾ 25 ਦਸੰਬਰ 2024
ਬਠਿੰਡਾ ਦੇ ਇੱਕ ਹਸਪਤਾਲ ‘ਚ ਡਿਊਟੀ ਕਰ ਰਹੀ ਇੱਕ ਨਰਸ ਦੀ ਬਾਥਰੂਮ ਵਿੱਚ ਨਹਾਉਂਦਿਆਂ ਵੀਡੀਓ ਬਣਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਨਰਸ ਦੀ ਸ਼ਕਾਇਤ ਦੇ ਅਧਾਰ ਤੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ,ਉਸ ਨੂੰ ਗ੍ਰਿਫਤਾਰ ਕਰਕੇ,ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਹੈ। ਹਰਿਆਣਾ ਰਾਜ ਦੀ ਰਹਿਣ ਵਾਲੀ ਕਰੀਬ 28 ਕੁ ਵਰ੍ਹਿਆਂ ਦੀ ਇੱਕ ਨਰਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ,ਬਠਿੰਡਾ ਦੇ ਇੱਕ ਹਸਪਤਾਲ ਵਿੱਚ ਡਿਊਟੀ ਕਰਦੀ ਹੈ, ਤੇ ਥਾਣਾ ਸਦਰ ਬਠਿੰਡਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦੇ ਗੁਆਂਢ ਵਿੱਚ ਰਹਿੰਦਾ ਲੜਕਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ, ਉਸ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ। 21 ਦਸੰਬਰ 2024 ਨੂੰ ਉਹ ਆਪਣੇ ਬਾਥਰੂਮ ਵਿੱਚ ਨਹਾ ਰਹੀ ਸੀ ਤਾਂ ਉਦੋਂ ਖਿੜਕੀ ਦੇ ਕੋਲ ਇੱਕ ਮੋਬਾਇਲ ਫੋਨ ਪਿਆ ਸੀ, ਜਿਸ ਨੂੰ ਦੇਖਦਿਆਂ ਉਸ ਨੇ ਬਾਥਰੂਮ ਦੀ ਲਾਈਟ ਬੰਦ ਕਰ ਦਿੱਤੀ ਅਤੇ ਕੱਪੜੇ ਪਾ ਕੇ ਘਰੋਂ ਬਾਹਰ ਜਾ ਕੇ ਦੇਖਿਆ ਤਾਂ ਦੋਸ਼ੀ ਜਸਕਰਨ ਸਿੰਘ, ਉੱਥੇ ਖੜਾ ਦਿਖਾਈ ਦਿੱਤਾ, ਜਿਸ ਦਾ ਇਹ ਮੋਬਾਇਲ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਇੰਸ: ਜਗਦੀਪ ਸਿੰਘ ਨੇ ਦੱਸਿਆ ਕਿ ਪੀੜਤ ਨਰਸ ਦੇ ਬਿਆਨ ਦੇ ਅਧਾਰ ਪਰ,ਨਾਮਜ਼ਦ ਦੋਸ਼ੀ ਦੇ ਖਿਲਾਫ ਅਧੀਨ ਜੁਰਮ 77, 78(1), 79 ਬੀ.ਐਨ.ਐਸ./ ਸ਼ੈਕਸ਼ਨ 66 ਈ ਆਈ.ਟੀ. ਐਕਟ ਤਹਿਤ ਥਾਣਾ ਸਦਰ ਬਠਿੰਡਾ ਵਿਖੇ ਕੇਸ ਦਰਜ ਕਰਕੇ,ਉਸ ਨੂੰ ਗਿਰਫਤਾਰ ਕਰ ਲਿਆ ਅਤੇ ਉਸ ਦੇ ਕਬਜੇ ਵਿੱਚੋਂ ਅਸ਼ਲੀਲ ਵੀਡੀਓ ਬਣਾਉਣ ਲਈ ਵਰਤਿਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ। ਗਿਰਫਤਾਰ ਦੋਸ਼ੀ ਨੂੰ ਜੇਲ੍ਹ ਭੇਜ ਕੇ,ਮੋਬਾਇਲ ਤੋਂ ਟੈਕਨੀਕਲ ਢੰਗ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।