ਰਘਵੀਰ ਹੈਪੀ, ਬਰਨਾਲਾ 15 ਅਕਤੂਬਰ 2024
ਜਿਲ੍ਹੇ ਦੇ ਪਿੰਡ ਕਰਮਗੜ੍ਹ ‘ਚ ਭਾਜਪਾ ਆਗੂ ਅਤੇ ਪੰਚਾਇਤ ਮੇਂਬਰ ਦੀ ਚੋਣ ਲਈ ਉਮੀਦਵਾਰ ਗੁਰਜੰਟ ਸਿੰਘ ਉੱਤੇ ਉਸ ਦੇ ਵਿਰੋਧੀ ਧਿਰ ਕਾਂਗਰਸੀ ਸਮੱਰਥਕ ਸਰਪੰਚ ਉਮੀਦਵਾਰ ਦੇ ਪਤੀ ਨੇ ਆਪਣੇ ਹੋਰ ਹਮਾਇਤੀਆਂ ਨੂੰ ਨਾਲ ਲੈ ਕੇ, ਲੰਘੀ ਰਾਤ ਡਾਂਗਾਂ ਸੋਟੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗੁਰਜੰਟ ਸਿੰਘ ਦੀ ਕਾਰ ਅਤੇ ਉਸ ਦੇ ਇੱਕ ਸਮੱਰਥਕ ਨੂੰ ਵੀ ਨਿਸ਼ਾਨਾ ਬਣਾਇਆ। ਹਮਲੇ ਵਿੱਚ ਜਖਮੀ ਹੋਏ ਦੋ ਜਣਿਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ। ਹਮਲੇ ਦੀ ਸੂਚਨਾ ਮਿਲਦਿਆਂ ਥਾਣਾ ਠੁੱਲੀਵਾਲ ਦੀ ਪੁਲਿਸ ਵੀ ਹਰਕਤ ਵਿੱਚ ਆ ਗਈ। ਸਿਵਲ ਹਸਪਤਾਲ ਵਿਖੇ ਦਾਖਿਲ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਭਾਜਪਾ ਦਾ ਆਗੂ ਹੈ, ਤੇ ਪਿੰਡ ਕਰਮਗੜ੍ਹ ਦੇ ਵਾਰਡ ਨੰਬਰ 9 ਤੋਂ ਪੰਚਾਇਤ ਮੈਂਬਰ ਵਜੋਂ ਚੋਣ ਮੈਦਾਨ ਵਿੱਚ ਨਿੱਤਰਿਆ ਹੋਇਆ ਹੈ। ਇੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਪਿੰਡ ‘ਚ ਭਾਈਚਾਰਾ ਕਾਇਮ ਰੱਖਦੇ ਹੋਏ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਸਰਪੰਚੀ ਲਈ ਹਰਕੇਸ਼ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦੋਂਕਿ ਕਾਂਗਰਸੀ ਉਮੀਦਵਾਰ ਦੇ ਪਤੀ ਫੌਜੀ ਗੁਰਦੇਵ ਸਿੰਘ ਨੇ ਆਪਣੇ ਹੋਰ 20 ਸਾਥੀਆਂ ਨੂੰ ਨਾਲ ਲੈ ਕੇ, ਲੰਘੀ ਰਾਤ, ਉਸ ਉੱਤੇ ਆਪਣੇ ਘਰ ਵੱਲ ਜਾਂਦਿਆਂ ਮੌਕੇ ਗੱਡੀ ਘੇਰ ਕੇ ਡਾਂਗਾਂ/ਰਾਡਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋਸ਼ੀਆਂ ਨੇ ਮੁਦਈ ਦੇ ਸਿਰ/ਮੱਥੇ ਤੇ ਡੂੰਘੀ ਸੱਟ ਮਾਰੀ, ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਮੁਦਈ ਦੇ ਸਾਥੀ ਅਮਨ ਸਿੰਘ ਦੇ ਵੀ ਸੱਟਾਂ ਮਾਰੀਆਂ। ਗੁਰਜੰਟ ਸਿੰਘ ਨੇ ਹਮਲੇ ਦੀ ਵਜ੍ਹਾ ਰੰਜਿਸ਼ ਬਾਰੇ ਕਿਹਾ ਕਿ ਵਿਰੋਧੀ ਉਮੀਦਵਾਰ ਗੁਰਦੇਵ ਸਿੰਘ ਨੇ ਆਪਣੀ ਪਤਨੀ ਦੀ ਹਾਰ ਨੂੰ ਵੇਖਦਿਆਂ ਇਹ ਹਮਲਾ ਕੀਤਾ ਹੈ, ਤਾਂਕਿ ਸਾਡੀ ਚੋਣ ਮੁਹਿੰਮ ਨੂੰ ਰੋਕਿਆ ਜਾ ਸਕੇ ਅਤੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਾਇਆ ਜਾ ਸਕੇ। ਗੁਰਜੰਟ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ,ਉਨ੍ਹਾਂ ਨੂੰ ਗਿਰਫਤਾਰ ਕੀਤਾ ਜਾਵੇ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਠੁੱਲੀਵਾਲ ਦੇ ਏਐਸਆਈ ਹਰਵਿੰਦਰ ਪਾਲ ਨੇ ਕਿਹਾ ਕਿ ਪੁਲਿਸ ਨੇ ਜਖਮੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ, ਮੈਡੀਕਲ ਰਿਪੋਰਟ ਅਤੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਪੰਚਾਇਤੀ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਯਤਨਸ਼ੀਲ ਹੈ। ਜੇਕਰ ਕਿਸੇ ਨੇ ਚੋਣ ਪ੍ਰਕਿਰਿਆ ਵਿੱਚ ਅੜਿੱਕਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਦਾਂ ਸਖਤ ਐਕਸ਼ਨ ਲਿਆ ਜਾਵੇਗਾ।