ਹਰਿੰਦਰ ਨਿੱਕਾ, ਬਰਨਾਲਾ 14 ਅਕਤੂਬਰ 2024
ਬਰਨਾਲਾ ਰਾਏਕੋਟ ਰੋਡ ਤੇ ਸਥਿਤ ਇਲਾਕੇ ਦੀ ਬਹੁਚਰਚਿਤ ਓਸਵਾਲ ਟਾਊਨਸ਼ਿਪ ਕਲੋਨੀ ‘ਚ ਪਲਾਟ ਖਰੀਦਣ ਵਾਲੇ ਅਤੇ ਕਲੋਨੀ ਮਾਲਿਕ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਪਲਾਟ ਹੋਲਡਰਾਂ ਨੇ ਇੱਕ ਨਿੱਜੀ ਹੋਟਲ ਵਿੱਚ ਵੱਡੀ ਮੀਟਿੰਗ ਕਰਕੇ, ਓਸਵਾਲ ਟਾਊਨਸ਼ਿਪ ਕਲੋਨੀ ਵਾਲਿਆਂ ਦੇ ਖਿਲਾਫ ਮੋਰਚਾ ਲਾਉਣ ਦਾ ਐਲਾਨ ਕਰਕੇ,ਕਲੋਨੀ ਵਾਲਿਆਂ ਦੀ ਖੁਸ਼ੀ ਖੁਸ਼ੀ ਮਨਾਈ ਜਾਣ ਵਾਲੀ, ਦੀਵਾਲੀ ਦੇ ਰੰਗ ਵਿੱਚ ਐਨ ਮੌਕੇ ਤੇ ਆ ਕੇ ਭੰਗ ਪਾ ਦਿੱਤਾ। ਇਸ ਦੀ ਪਹਿਲੀ ਝਲਕ, ਪਲਾਟ ਹੋਲਡਰਾਂ ਵੱਲੋਂ ਲੰਘੀ ਰਾਤ ਕਲੋਨੀ ਤੱਕ ਕੈਂਡਲ ਮਾਰਚ ਕਰਕੇ,ਕਲੋਨੀ ਦੇ ਬਾਹਰ ਖੜ੍ਹ ਕੇ, ਅਸੀਂ ਇਨਸਾਫ ਚਾਹੁੰਦੇ ਹਾਂ ਤੋਂ ਇਲਾਵਾ ਪ੍ਰਬੰਧਕਾਂ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕਰਕੇ, ਆਪਣਾ ਦੁੱਖ ਮੀਡੀਆ ਰਾਹੀਂ ਪ੍ਰਸ਼ਾਸ਼ਨ, ਸਰਕਾਰ ਅਤੇ ਲੋਕਾਂ ਅੱਗੇ ਰੱਖਿਆ। ਰੋਸ ਮਾਰਚ ਅਤੇ ਪ੍ਰਦਰਸ਼ਨ ਤੋਂ ਪਹਿਲਾਂ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਦੀਪ,ਕੈਲਾਸ਼,ਕਪਿਲ, ਰਾਜੇਸ਼ ਤਪਾ,ਰਮਨ ਅਤੇ ਸੁਖਦੇਵ ਹੋਰਨਾਂ ਨੇ ਕਿਹਾ ਕਿ ਉਨ੍ਹਾਂ (ABHEY OSWAL TOWNSHIP, CENTRA GREENS, BARNALA ) ਓਸਵਾਲ ਗਰੁੱਪ ਤੇ ਭਰੋਸਾ ਕਰਕੇ, ਧੜਾਧੜ ਪਲਾਟ ਖਰੀਦੇ, ਉਦੋਂ ਜੋ ਕਲੱਬ, ਕਮਿਉਨਟੀ ਹਾਲ ਆਦਿ ਕਥਿਤ ਤੌਰ ਤੇ ਦਿਖਾਏ ਬਰੌਸ਼ਰ ਵਿੱਚ ਦਰਸਾਇਆ ਗਿਆ ਸੀ,ਹੁਣ ਉੱਥੇ ਕੁੱਝ ਵੀ ਜਮੀਨ ਤੇ ਹੋਇਆ ਨਹੀਂ ਦਿਸ ਰਿਹਾ। ਹੌਲੀ ਹੌਲੀ ਪਲਾਟ ਹੋਲਡਰਾਂ, ਇਨਵੈਸਟਰਾਂ ਦਾ ਭਰੋਸਾ ਡਾਵਾਂਡੋਲ ਹੋ ਰਿਹਾ ਹੈ। ਲੋਕਾਂ ਵਿੱਚ ਬੇਭਰੋਸਗੀ ਹੋ ਚੁੱਕੀ ਹੈ, ਜਿਹੜੇ ਭਾਅ, ਉਦੋਂ ਉੱਥੇ ਪਲਾਟ ਖਰੀਦੇ ਗਏ,ਹੁਣ ਉਸ ਤੋਂ ਹਜ਼ਾਰ/2 ਹਜ਼ਾਰ ਘੱਟ ਰੇਟ ਤੇ ਵੀ ਖਰੀਦਦਾਰ ਲੈਣ ਲਈ ਤਿਆਰ ਨਹੀਂ ਹੋਇਆ। ਭਾਂਵੇ, ਕੁੱਝ ਪਲਾਟ ਹੋਲਡਰਾਂ ਨੇ ਕਲੋਨੀ ਵਿਚਲੀਆਂ ਕਮੀਆਂ ਤੇ ਵੀ ਉੱਗਲ ਉਠਾਈ, ਪਰੰਤੂ ਬਹੁਤੇ ਬੁਲਾਰਿਆਂ ਦੀ ਗੱਲਬਾਤ ਅਨੁਸਾਰ,ਉਨ੍ਹਾਂ ਨੂੰ ਹਾਲੇ ਵੀ ਕੋਲਨੀ ਵਿੱਚ ਸਭ ਕੁੱਝ ਠੀਕ ਹੀ ਲੱਗ ਰਿਹਾ ਹੈ, ਬੱਸ ਰੌਲਾ ਸਿਰਫ ਮੌਜੂਦਾ ਪ੍ਰਬੰਧ ਸੰਭਾਲ ਰਹੇ ਅਧਿਕਾਰੀਆਂ ਤੇ ਹੀ ਹੈ। ਕਈ ਬੁਲਾਰਿਆਂ ਨੇ ਤਾਂ ਇੱਥੋਂ ਤੱਕ ਵੀ ਦੋਸ਼ ਲਾਇਆ ਕਿ ਪਲਾਟ ਹੋਲਡਰਾਂ/ਇਨਵੈਸਟਰਾਂ ਨਾਲ ਧੋਖਾਧੜੀ ਹੋਈ ਹੈ,ਜਿਸ ਸਬੰਧੀ ਸਾਨੂੰ ਪੁਲਿਸ ਨੂੰ ਠੱਗੀ ਦਾ ਕੇਸ ਦਰਜ ਕਰਨ ਲਈ,ਦੁਰਖਾਸਤ ਦੇਣੀ ਚਾਹੀਦੀ ਹੈ।
ਇਨਵੈਸਟਰਾਂ ਨੂੰ ਪਹਿਲੀ ਵਾਰ ਕਿਸੇ ਕਲੋਨਾਈਜਰ ਨੇ ਸੀਆਈਏ ਬੁਲਾਇਆ…
ਇਸ ਮੌਕੇ ਗੱਲਬਾਤ ਕਰਦਿਆਂ ਕੁੱਝ ਪਲਾਟ ਹੋਲਡਰਾਂ ਨੇ ਤਾਂ ਇਸ ਨੂੰ ਜੱਗੋਂ-ਤੇਰਵੀਂ ਗੱਲ ਕਰਾਰ ਦਿੰਦਿਆਂ ਕਿਹਾ ਕਿ ਸ਼ਾਇਦ ਅਜਿਹਾ ਪਹਿਲੀ ਵਾਰ ਹੀ ਹੋਹਿਆ ਹੈ, ਕਿਸੇ ਪ੍ਰੋਜੈਕਟ ਵਿੱਚ ਇਨਵੈਸਟ ਕਰਨ ਵਾਲੇ ਪਲਾਟ ਹੋਲਡਰਾਂ ਨੂੰ ਹੀ ਕਲੋਨੀ ਪ੍ਰਬੰਧਕਾਂ ਵੱਲੋਂ ਦਿੱਤੀ ਦੁਰਖਾਸਤ ਦੀ ਪੜਤਾਲ ‘ਚ ਸੀਆਈਆਈ ਵਿਖੇ ਵਾਰ ਵਾਰ ਬੁਲਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਸਾਰਿਆਂ ਨੂੰ ਇਕਜੁੱਟ ਹੋਣ ਦਾ ਹੋਕਾ ਦਿੰਦਿਆਂ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਅਹਿਦ ਵੀ ਕੀਤਾ।
ਓਸਵਾਲ ਟਾਊਨਸ਼ਿਪ ਕਲੋਨੀ ਦੇ ਸੀਨੀਅਰ ਅਧਿਕਾਰੀ ਤੇ ਮੀਤ ਪ੍ਰਧਾਨ ਅਨਿਲ ਖੰਨਾ ਨੇ ਕਿਹਾ ਕਿ ਕੁੱਝ ਲੋਕ, ਆਪਣੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ, ਇਨਵੈਸਟਰਾਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰਕੇ,ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ, ਕਲੋਨੀ ਦੀ ਡਿਵੈਲਪਮੈਂਟ ਪਹਿਲੇ ਗੇੜ ਦਾ ਕੰਮ ਲੱਗਭੱਗ ਮੁਕੰਮਲ ਹੋ ਚੁੱਕਿਆ ਹੈ, ਇਨਵੈਸਟਰਾਂ ਨਾਲ ਕੀਤੇ ਵਾਅਦੇ ਅਨੁਸਾਰ ਰਹਿੰਦਾ ਕੰਮ ਵੀ,ਕੋਲਨੀ ਵਿੱਚ ਰਿਹਾਇਸ਼ਾਂ ਹੋਣ ਤੋਂ ਪਹਿਲਾਂ ਪਹਿਲਾਂ ਹਰ ਹਾਲਤ ਵਿੱਚ ਹੀ ਕਰਵਾ ਦਿੱਤਾ ਜਾਵੇਗਾ, ਉਨਾਂ ਦਾਅਵਾ ਕੀਤਾ ਕਿ ਓਸਵਾਲ ਟਾਊਨਸ਼ਿਪ ਕਲੋਨੀ ਬਰਨਾਲਾ ਸ਼ਹਿਰ ਹੀ ਨਹੀਂ, ਪੂਰੇ ਇਲਾਕੇ ਵਿੱਚ ਮਾਡਲ ਕਲੋਨੀ ਹੈ। ਉਨ੍ਹਾਂ ਸ਼ਹਿਰੀਆਂ ਅਤੇ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਕਿ ਨਿੱਜੀ ਮੁਫਾਦ ਰੱਖਣ ਵਾਲਿਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹੋ। ਸਮਾਂ ਆਉਣ ਦੇ ਹਕੀਕਤ ਸਭ ਦੇ ਸਾਹਮਣੇ ਆ ਹੀ ਜਾਣੀ ਹੈ।
ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਅਸੀਂ ਕਲੋਨੀ ਪ੍ਰਬੰਧਕਾਂ ਦੀ ਪਲਾਟ ਹੋਲਡਰਾਂ/ਇਨਵੈਸਟਰਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਅਤੇ ਧੱਕੇਸ਼ਾਹੀ ਦਾ ਮੂੰਹ ਤੋੜ ਜੁਆਬ ਦਿਆਂਗੇ। ਉਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਪਲਾਟਹੋਲਡਰਾਂ/ਇਨਵੈਸਟਰਾਂ ਦੇ ਸੰਘਰਸ਼ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਇਹ ਨਾ ਹੋਵੇ ਕਿ ਅੱਕੇ ਹੋਏ ਲੋਕ ਦੀਵਾਲੀ ਦੇ ਤਿਉਹਾਰ ਤੱਕ ਪ੍ਰਸ਼ਾਸ਼ਨ ਲਈ ਵੱਡੀ ਸਿਰਦਰਦੀ ਖੜ੍ਹੀ ਨਾ ਕਰ ਦੇਣ। ਮੱਖਣ ਸ਼ਰਮਾ ਨੇ ਕਿਹਾ ਕਿ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਪੀੜਤ ਲੋਕਾਂ ਦੇ ਹੱਕ ਵਿੱਚ ਨਿੱਤਰਨ ਲਈ, ਚੁਨਿੰਦਾ ਮੋਹਤਬਰ ਵਿਅਕਤੀਆਂ ਦੀ ਮੀਟਿੰਗ ਵੀ ਕਰ ਲਈ ਹੈ। ਜਲਦ ਹੀ ਇੱਕ ਸਾਂਝੇ ਵਫਦ ਦੇ ਰੂਪ ਵਿੱਚ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੂੰ ਮਿਲਾਂਗੇ ,ਤੇ ਲੋਕਾਂ ਨਾਲ ਕਥਿਤ ਤੌਰ ਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ, ਜਲਦ ਤੋਂ ਜਲਦ ਅਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।