ਰਘਵੀਰ ਹੈਪੀ, ਬਰਨਾਲਾ 16 ਦਸੰਬਰ 2024
ਜਿਲ੍ਹੇ ਦੀ ਇਕਲੌਤੀ ਨਗਰ ਪੰਚਾਇਤ ਹੰਡਿਆਇਆ ਦੇ ਇੱਕ ਕਾਂਗਰਸੀ ਉਮਦੀਵਾਰ ਦੇ ਨਾਮਜਦਗੀ ਪੇਪਰ ਰੱਦ ਕਰਨ ਦੇ ਮਾਮਲੇ ਦੀ ਗੂੰਜ ਭਲ੍ਹਕੇ 17 ਦਸੰਬਰ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਕਾਂਗਰਸ ਬਰਨਾਲਾ ਦੇ ਪ੍ਰਧਾਨ ਅਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਅਤੇ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਨੇ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 7 ਦੀ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਗੋਲਡੀ ਦੇ ਨਾਮਜ਼ਦਗੀ ਪੱਤਰ ਕਥਿਤ ਤੌਰ ਤੇ ਇਨਕਰੋਚਮੈਂਟ ਦਾ ਝੂਠਾ ਦੋਸ਼ ਲਗਾ ਕੇ ਰੱਦ ਕਰ ਦਿੱਤੇ ਸਨ। ਜਦੋਂਕਿ ਅਮਨਦੀਪ ਕੌਰ ਨੇ ਕੋਈ ਵੀ ਇਨਕਰੋਚਮੈਂਟ ਨਹੀਂ ਕੀਤੀ ਹੋਈ। ਨਾ ਹੀ ਉਸ ਨੂੰ ਇਨਕਰੋਚਮੈਂਟ ਕਰਨ ਕਰਕੇ,ਕਦੇ ਵੀ ਕੋਈ ਨੋਟਿਸ ਜ਼ਾਰੀ ਕੀਤਾ ਗਿਆ ਸੀ। ਲੋਟਾ ਨੇ ਕਿਹਾ ਕਿ ਕਾਰਜਸਾਧਕ ਅਫਸਰ ਵੱਲੋਂ ਖੁਦ ਹੀ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਨੂੰ ਐਨਓਸੀ ਵੀ ਜ਼ਾਰੀ ਕੀਤਾ ਹੋਇਆ ਹੈ। ਜਿਹੜਾ ਨਾਮਜਦਗੀ ਪੱਤਰਾਂ ਦੇ ਨਾਲ ਲਗਾਇਆ ਗਿਆ ਹੈ। ਲੋਟਾ ਨੇ ਕਿਹਾ ਕਿ ਪ੍ਰਸ਼ਾਸ਼ਨਿਕ ਧੱਕੇਸ਼ਾਹੀ ਦੇ ਖਿਲਾਫ ਆਖਿਰ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਵੱਲੋਂ ਆਪਣੇ ਵਕੀਲ ਐਚ.ਸੀ. ਅਰੋੜਾ ਰਾਹੀਂ, ਅੱਜ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਅਰਜੈਂਟ ਮੈਟਰ ਹੋਣ ਕਾਰਣ, ਮਾਨਯੋਗ ਹਾਈਕੋਰਟ ਨੇ ਭਲ੍ਹਕੇ ਹੀ ਇਸ ਰਿੱਟ ਪਟੀਸ਼ਨ ਸਬੰਧੀ ਸੁਣਵਾਈ ਨੂੰ ਸੂਚੀਬੱਧ ਕੀਤਾ ਹੈ। ਇਸ ਰਿੱਟ ਪਟੀਸ਼ਨ ਦੀ ਸੁਣਵਾਈ ਡਬਲ ਬੈਂਚ ਦੇ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਜਸਟਿਸ ਸੁਦੀਪਤੀ ਸ਼ਰਮਾ ਕਰਨਗੇ। ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਨੇ ਕਿਹਾ ਕਿ ਮੈਨੂੰ ਮਾਨਯੋਗ ਹਾਈਕੋਰਟ ਅਤੇ ਨਿਆਂ ਵਿਵਸਥਾ ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਇਨਸਾਫ ਜਰੂਰ ਮਿਲੇਗਾ। ਮਹੇਸ਼ ਲੋਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਸ ਦੇ ਆਕਾਂਵਾਂ ਨੂੰ ਉਨ੍ਹਾਂ ਦੀ ਹਾਰ ਯਕੀਨੀ ਹੋਣ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ, ਇਸੇ ਲਈ, ਉਨਾਂ ਵੋਟਿੰਗ ਤੋਂ ਬਿਨਾਂ ਹੀ ਆਪਣੇ ਉਮੀਦਵਾਰ ਦੀ ਬਿਨਾਂ ਮੁਕਾਬਲਾ ਜਿੱਤ ਦਿਖਾਉਣ ਲਈ, ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਕਰਵਾਉਣ ਦੀ ਸਾਜਿਸ਼ ਰਚੀ, ਜਿਸ ਬਾਰੇ ਫੈਸਲਾ ਹੁਣ ਮਾਨਯੋਗ ਹਾਈਕੋਰਟ ਕਰੇਗੀ। ਵਰਨਣਯੋਗ ਹੈ ਕਿ 21 ਦਸੰਬਰ ਨੂੰ ਨਗਰ ਪੰਚਾਇਤ ਦੀਆਂ ਚੋਣਾਂ ਹੋਣੀਆਂ ਹਨ। ਵਾਰਡ ਨੰਬਰ 7 ਵਿੱਚ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਅਤੇ ਆਪ ਉਮੀਦਵਾਰ ਮਹਿੰਦਰ ਕੌਰ ਦਰਮਿਆਨ ਹੀ ਆਹਮੋ-ਸਾਹਮਣੇ ਮੁਕਾਬਲਾ ਬਣਿਆ ਹੋਇਆ ਸੀ।