ਹਰਿੰਦਰ ਨਿੱਕਾ, ਬਰਨਾਲਾ 4 ਅਕਤੂਬਰ 2024
ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਿਜੀਲੈਂਸ ਦੀ ਟੀਮ ਨੇ ਟ੍ਰੈਪ ਲਗਾ ਕੇ, ਇੱਕ ਹੋਟਲ ਬਣਾਉਣ ਲਈ ਐਨ.ਓ.ਸੀ. ਜ਼ਾਰੀ ਕਰਨ ਦੇ ਨਾਂ ਤੇ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਣ ਵਾਲੇ ਜਿਲ੍ਹਾ ਫਾਇਰ ਅਫਸਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਨੇ ਬਰਨਾਲਾ ਸ਼ਹਿਰ ਅੰਦਰ ਇੱਕ ਹੋਟਲ ਬਣਾਉਣ ਲਈ, ਫਾਇਰ ਬ੍ਰਿਗੇਡ ਦਫਤਰ ਤੋਂ ਐਨ.ਓ.ਸੀ. ਲੈਣ ਲਈ ਅਪਲਾਈ ਕੀਤਾ ਸੀ। ਫਾਇਰ ਅਫਸਰ ਤਰਸੇਮ ਸਿੰਘ ਨੇ ਐਨ.ਓ.ਸੀ ਜ਼ਾਰੀ ਕਰਨ ਲਈ 50 ਹਜ਼ਾਰ ਰੁਪਏ ਰਿਸ਼ਵਤ ਦੀ ਡਿਮਾਂਡ ਕੀਤੀ। ਆਖਿਰ ਸੌਦਾ 40 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਹਰਦੇਵ ਸਿੰਘ ਨੇ ਇਸ ਦੀ ਸ਼ਕਾਇਤ ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਪਾਸ ਕਰ ਦਿੱਤੀ। ਆਲ੍ਹਾ ਅਧਿਕਾਰੀਆਂ ਨੇ ਰਿਸ਼ਵਤਖੋਰ ਫਾਇਰ ਅਫਸਰ ਨੂੰ ਕਾਬੂ ਕਰਨ ਲਈ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੀਮ ਗਠਿਤ ਕਰਕੇ,ਨਾਮਜ਼ਦ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦਫਤਰ ਦੇ ਆਲੇ-ਦੁਆਲੇ ਪੂਰੀ ਵਿਓਂਤਬੰਦੀ ਨਾਲ ਜਾਲ ਵਿਛਾਇਆ ਗਿਆ। ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਜਿਵੇਂ ਹੀ ਫਾਇਰ ਅਫਸਰ ਤਰਸੇਮ ਸਿੰਘ ਨੇ ਸ਼ਕਾਇਤਕਰਤਾ ਹੋਟਲ ਮਾਲਿਕ ਹਰਦੇਵ ਸਿੰਘ ਤੋਂ ਆਪਣੇ ਦਫਤਰ ਵਿੱਚ ਐਨ.ਓ.ਸੀ. ਜ਼ਾਰੀ ਕਰਨ ਬਦਲੇ 40 ਹਜ਼ਾਰ ਰੁਪਏ ਰਿਸ਼ਵਤ ਲਈ ਤਾਂ ਪਹਿਲਾਂ ਤੋਂ ਹੀ ਘਾਤ ਲਾਈ ਬੈਠੀ ਵਿਜੀਲੈਂਸ ਦੀ ਟੀਮ ਨੇ ਤੁਰੰਤ ਹੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਫਾਇਰ ਅਫਸਰ ਨੂੰ ਰਿਸ਼ਵਤ ਵਜੋਂ ਵਸੂਲੀ ਰਾਸ਼ੀ ਸਣੇ ਦਬੋਚ ਲਿਆ। ਇੰਸਪੈਕਟਰ ਸਿੱਧੂ ਨੇ ਦੱਸਿਆ ਕਿ ਗਿਰਫਤਾਰ ਫਾਇਰ ਅਫਸਰ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋਂ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰਕੇ, ਦੋਸ਼ੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟਾਚਾਰ ਦੇ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਭ੍ਰਿਸ਼ਟਾਚਾਰੀ ਅਧਿਕਾਰੀਆਂ/ਕਰਮਚਾਰੀਆਂ ਬਾਰੇ ਜਾਣਕਾਰੀ ਦਿਉ,ਉਨਾਂ ਕਿਹਾ ਕਿ ਰਿਸ਼ਵਤਖੋਰ ਅਧਿਕਾਰੀ ਕਿੰਨ੍ਹਾਂ ਵੀ ਵੱਡਾ ਜਾਂ ਛੋਟਾ ਕਿਉਂ ਨਾ ਹੋਵੇ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।