ਬਲਬੀਰ ਸਿੱਧੂ ਆਪ ਸਰਕਾਰ ਤੇ ਵਰ੍ਹਿਆ, ਕਿਹਾ ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਲਈ ਕੀਤਾ ਮਜ਼ਬੂਰ

Advertisement
Spread information
ਸੋਨੀ ਪਨੇਸਰ, ਬਰਨਾਲਾ, 13 ਨਵੰਬਰ 2024    
           ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਕਸਬਾ ਹੰਡਿਆਇਆ ਵਿਖੇ ਚੋਣ ਪ੍ਰਚਾਰ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਬਰਨਾਲਾ ’ਚ ਚੰਗਾ ਅਧਾਰ ਤੇ ਪ੍ਰਭਾਵ ਹੈ ਤੇ ਉਹ ਇਕ ਮਿਹਨਤੀ ਆਗੂ ਹੈ । ਕਾਲਾ ਢਿੱਲੋਂ ਤੇ ਉਨ੍ਹਾਂ ਦਾ ਪਰਿਵਾਰ ਲੰਬੇ ਅਰਸੇ ਤੋਂ ਬਰਨਾਲਾ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ‘ਆਪ’ ਸਰਕਾਰ ’ਤੇ ਵਰ੍ਹਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਦੁਖੀ ਤੇ ਨਿਰਾਸ਼ ਹਨ ਕਿਉਂਕਿ ਨਸ਼ਿਆਂ ਦੀ ਦਲਦਲ ’ਚ ਪੰਜਾਬ ਦਾ ਨੌਜਵਾਨ ਧਸ ਰਿਹਾ ਹੈ ਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ।
       ਇਸ ਤੋਂ ਇਲਾਵਾ ਕਿਸਾਨ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਹਨ ਤੇ ਮੰਡੀਆਂ ’ਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਨਹੀਂ ਹੋ ਰਹੀ, ਜਦਕਿ ਕਾਂਗਰਸ ਦੀ ਸਰਕਾਰ ਵੇਲੇ ਫ਼ਸਲਾਂ ਦੀ ਖ਼ਰੀਦ ਦੇ ਪ੍ਰਬੰਧ ਕਈ ਮਹੀਨੇ ਪਹਿਲਾਂ ਪੂਰੇ ਕਰ ਲਏ ਜਾਂਦੇ ਸਨ ਤੇ ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ’ਚ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਸਰਕਾਰ ਨੇ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਕਰਕੇ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਸਰਕਾਰ ਨੂੰ ਸਬਕ ਸਿਖਾਉਣ ਤੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਦੇਣਗੇ। ਸਿੱਧੂ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਲੋਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਪਤਵੰਤਿਆਂ ਨੇ ਇਸ ਜ਼ਿਮਨੀ ਚੋਣ ’ਚ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਡਟ ਕੇ ਸਾਥ ਦੇਣ ਦਾ ਭਰੋਸਾ ਦਵਾਇਆ।

Advertisement
Advertisement
Advertisement
Advertisement
Advertisement
error: Content is protected !!