ਓੁਹ ਹਸਪਤਾਲ ‘ਚ ਤੜਫਦਾ ਰਿਹਾ ਪਰ, ਕਿਸੇ ਨੇ ਨਹੀਂ ਕੀਤਾ ਇਲਾਜ਼…!
ਹਰਿੰਦਰ ਨਿੱਕਾ, ਬਰਨਾਲਾ 17 ਅਗਸਤ 2024
ਸਿਆਣਿਆਂ ਤੋਂ ਅਕਸਰ ਹੀ, ਹਰ ਕਿਸੇ ਨੂੰ ਕਦੇ ਨਾ ਕਦੇ, ਇਹ ਸੁਣਨ ਨੂੰ ਜਰੂਰ ਮਿਲਿਆ ਹੀ ਹੋਵੇਗਾ ਕਿ ਮੌਤ ਖੁਦ ਚੱਲ ਕੇ ਕਿਸੇ ਕੋਲ ਨਹੀਂ ਜਾਂਦੀ, ਬਲਕਿ ਵਿਅਕਤੀ ਖੁਦ ਚੱਲ ਕੇ ਹੀ ਮੌਤ ਕੋਲ ਪਹੁੰਚਦਾ ਹੈ। ਅਜਿਹਾ ਹੀ ਦਰਦਨਾਕ ਘਟਨਾਕ੍ਰਮ ਅਜਾਦੀ ਦਿਹਾੜੇ ਦੀ ਰਾਤ ਨੂੰ ਬਰਨਾਲਾ- ਹੰਡਿਆਇਆ ਮੁੱਖ ਸੜਕ ਤੇ ਵਾਪਰਿਆ। ਆਪਣੇ ਘਰ ਵੱਲ ਜਾ ਰਹੇ, ਦੋ ਦੋਸਤ ਪਿੱਛੇ ਮੁੜ ਆਏ ਤੇ, ਮੌਤ ਦੀ ਬੁੱਕਲ ਵਿੱਚ ਸਦਾ ਲਈ ਸਮਾ ਗਏ। ਹੋਇਆ ਇਉਂ ਕਿ 15 ਅਗਸਤ ਦੀ ਰਾਤ ਨੂੰ ਬਰਨਾਲਾ- ਹੰਡਿਆਇਆ ਮੁੱਖ ਸੜਕ ਤੇ ਸਥਿਤ ਸਿੰਮੀ ਪੈਲਸ ਦੇ ਸਾਹਮਣੇ ਗੀਤਾ ਥਰੈਡ ਫੈਕਟਰੀ ਵਿੱਚ ਕੰਮ ਕਰਦੇ ਦੋ ਜਣੇ, ਆਪਣੇ ਘਰ ਜਾਣ ਲਈ ਮੋਟਰ ਸਾਈਕਲ ਤੇ ਸਵਾਰ ਹੋ ਕੇ, ਰੇਲਵੇ ਸਟੇਸ਼ਨ ਬਰਨਾਲਾ ਵੱਲ ਨਿੱਕਲ ਪਏ, ਉੱਥੇ ਜਾ ਕੇ, ਉਨਾਂ ਨੂੰ ਪਤਾ ਲੱਗਿਆ ਤਾਂ ਉਨਾਂ ਦੀ ਟ੍ਰੇਨ ਕਾਫੀ ਸਮਾਂ ਲੇਟ ਆਉਣੀ ਸੀ, ਓੁਹ ਸਟੇਸ਼ਨ ਤੇ ਬਹਿ ਕੇ, ਇੰਤਜਾਰ ਕਰਨ ਦੀ ਬਜਾਏ, ਮੋਟਰ ਸਾਈਕਲ ਤੇ ਫਿਰ ਫੈਕਟਰੀ ਵੱਲ ਹੀ ਮੁੜ ਪਏ । ਫੈਕਟਰੀ ਤੋਂ ਥੋਡ੍ਹਾ, ਜਿਹਾ ਪਿੱਛੇ ਹੀ, ਘਾਤ ਲਗਾ ਕੇ ਉਨਾਂ ਦਾ ਇੰਤਜਾਰ ਕਰ ਰਹੀ, ਮੌਤ ਨੇ,ਦੋਵਾਂ ਦੋਸਤਾਂ ਨੂੰ ਪਲਾਂ ਵਿੱਚ ਹੀ, ਆਪਣੀ ਬੁੱਕਲ ਵਿੱਚ ਲੈ ਲਿਆ। ਯਾਨੀ ਘਰ ਜਾਣ ਲਈ, ਨਿੱਕਲੇ ਦੋ ਵਿਅਕਤੀਆਂ ਨੂੰ ਮੌਤ, ਫਿਰ ਪਿੱਛੇ ਵੱਲ ਮੋੜ ਕੇ ਲੈ ਆਈ। ਹੁਣ ਉਨ੍ਹਾਂ ਦੋਵਾਂ ਜਣਿਆਂ ਦੇ ਘਰ,ਉਹ ਖੁਦ ਚੱਲ ਕੇ ਨਹੀਂ, ਬਲਕਿ ਉਨਾਂ ਦੀਆਂ ਲਾਸ਼ਾਂ ਹੀ, ਉਨਾਂ ਦੇ ਸਾਥੀ ਲੈ ਕੇ ਪਹੁੰਚਣਗੇ। ਪੁਲਿਸ ਨੇ ਆਈ 20 ਕਾਰ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਮੁੱਦਈ ਮੁਕੱਦਮਾਂ ਇਸਤਿਆਗ ਪੁੱਤਰ ਸਤਾਰ ਵਾਸੀ ਗੀਤਾ ਟਰੇਡਜ ਫੈਕਟਰੀ ਹੰਡਿਆਇਆ ਰੋਡ, ਬਰਨਾਲਾ ਨੇ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਮੁਹੰਮਦ ਅਹਿਮਦ ਪੁੱਤਰ ਨਸੀਮ ਅਹਿਮਦ ਵਾਸੀ ਗਰਾਮ ਮਿੱਠੂਪੁਰ ਥਾਣਾ ਸਿਵਹਾਰਾ ਤਹਿਸੀਲ ਦਾਮਪੁਰ ਯੂ.ਪੀ. ਅਤੇ ਬੰਦੂ ਪੁੱਤਰ ਨਿਸਾਰ ਅਹਿਮਦ ਵਾਸੀ ਲੰਢਾਪੁਰ ਥਾਣਾ ਬਜਨੌਰ ਯੂ.ਪੀ. ਦੋਵੋਂ ਹਾਲ ਅਬਾਦ ਗੀਤਾ ਟਰੇਡਜ ਫੈਕਟਰੀ ਹੰਡਿਆਇਆ ਰੋਡ ਸਾਹਮਣੇ ਸਿੰਮੀ ਪੈਲਿਸ ਬਰਨਾਲਾ ਨੂੰ, ਮੋਟਰਸਾਇਕਲ ਪਰ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਛੱਡਣ ਗਿਆ ਸੀ। ਪਰੰਤੂ ਟ੍ਰੇਨ ਲੇਟ ਹੋਣ ਕਾਰਨ ਉਹ ਤਿੰਨੋਂ ਜਣੇ, ਫੈਕਟਰੀ ਵੱਲ ਵਾਪਿਸ ਆ ਰਹੇ ਸੀ। ਜਦੋਂ ਉਹ ਤਿੰਨੋਂ ਜਣੇ ਹੀਰੋ ਏਜੰਸੀ ਹੰਡਿਆਇਆ ਰੋਡ ਨੇੜੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਕਾਰ ਨੰਬਰੀ PB 19 V 7234 ਮਾਰਕਾ 1-20 ਰੰਗ ਚਿੱਟਾ ਨੇ ਮੋਟਰਸਾਇਕਲ ਨੂੰ ਟੱਕਰ ਮਾਰੀ। ‘ਤੇ ਅਸੀ ਉੱਥੇ ਹੀ ਡਿੱਗ ਪਏ ਅਤੇ ਸਾਰਿਆਂ ਦੇ ਕਾਫੀ ਸੱਟਾਂ ਲੱਗੀਆ। ਜਦੋਂ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਪਰ ਮੇਰੇ ਦੋਸਤਾਂ ਮੁਹੰਮਦ ਅਹਿਮਦ ਅਤੇ ਬੰਦੂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦੋਂਕਿ ਮੁਦਈ ਦੇ ਵੀ ਜਿਆਦਾ ਸੱਟਾਂ ਹੋਣ ਕਾਰਨ, ਉਸ ਨੂੰ ਗੁਰੂ ਗੋਬਿਦ ਸਿੰਘ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਭਰਾ ਨੇ ਲਾਏ ਗੰਭੀਰ ਦੋਸ਼..
