ਬੀਟੀਐਨ, ਫਾਜਿਲਕਾ 12 ਨਵੰਬਰ 2024
ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਮੁਖੀ ਅਰਵਿੰਦ ਕੁਮਾਰ ਅਹਲਾਵਤ ਦੇ ਦਿਸ਼ਾ ਨਿਰਦੇਸ਼ਾ ਤੇ ਕੇ ਵੀ ਕੇ ਦੇ ਮਾਹਿਰਾਂ ਵੱਲੋਂ ਅੱਜ ਪਿੰਡ ਅਲਿਆਣਾ, ਸ਼ਾਹਪੁਰਾ ਤੇ ਢਾਣੀ ਚਿਰਾਗ ਦਾ ਦੌਰਾ ਕਰਕੇ ਇੱਥੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਬੈਠਕਾਂ ਕੀਤੀਆਂ ਗਈਆਂ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਸਾੜੇ ਇਸ ਦੇ ਪ੍ਰਬੰਧਨ ਕਰਨ ਦੇ ਨੁਕਤੇ ਸਾਂਝੇ ਕੀਤੇ । ਇਸ ਟੀਮ ਵਿੱਚ ਡਾ ਪ੍ਰਕਾਸ਼ ਚੰਦ, ਡਾ ਕਿਸ਼ਨ ਕੁਮਾਰ ਪਟੇਲ ਅਤੇ ਡਾ ਰੁਪਿੰਦਰ ਕੌਰ ਸ਼ਾਮਿਲ ਸਨ।
ਇਹਨਾਂ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਜੇਕਰ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਸੁਪਰ ਸੀਡਰ ਜਾਂ ਹੋਰ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਸ ਨਾਲ ਜਮੀਨ ਵਿੱਚ ਕਾਰਬਨਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਹਨਾਂ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜਮੀਨ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵੱਧਦੀ ਹੈ ਅਤੇ ਜੇਕਰ ਅਸੀਂ ਪਰਾਲੀ ਨੂੰ ਅੱਗ ਲਾ ਕੇ ਸਾੜਦੇ ਹਾਂ ਤਾਂ ਇਸ ਨਾਲ ਨਾ ਕੇਵਲ ਜਮੀਨ ਦੇ ਪੋਸ਼ਕ ਤੱਤ ਸੜਦੇ ਹਨ ਸਗੋਂ ਇਸ ਦੇ ਨਾਲ ਸਾਡੇ ਮਿੱਤਰ ਕੀਟ ਵੀ ਮਰ ਜਾਂਦੇ ਹਨ । ਇਸ ਮੌਕੇ ਪ੍ਰਗਤੀਸ਼ੀਲ ਕਿਸਾਨ ਕਰਨੈਲ ਸਿੰਘ ਤੋਂ ਇਲਾਵਾ ਇਹਨਾਂ ਪਿੰਡਾਂ ਦੇ ਸਰਪੰਚ ਮਹਿੰਦਰ ਸਿੰਘ, ਸੁਖਚੈਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।