ਮਹੇਸ਼ ਲੋਟਾ ਨੇ ਕਿਹਾ, ਜਲਦ ਜਾਵਾਂਗੇ ਹਾਈਕੋਰਟ….ਸਰਕਾਰ ਦੇ ਦਬਾਅ ਕਾਰਣ, ਸੁਣਵਾਈ ਕਰਨ ਵਿੱਚ ਟਾਲਮਟੋਲ ਕਰ ਰਿਹੈ ਇਲੈਕਸਨ ਟ੍ਰਿਬਿਊਨਲ
ਹਰਿੰਦਰ ਨਿੱਕਾ, ਬਰਨਾਲਾ 23 ਦਸੰਬਰ 2024
ਜਿਲ੍ਹੇ ਦੀ ਇਕਲੌਤੀ ਨਗਰ ਪੰਚਾਇਤ ਹੰਡਿਆਇਆ ਵਿੱਚ 21 ਦਸੰਬਰ ਨੂੰ ਹੋਈ ਚੋਣ ‘ਚ ਬੇਸ਼ੱਕ ਆਪ ਆਦਮੀ ਪਾਰਟੀ ਨੇ 13 ‘ਚੋਂ 10 ਸੀਟਾਂ ਜਿੱਤ ਕੇ ਨਵਾਂ ਅਧਿਆਏ ਲਿਖਿਆ ਹੈ,ਪਰੰਤੂ ਬਿਨਾਂ ਮੁਕਾਬਲਾ ਚੁਣੀ ਵਾਰਡ ਨੰਬਰ 7 ਦੀ ਕੌਂਸਲਰ ਮਹਿੰਦਰ ਕੌਰ ਦੀ ਜਿੱਤ ਤੇ ਹਾਲੇ ਵੀ ਇਲੈਕਸ਼ਨ ਟ੍ਰਿਬਿਊਨਲ ਦੇ ਫੈਸਲੇ ਦੀ ਤਲਵਾਰ ਲਟਕ ਰਹੀ ਹੈ। ਭਾਂਵੇ ਇਲੈਕਸ਼ਨ ਟ੍ਰਿਬਿਊਨਲ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਵੱਲੋਂ ਦਾਇਰ ਇਲੈਕਸ਼ਨ ਪਟੀਸ਼ਨ ਤੇ ਹੋਏ ਫੈਸਲੇ ਤੋਂ ਬਾਅਦ ਵੀ ਸੱਤਾਧਾਰੀ ਧਿਰ ਦੇ ਕਥਿਤ ਦਬਾਅ ਕਾਰਣ, ਸਬੰਧਿਤ ਧਿਰਾਂ ਨੂੰ ਸੱਦ ਕੇ ਸੁਣਵਾਈ ਨਹੀਂ ਕੀਤੀ,ਜਦੋਂਕਿ ਮਾਨਯੋਗ ਹਾਈਕੋਰਟ ਦੇ ਜਸਟਿਸ ਨੇ ਸਬੰਧਿਤ ਧਿਰਾਂ ਨੂੰ ਸੁਣ ਕੇ,ਜਲਦ ਫੈਸਲਾ ਕਰਨ ਦਾ ਹੁਕਮ ਦਿੱਤਾ ਹੋਇਆ ਹੈ।
ਇਸ ਸਬੰਧੀ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਨਾਮਜ਼ਦਗੀ ਪੱਤਰ ਗਲਤ ਢੰਗ ਨਾਲ ਰੱਦ ਕਰਨ ਦੇ ਖਿਲਾਫ ਅਮਨਦੀਪ ਕੌਰ ਵੱਲੋਂ ਇਲੈਕਸ਼ਨ ਪਟੀਸ਼ਨ ਸੀ.ਡਬਲਯੂ.ਬੀ ਨੰਬਰ:34048/2024 ਦਾਇਰ ਕੀਤੀ ਗਈ ਸੀ। ਜਿਸ ਤੇ ਸੁਣਵਾਈ ਉਪਰੰਤ ਮਾਨਯੋਗ ਜਸਟਿਸ ਨੇ ਮਿਤੀ: 17/12/2024 ਨੂੰ ਪਟੀਸ਼ਨ ਦਾ ਨਿਪਟਾਰਾ ਕਰਦਿਆਂ, ਹੁਕਮ ਦਿੱਤਾ ਸੀ ਕਿ ਇਹ ਪਟੀਸ਼ਨ ਤੇ ਇੱਕ ਵਾਰ ਸੁਣਵਾਈ ਇਲੈਕਸ਼ਨ ਟ੍ਰਿਬਿਊਨਲ ਕਰੇਗਾ। ਹਾਈਕੋਰਟ ਦੇ ਹੁਕਮ ਦੀ ਤਾਮੀਲ ਕਰਦਿਆਂ ਅਮਨਦੀਪ ਕੌਰ ਵੱਲੋਂ ਜਿਲ੍ਹੇ ਦੇ ਇਲੈਕਸ਼ਨ ਟ੍ਰਿਬਿਊਨਲ ਕੋਲ ਬਕਾਇਦਾ ਲਿਖਤੀ ਸ਼ਕਾਇਤ ਦਿੱਤੀ ਗਈ ਹੈ,ਜਿਸ ਤੇ ਹਾਲੇ ਤੱਕ ਕੋਈ ਫੈਸਲਾ ਤਾਂ ਦੂਰ ਟ੍ਰਿਬਿਊਨਲ ਨੇ ਸੱਤਾਧਾਰੀ ਧਿਰ ਦੇ ਦਬਾਅ ਕਾਰਣ,ਸਬੰਧਿਤ ਧਿਰਾਂ ਨੂੰ ਬੁਲਾ ਕੇ,ਇੱਕ ਵਾਰ ਵੀ ਸੁਣਵਾਈ ਨਹੀਂ ਕੀਤੀ।ਜਦੋਂਕਿ ਦੁਰਖਾਸਤ ਦਿੱਤਿਆਂ 4 ਦਿਨ ਲੰਘ ਚੁੱਕੇ ਹਨ।
ਲੋਟਾ ਨੇ ਕਿਹਾ ਕਿ ਅਸੀਂ ਪੰਜਾਬ ਐਂਡ ਹਰਿਆਣਾ ਕੋਰਟ ਦੇ ਸੀਨੀਅਰ ਵਕੀਲਾਂ ਨਾਲ ਗੱਲਬਾਤ ਕਰ ਲਈ ਹੈ, ਇੱਕ ਵਾਰ ਇਲੈਕਸ਼ਨ ਟ੍ਰਿਬਿਊਨਲ ਨੂੰ ਭਲ੍ਹਕੇ ਡਾਕ ਰਾਹੀਂ ਰਿਮਾਇੰਡਰ ਭੇਜ ਰਹੇ ਹਾਂ। ਜਿਸ ਦਾ ਇੱਕ ਉਤਾਰਾ ਸੂਚਨਾ ਹਿੱਤ ਹਾਈਕੋਰਟ ਨੂੰ ਵੀ ਭੇਜ ਰਹੇ ਹਾਂ। ਫਿਰ ਇਹ ਪ੍ਰਕਿਰਿਆ ਪੂਰੀ ਹੁੰਦਿਆਂ ਜਲਦ ਹੀ ਮਾਨਯੋਗ ਹਾਈਕੋਰਟ ਵਿੱਚ ਰਿੱਟ ਦਾਇਰ ਕਰਾਂਗੇ, ਕਿ ਇਲੈਕਸ਼ਨ ਟ੍ਰਿਬਿਊਨਲ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਲੋਟਾ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ, ਧੱਕੇਸ਼ਾਹੀ ਦੇ ਖਿਲਾਫ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਇਨਸਾਫ ਲੈਣ ਲਈ ਇਹ ਲੜਾਈ ਲੜੇਗੀ।
ਇਲੈਕਸ਼ਨ ਟ੍ਰਿਬਿਊਨਲ ਨੂੰ ਦਿੱਤੀ ਦੁਰਖਾਸਤ ਦੀ ਇਬਾਰਤ..
