ਅਸ਼ੋਕ ਵਰਮਾ, ਬਠਿੰਡਾ, 14 ਦਸੰਬਰ 2024
ਬਠਿੰਡਾ ਦਿਹਾਤੀ ਪੁਲਿਸ ਨੇ ਦੋ ਵੱਖ ਵੱਖ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਦਿਆਂ ਇੱਕ ਨਾਬਾਲਿਗ ਸਣੇ 7 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਦਿਹਾਤੀ ਹਿਨਾ ਗੁਪਤਾ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਫਲਤਾ ਸਬੰਧੀ ਖੁਲਾਸਾ ਕੀਤਾ ਹੈ। ਐਸਪੀ ਸਿਟੀ ਨੇ ਦੱਸਿਆ ਕਿ 11-12 ਦਸੰਬਰ ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਅਧੀਨ ਪੈਂਦੇ ਪਿੰਡ ਜੋਧਪੁਰ ਰੋਮਾਣਾ ’ਚ ਸਥਿਤ ਜੀਓ ਪੈਟਰੋਲ ਪੰਪ ਤੋਂ ਤਿੰਨ ਵਿਅਕਤੀ ਸਕਿਉਰਟੀ ਗਾਰਡ ਬਲਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਭਾਈ ਬਖਤੌਰ, ਜਿਲ੍ਹਾ ਬਠਿੰਡਾ ਤੋਂ ਉਸ ਦੀ 12 ਬੋਰ ਰਾਈਫਲ ਹਾਕੀਬੱਟ, ਇੱਕ ਸਪੋਰਟਸ ਬੈਗ ਜਿਸ ਵਿੱਚ ਰਾਈਫਲ ਦੇ 5 ਕਾਰਤੂਸ , ਰੋਟੀ ਵਾਲਾ ਟਿਫਨ, ਇੱਕ ਮੋਬਾਇਲ ਫੋਨ ਰੈਡਮੀ ਅਤੇ ਹੋਰ ਸਮਾਨ ਚੋਰੀ ਕਰਕੇ ਮੋਟਰਸਾਈਕਲ ਤੇ ਫਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਸਦਰ ਪੁਲਿਸ ਨੇ ਸੁਰੱਖਿਆ ਗਾਰਡ ਬਲਜੀਤ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਬਿਆਨ ’ਚ ਦੱਸਿਆ ਸੀ ਕਿ 12 ਦਸੰਬਰ ਨੂੰ ਸਵੇਰੇ 2 ਵਜੇ ਬੰਨ੍ਹੇ ਮੂੰਹ ਵਾਲਾ ਇੱਕ ਨੌਜਵਾਨ ਤੇਲ ਪੁਆਉਣ ਆਇਆ ਸੀ ।ਜਿਸ ਨੇ ਚਲਾਕੀ ਨਾਲ ਪਿੱਛੇ ਦਰਸਾਇਆ ਸਮਾਨ ਚੁੱਕ ਲਿਆ ਅਤੇ ਰੋਕਣ ਦੀ ਕੋਸ਼ਿਸ਼ ਦੌਰਾਨ ਦੋ ਹੋਰ ਨੌਜਵਾਨ ਜਿੰਨ੍ਹਾਂ ਕੋਲ ਮਾਰੂ ਹਥਿਆਰ ਸਨ ।ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਗਏ। ਐਸਪੀ ਸਿਟੀ ਨੇ ਦੱਸਿਆ ਕਿ ਲੁੱਟ ਦੇ ਮਾਮਲੇ ਦੀ ਤਫਤੀਸ਼ ਦੌਰਾਨ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਬਾਂਡੀ ਜਿਲ੍ਹਾ ਬਠਿੰਡਾ, ਦਾਨਿਸ਼ ਪੁੱਤਰ ਬੱਗਾ ਸਿੰਘ ਵਾਸੀ ਭੰਡਾਰੀ ਵਾਲੀ ਗਲੀ ਧੱਕਾ ਬਸਤੀ ਫਿਰੋਜ਼ਪੁਰ ਹਾਲ ਅਬਾਦ ਬਲਰਾਜ ਨਗਰ ਬਠਿੰਡਾ ਅਤੇ ਇੱਕ ਹੋਰ ਨੌਜਵਾਨ ਨੂੰ ਨਾਮਜਦ ਕੀਤਾ ਗਿਆ ਸੀ ਜੋ ਕਿ ਨਾਬਾਲਿਗ ਹੈ।
ਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਟੀਮਾਂ ਬਣਾਈਆਂ ਸਨ, ਜਿੰਨ੍ਹਾਂ ਦੀ ਅਗਵਾਈ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਸੀਆਈਏ ਸਟਾਫ ਵਨ ਅਤੇ ਥਾਣਾ ਸਦਰ ਪੁਲਿਸ ਨੇ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਬਾਂਡੀ ਜਿਲ੍ਹਾ ਬਠਿੰਡਾ, ਦਾਨਿਸ਼ ਪੁੱਤਰ ਬੱਗਾ ਸਿੰਘ ਅਤੇ ਤੀਜੇ ਨਾਬਾਲਿਗ ਨੂੰ ਕ੍ਰਿਸ਼ਨਾ ਕਲੋਨੀ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਤਲਵਾਰ ਅਤੇ ਨਲਕੇ ਦੀ ਹੱਥੀ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਲਖਵਿੰਦਰ ਸਿੰਘ ਪਹਿਲਾਂ ਜਮੈਟੋ ਤੇ ਕੰਮ ਕਰਦਾ ਸੀ। ਪਰ ਅੱਜ ਕੱਲ੍ਹ ਵਿਹਲਾ ਹੈ, ਜਦੋਂਕਿ ਦਾਨਿਸ਼ 12ਵੀਂ ਕਲਾਸ ਦੀ ਪੜ੍ਹਾਈ ਕਰ ਰਿਹਾ ਹੈ। ਦੋਵਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ। ਪੁਲਿਸ ਰਿਮਾਂਡ ਲੈ ਕੇ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛਗਿਛ ਕਰੇਗੀ।
ਇਸੇ ਤਰਾਂ ਹੀ ਦੂਸਰਾ ਮਾਮਲਾ ਇੱਕ ਕਾਰ ਸਵਾਰ ਵਿਅਕਤੀ ਦੀ ਕੁੱਟਮਾਰ ਕਰਕੇ ਦੋ ਹਜ਼ਾਰ ਰੁਪਏ ਲੁੱਟਣ ਦਾ ਹੈ ਜਿਸ ਨੂੰ ਲੈਕੇ ਥਾਣਾ ਨੰਦਗੜ੍ਹ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਰਾਮਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬਾਜਕ ਜਿਲ੍ਹਾ ਬਠਿੰਡਾ ਆਪਣੇ ਚਾਚੇ ਦੇ ਲੜਕੇ ਗਗਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਨਾਲ ਬਠਿੰਡਾ ਤੋਂ ਕਿਸੇ ਨਿੱਜੀ ਕੰਮ ਕਾਰ ਦੇ ਸਬੰਧ ਵਿੱਚ ਆਪਣੀ ਰਿਟਜ਼ ਕਾਰ ਤੇ ਸਵਾਰ ਹੋਕੇ ਪਿੰਡ ਵਾਪਿਸ ਪਰਤ ਰਿਹਾ ਸੀ ਅਤੇ ਉਹ ਪਿੰਡ ਨੰਦਗੜ੍ਹ ਦੇ ਬੱਸ ਅੱਡੇ ਤੋਂ ਬਾਜਕ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਦੀ ਕਾਰ ਅੱਗੇ ਹਾਂਡਾ ਸਿਟੀ ਗੱਡੀ ਲਾਕੇ ਜਬਰਦਸਤੀ ਰੋਕ ਕੇ ਘੇਰ ਲਿਆ ਜਿਸ ਵਿੱਚ ਚਾਰ ਜਣੇ ਬੈਠੇ ਸਨ।
