ਬਠਿੰਡਾ ਪੁਲਿਸ ਨੇ ਚੋਰ ਫੜੇ ਚਾਰ, ਜਿੰਨ੍ਹਾਂ ਚੋਰੀ ਕਰਕੇ ਲਾਈ ਮੋਟਰ ਸਾਈਕਲਾਂ ਦੀ ਕਤਾਰ
ਅਸ਼ੋਕ ਵਰਮਾ, ਬਠਿੰਡਾ 5 ਸਤੰਬਰ 2024
ਪੁਲਿਸ ਨੇ ਮੋਟਰ ਸਾਇਕਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 22 ਮੋਟਰਸਾਇਕਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ । ਡੀ.ਐੱਸ.ਪੀ, (ਇੰਨਵੈ:) ਬਠਿੰਡਾ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ-1 ਬਠਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਮੇਲ ਸਿੰਘ ਵਾਸੀ ਠੁੱਲੀਵਾਲ ਜਿਲ੍ਹਾ ਬਰਨਾਲਾ ਹਾਲ ਅਬਾਦ ਭੁੱਚੋ ਮੰਡੀ ਬਠਿੰਡਾ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਪੁੱਤਰ ਵਿਸ਼ਨੂੰ ਦੱਤ ਵਾਸੀ ਪੱਤੀ ਜੱਸਾ ਮੱਸਾ,ਪਿੰਡ ਰਾਮਪੁਰਾ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਚੋਂ ਮੋਟਰ ਸਾਈਕਲ ਆਦਿ ਚੋਰੀ ਕਰਦੇ ਅਤੇ ਆਪਣੀ ਵਰਤੋ ਲਈ ਰੱਖਦੇ ਹਨ। ਜਿਸ ਦੇ ਅਧਾਰ ਤੇ ਥਾਣਾ ਨਥਾਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੰਘੀ ਦੋ ਸਤੰਬਰ ਨੂੰ ਬਲਵਿੰਦਰ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਨੂੰ ਗ੍ਰਿਫਤਾਰ ਕਰਕੇ 1 ਮੋਟਰਸਾਇਕਲ ਬਰਾਮਦ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਵੱਲੋਂ ਪੁਲਿਸ ਕੋਲ ਕੀਤੇ ਇੰਕਸ਼ਾਫ ਦੇ ਅਧਾਰ ਤੇ ਹਸਪਤਾਲ ਭੁੱਚੋ ਮੰਡੀ ਲਾਗੇ ਇੱਕ ਮਕਾਨ ਵਿੱਚੋ 9 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਚੋਰੀ ਦੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਗੁਰੀ ਅਤੇ ਸੁਖਵਿੰਦਰ ਕੁਮਾਰ ਉਰਫ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ । ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਟਰ ਸਾਇਕਲ ਚੋਰੀ ਕਰਨ ਸਮੇਂ ਬਲਵਿੰਦਰ ਸਿੰਘ ਉਰਫ ਗੁਰੀ ਦੇ ਨਾਲ ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਪੁੱਤਰ ਟੱਲਾ ਸਿੰਘ ਵਾਸੀ ਪਿੰਡ ਚਨਾਰਥਲ ਜ਼ਿਲ੍ਹਾ-ਬਠਿੰਡਾ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਪੁੱਤਰ ਓਮ ਪ੍ਰਕਾਸ਼ ਵਾਸੀ ਭੁੱਚੋ ਮੰਡੀ ਵੀ ਨਾਲ ਹੁੰਦੇ ਸਨ । ਉਨ੍ਹਾਂ ਦੱਸਿਆ ਕਿ ਗੁਰਤੇਜ ਸਿੰਘ ਉਰਫ ਗੁਰਾ ਉਰਫ ਰਾਜੂ ਅਤੇ ਰਾਕੇਸ਼ ਕੁਮਾਰ ਉਰਫ ਨੰਨਾ ਨੂੰ ਗ੍ਰਿਫਤਾਰ ਕਰਕੇ 12 ਹੋਰ ਮੋਟਰ ਸਾਈਕਲ ਬਰਾਮਦ ਕੀਤੇ ਹਨ।