ਅਮਨਦੀਪ ਕੌਰ ਵੱਲੋਂ ਇਲੈਕਸ਼ਨ ਟ੍ਰਿਬਿਊਨਲ ਨੂੰ ਦਿੱਤੀ ਦੁਰਖਾਸਤ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਬਤੌਰ ਕਾਂਗਰਸੀ ਉਮੀਦਵਾਰ ਵਾਰਡ ਨੰ:7 ਹੰਡਿਆਇਆ ਤੋਂ ਨੋਮੀਨੇਸ਼ਨ ਫਾਰਮ ਭਰੇ ਸਨ। ਜਿਹਨਾਂ ਨਾਲ ਨਗਰ ਪੰਚਾਇਤ ਹੰਡਿਆਇਆ ਦੀ ਐਨ.ਓ.ਸੀ ਨਾਲ ਨੱਥੀ ਸੀ । ਉਸ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਹਿੰਦਰ ਕੌਰ ਨੇ ਫਾਰਮ ਭਰੇ ਸਨ ਜ਼ੋ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ,ਜਿਹਨਾਂ ਦੇ ਦਬਾਓ ਹੇਠ ਬਿਨਾਂ ਕਾਰਣ, ਮੇਰੇ ਕਾਗਜ਼ ਰੱਦ ਕਰ ਦਿੱਤੇ ਗਏ ਹਨ ਅਤੇ ਮਹਿੰਦਰ ਕੌਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਜਦਕਿ ਮੈਨੂੰ ਮੇਰੇ ਫਾਰਮਾਂ ਦੇ ਸਬੰਧ ਵਿਚ ਲੱਗੇ ਇਤਰਾਜਾ ਦੀ ਕਾਪੀ ਵੀ ਨਹੀਂ ਦਿੱਤੀ ਗਈ ਅਤੇ ਨਾ ਹੀ ਇਤਰਾਜਾਂ ਸਬੰਧੀ ਕੋਈ ਨੋਟਿਸ ਜਾਰੀ ਹੋਇਆ ਅਤੇ ਨਾ ਹੀ ਮੇਰੇ ਪਾਸੋਂ ਇਤਰਾਜਾਂ ਸਬੰਧੀ ਕੋਈ ਸਪੱਸ਼ਟੀ ਕਰਨ ਲਿਆ ਗਿਆ ਅਤੇ ਨਾ ਹੀ ਅੱਜ ਤੱਕ ਫੈਸਲੇ ਦੀ ਕਾਪੀ ਦਿੱਤੀ ਗਈ ਹੈ। ਮੇਰੇ ਕਾਗਜ ਗੈਰਕਾਨੂੰਨੀ ਤਰੀਕੇ ਨਾਲ ਰੱਦ ਕਰ ਦਿੱਤੇ ਗਏ,ਜਦਕਿ ਮੈਨੂੰ ਚੋਣ ਲੜ੍ਹਨ ਦਾ ਪੂਰਾ-ਪੂਰਾ ਸੰਵਿਧਾਨਕ ਹੱਕ ਹੈ । ਮੈਨੂੰ ਚੋਣ ਲੜ੍ਹਨ ਤੋਂ ਰੋਕ ਕੇ ਮੇਰੇ ਸੰਵਿਧਾਨਕ ਹੱਕ ਮਾਰੇ ਜਾ ਰਹੇ ਹਨ ।ਜਿਸ ਸਬੰਧੀ ਮੈਨੇ ਪੰਜਾਬ ਐਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਰਿੱਟ ਦਾਇਰ ਕੀਤੀ ਸੀ ।ਜਿੱਥੇ ਮਾਨਯੋਗ ਜੱਜ ਸਾਹਿਬ ਵੱਲੋ ਆਪ ਪਾਸ ਦਰਖਾਸਤ ਦੇਣ ਦਾ ਹੁਕਮ ਕੀਤਾ ਗਿਆ ਹੈ ਅਤੇ ਧਿਰਾ ਨੂੰ ਸੁਨਣ ਦੀ ਹਦਾਇਤ ਕੀਤੀ ਗਈ ਹੈ । ਹੁਕਮ ਦੀ ਕਾਪੀ ਲੱਫ ਹੈ। ਲਿਹਾਜਾ ਦਰਖਾਸਤ ਪੇਸ ਕਰਕੇ ਬੇਨਤੀ ਹੈ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਮੇਰੀ ਸੁਣਵਾਈ ਕੀਤੀ ਜਾਵੇ ਅਤੇ ਮੈਨੂੰ ਇਲੈਕਸਨ ਲੜ੍ਹਨ ਦਾ ਮੌਕਾ ਦਿੱਤਾ ਜਾਵੇ।