ਮ੍ਰਿਤਕ, ਮੁਹੰਮਦ ਅਹਿਮਦ ਦੇ ਭਰਾ ਅਫਜ਼ਲ ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਚਚੇਰਾ ਭਰਾ ਮੁਹੰਮਦ ਅਹਿਮਦ ਹਸਪਤਾਲ ਵਿੱਚ ਤੜਫਦਾ ਰਿਹਾ, ਪਰ ਕਿਸੇ ਨੇ ਉਸ ਨੂੰ ਨਹੀਂ ਸੰਭਾਲਿਆ, ਹਸਪਤਾਲ ਵਿੱਚ ਤੜਫਦੇ ਮੁਹੰਮਦ ਅਹਿਮਦ ਦੀ ਵੀਡੀਓ ਵੀ ਉਸ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਜੇਕਰ,ਉਸ ਦੇ ਭਰਾ ਦੀ ਹਸਪਤਾਲ ਵਿੱਚ ਸੰਭਾਲ ਕੀਤੀ ਹੁੰਦੀ ਤਾਂ ਉਸ ਦੀ ਜਾਨ ਬਚ ਸਕਦੀ ਸੀ। ਅਫਜ਼ਲ ਨੇ ਦੱਸਿਆ ਕਿ ਮੁਹੰਮਦ ਅਹਿਮਦ ਦੀ ਪਤਨੀ ਦੀ ਵੀ, ਕੁੱਝ ਸਮਾਂ ਪਹਿਲਾਂ ਕੈਂਸਰ ਕਾਰਣ ਮੌਤ ਹੋ ਗਈ ਸੀ। ਉਨ੍ਹਾਂ ਪੁਲਿਸ ਦੀ ਕਾਰਜ਼ਸ਼ੈਲੀ ਤੇ ਸੁਆਲ ਖੜੇ ਕਰਦਿਆਂ ਦੋਸ਼ ਲਾਇਆ ਕਿ ਪੁਲਿਸ ਵਾਲੇ ਕਹਿੰਦੇ ਨੇ, ਕਿ ਮੁਹੰਮਦ ਅਹਿਮਦ ਦੀ ਮੌਕਾ ਪਰ ਹੀ ਮੌਤ ਹੋ ਗਈ ਸੀ, ਜਦੋਂਕਿ ਉਨ੍ਹਾਂ ਦੇ ਹੱਥ ਹਸਪਤਾਲ ਵਿੱਚ ਤੜਫਦੇ ਦੀ ਵੀਡੀੳ ਵੀ ਮੌਜੂਦ ਹੈ। ਉਨਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਹਾਦਸੇ ਤੋਂ ਬਾਅਦ ਫੈਕਟਰੀ ਦੇ ਕੁੱਝ ਕਰਮਚਾਰੀ, ਪੁਲਿਸ ਕੋਲ ਪਹੁੰਚੇ ਸੀ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ,ਪਰੰਤੂ ਅੱਜ ਪੁੱਛੇ ਜਾਣ ਤੇ, ਪੁਲਿਸ ਵਾਲਿਆਂ ਨੇ ਕਿਹਾ ਕਿ ਦੋਸ਼ੀ ਦੀ ਗਿਰਫਤਾਰੀ ਹਾਲੇ ਨਹੀਂ ਹੋਈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਦਸੇ ਦੀ ਅਤੇ ਹਸਪਤਾਲ ਦੇ ਡਿਊਟੀ ਤੇ ਤਾਇਨਾਤ ਸਟਾਫ ਦੀ ਕਥਿਤ ਲਾਪਰਵਾਹੀ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਦਈ ਦੇ ਬਿਆਨ ਪਰ, ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਉਸ ਦੀ ਸ਼ਨਾਖਤ ਕਰਕੇ,ਉਸ ਨੂੰ ਕਾਬੂ ਕਰ ਲਿਆ ਜਾਵੇਗਾ।