ਖੇਤੀਬਾੜੀ ਵਿਭਾਗ ਵਲੋਂ ਸੰਜਮ ਨਾਲ ਖਾਂਦਾ,ਰਸਾਇਣ ਤੇ ਪਾਣੀ ਦੀ ਵਰਤੋਂ ਕਰਨ ਦੀ ਅਪੀਲ
ਬਲਵਿੰਦਰ ਸੂਲਰ, ਪਟਿਆਲਾ 12 ਨਵੰਬਰ 2024
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਨਿਰੰਤਰ ਉਪਰਾਲੇ ਜਾਰੀ ਹਨ, ਖੇਤੀਬਾੜੀ ਵਿਭਾਗ ਦੇ ਮਾਹਰ ਲਗਾਤਾਰ ਕਿਸਾਨਾਂ ਨੂੰ ਖਾਦਾਂ, ਰਸਾਇਣ ਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕਰ ਰਹੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਖਾਦ ਡੀਲਰਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜ਼ਮੀਨ ਤੋਂ ਚੰਗੀ ਪੈਦਾਵਾਰ ਕਰ ਰਹੇ ਹਨ, ਪ੍ਰੰਤੂ ਹੁਣ ਪਾਣੀ, ਰਸਾਇਣਾਂ ਤੇ ਖਾਦਾਂ ਦੀ ਸੰਜਮ ਨਾਲ ਵਰਤੋਂ ਕਰਨ ਦੀ ਵੀ ਜ਼ਰੂਰਤ ਹੈ। ਖੇਤਾਂ ਵਿੱਚ ਫਸਲਾਂ ਦੇ ਨਿਪਟਾਰੇ ਉਪਰੰਤ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਵੱਖੋ ਵੱਖਰੇ ਇਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਅਪਣਾਈਆਂ ਜਾ ਸਕਦੀਆਂ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ਖਰਾਬ ਨਹੀ ਹੁੰਦੀ ਅਤੇ ਉਪਜਾਊ ਸ਼ਕਤੀ ਵੱਧ ਜਾਂਦੀ ਹੈ।
ਉਨ੍ਹਾਂ ਨੇ ਖਾਦਾਂ ਬਾਰੇ ਦੱਸਿਆ ਡੀ ਏ ਪੀ ਖਾਦ ਦੇ ਬਦਲ ਵੱਜੋਂ ਟ੍ਰਿਪਲ ਸੁਪਰ ਫਾਸਫੇਟ ਖਾਦ, ਐਨ ਪੀ ਕੇ (12:32:16) ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟ੍ਰਿਪਲ ਸੁਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ। ਐਨ ਪੀ ਕੇ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨ ਨਵੀਂਆਂ ਤਕਨੀਕਾਂ ਅਪਨਾ ਕੇ ਅਗਾਂਹਵਧੂ ਬਣ ਰਹੇ ਹਨ ਤੇ ਦੇਸ਼ ਦੇ ਕਿਸਾਨਾਂ ਦਾ ਰਾਹ ਦਸੇਰਾ ਬਣੇ ਹਨ।