ਬਰਨਾਲਾ ਦੇ ਲੋਕਾਂ ਦੀ ਸੇਵਾ ‘ਚ ਹਮੇਸ਼ਾ ਸਮਰਪਿਤ ਹਾਂ ਤੇ ਅੱਗੋਂ ਵੀ ਰਹਾਂਗਾ : ਕਾਲਾ ਢਿੱਲੋਂ

Advertisement
Spread information
ਰਘਵੀਰ ਹੈਪੀ, ਬਰਨਾਲਾ, 13 ਨਵੰਬਰ 2024
     ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬੁੱਧਵਾਰ ਸਵੇਰੇ ਸਵੇਰੇ ਹੀ ਆਸਥਾ ਕਲੋਨੀ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਲਈ ਪਹੁੰਚ ਗਏ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੇਰੀ ਹੋਂਦ ਲੋਕਾਂ ਵਲੋਂ ਦਿੱਤੇ ਜਾ ਰਹੇ ਅਥਾਹ ਪਿਆਰ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਮੈਂ ਜਦ ਤੱਕ ਜਿਉਂਦਾ ਹਾਂ, ਆਪਣੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਹਾਂਗਾ।             
      ਕਾਲਾ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਵੱਡੇ ਫਰਕ ਨਾਲ ਜਿਤਾਕੇ ਉਨਾਂ ਦੀ ਸਰਕਾਰ ਬਣਾਈ, ਪਰ ਅੱਜ ਪੰਜਾਬ ਦਾ ਹਰੇਕ ਵਰਗ ਨੌਜਵਾਨ, ਕਿਸਾਨ, ਔਰਤਾਂ, ਵਪਾਰੀ, ਮਜ਼ਦੂਰ, ਮੁਲਾਜ਼ਮ ਵਰਗ ਇਸ ਸਰਕਾਰ ਨੂੰ ਵੋਟ ਪਾ ਕੇ ਪਛਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ, ਨੌਜਵਾਨਾਂ ਲਈ ਅਜਿਹੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਕਿ ਉਨ੍ਹਾਂ ਨੂੰ ਵਿਦੇਸ਼ਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ, ਇੱਥੋਂ ਤੱਕ ਕਿ ਭਗਵੰਤ ਮਾਨ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਸੀ ਕਿ ਵਿਦੇਸ਼ਾਂ ਤੋਂ ਅੰਗ੍ਰੇਜ਼ ਪੰਜਾਬ ’ਚ ਨੌਕਰੀ ਕਰਨ ਆਇਆ ਕਰਨਗੇ, ਪਰ ਸਰਕਾਰ ਵਲੋਂ ਇਸ ਸਬੰਧੀ ਕੀਤੇ ਉਪਰਾਲੇ ਕਿਤੇ ਨਜ਼ਰ ਨਹੀਂ ਆ ਰਹੇ। ਪੰਜਾਬ ਦਾ ਨੌਜਵਾਨ ਵਰਗ ਬੇਰੁਜ਼ਗਾਰ ਘੁੰਮ ਰਿਹਾ ਹੈ। ਕਿਸਾਨਾਂ ਨੂੰ ਐੱਮ.ਐੱਸ.ਪੀ ਦੇਣ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ’ਚ ਕਿਸਾਨ ਮੰਡੀਆਂ ’ਚ ਖੱਜ਼ਲ ਖੁਆਰ ਹੋ ਰਹੇ ਹਨ। ਢਿੱਲੋਂ ਨੇ ਕਿਹਾ ਕਿ ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ। ਪਰ ਇਸ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕੱਖ ਨਹੀਂ ਕੀਤਾ। ਵਪਾਰੀ ਵਰਗ ਦੀ ਗੱਲ ਕਰਦਿਆਂ ਕਾਲਾ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ’ਚ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਵੱਲੋਂ ਹਰ ਰੋਜ਼ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਲੱਖਾਂ ਰੁਪਏ ਦੀਆਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਫ਼ਿਰੌਤੀ ਨਾ ਦੇਣ ’ਤੇ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਰ ਕੇ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਕਈ ਵਪਾਰੀ ਤਾਂ ਆਪਣੇ ਕਾਰੋਬਾਰ ਛੱਡ ਕੇ ਹੋਰਨਾਂ ਸੂਬਿਆਂ ਜਾਂ ਵਿਦੇਸ਼ਾਂ ’ਚ ਹਿਜ਼ਰਤ ਕਰਨ ਬਾਰੇ ਮਨ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਾਲਾਤਾਂ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਮਾਨ ਸਿਰਫ਼ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਤੇ ਉਨ੍ਹਾਂ ਦੀ ਆਓ ਭਗਤ ਕਰਨ ’ਚ ਹੀ ਲੱਗੇ ਰਹਿੰਦੇ ਹਨ। ਅਖ਼ੀਰ ਕਾਲਾ ਢਿੱਲੋਂ ਨੇ ਕਿਹਾ ਕਿ ਲੋਕਾਂ ਦੇ ਵਿਸ਼ਵਾਸ਼ ਤੇ ਪਰਮਾਤਮਾ ਦੇ ਆਸ਼ੀਰਵਾਦ ਸਦਕਾ ਕਾਂਗਰਸ ਪਾਰਟੀ 23 ਨਵੰਬਰ ਨੂੰ ਇਤਿਹਾਸਿਕ ਜਿੱਤ ਦਰਜ ਕਰੇਗੀ। 
Advertisement
Advertisement
Advertisement
Advertisement
Advertisement
error: Content is protected !!