ਇਸੇ ਦੌਰਾਨ ਉਨ੍ਹਾਂ ਨੇ ਬੁਰੀ ਤਰਾਂ ਕੁੱਟਮਾਰ ਕਰਕੇ ਰਾਮਪਾਲ ਸਿੰਘ ਦੇ ਸੱਟਾਂ ਮਾਰੀਆਂ ਅਤੇ ਪਰਸ ’ਚ ਰੱਖਿਆ ਦੋ ਹਜ਼ਾਰ ਰੁਪਿਆ ਖੋਹ ਲਿਆ ਤੇ ਫਰਾਰ ਹੋ ਗਏ। ਥਾਣਾ ਨੰਦਗੜ੍ਹ ਪੁਲਿਸ ਨੇ ਰਾਮਪਾਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਹਰਮੇਸ਼ ਸਿੰਘ ਪੁੱਤਰ ਪੂਰਨ ਸਿੰਘ ,ਹਰਜੀਤ ਸਿੰਘ ਉਰਫ ਹਰਮਨਜੋਤ ਸਿੰਘ ਪੁੱਤਰ ਨਾਜਰ ਸਿੰਘ ਉਰਫ ਰੇਸ਼ਮ ਸਿੰਘ ਵਾਸੀਅਨ ਦੁੱਨੇਵਾਲਾ, ਗਗਨਦੀਪ ਸੰਘ ਪੁੱਤਰ ਜਗਦੇਵ ਸਿੰਘ ਵਾਸੀ ਮਹਿਤਾ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਗੜ੍ਹ ਖਿਲਾਫ ਬੀਐਨਐਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਥਾਣਾ ਨੰਦਗੜ੍ਹ ਪੁਲਿਸ ਨੇ ਚੌਹਾਂ ਮੁਲਜਮਾਂ ਨੂੰ ਨੰਦਗੜ੍ਹ ਤੋਂ ਕੋਟਗੁਰੂ Çਲੰਕ ਸੜਕ ਤੋ ਗ੍ਰਿਫਤਾਰ ਕਰਕੇ ਲੁੱਟਿਆ ਹੋਇਆ ਦੋ ਹਜਾਰ ਰੁਪਿਆ, ਵਾਰਦਾਤ ਲਈ ਵਰਤੀ ਹਾਂਡਾ ਸਿਟੀ ਕਾਰ ,ਦੋ ਗੰਡਾਸੇ ਅਤੇ ਦੋ ਕਿਰਪਾਨਾਂ ਬਰਾਮਦ ਕੀਤੀਆਂ ਹਨ। ਪੁਲਿਸ ਹੁਣ ਮੁਲਜਮਾਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੇ ਮੰਨਿਆ ਹੈ ਕਿ ਉਹ ਨਸ਼ਿਆਂ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਰਾਮਪਾਲ ਸਿੰਘ ਨੂੰ ਲੁੱਟਿਆ ਅਤੇ ਕੁੱਟਮਾਰ ਕਰਕੇ ਗੰਭੀਰ ਜਖਮੀ ਕੀਤਾ ਸੀ। ਪੁਲਿਸ ਅਨੁਸਾਰ ਹਰਮੇਸ਼ ਸਿੰਘ ਉਮਰ 29 ਸਾਲ ਕਿੱਤੇ ਵਜੋਂ ਪੇਂਟਰ ਹੈ ਜਦੋਂਕਿ ਹਰਜੀਤ ਸਿੰਘ ਉਰਫ ਹਰਮਨਜੋਤ ਸਿੰਘ ਬੀਏ ’ਚ ਪੜ੍ਹਦਾ ਸੀ ਅਤੇ ਕਾਲਜ ਚੋਂ ਗੈਰਹਾਜ਼ਰ ਹੈ। ਗਗਨਦੀਪ ਸਿੰਘ ਵਾਸੀ ਮਹਿਤਾ ਮੋਬਾਇਲ ਟਾਵਰ ਦਾ ਕੰਮ ਕਰਦਾ ਹੈ ਅਤੇ ਉਸ ਖਿਲਾਫ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਥਾਣਾ ਲੱਖੇਵਾਲੀ ’ਚ ਇੱਕ ਮੁਕੱਦਮਾ ਦਰਜ ਹੈ। ਇਸੇ ਤਰਾਂ ਹੀ ਬਲਜਿੰਦਰ ਸਿੰਘ ਉਮਰ 20 ਸਾਲ ਖੇਤੀਬਾੜੀ ਕਰਦਾ ਹੈ ਅਤੇ ਉਸ ਖਿਲਾਫ ਥਾਣਾ ਰਾਮਾ ਜਿਲ੍ਹਾ ਬਠਿੰਡਾ ’ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ। ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ।