ਹਰਿੰਦਰ ਨਿੱਕਾ, ਪਟਿਆਲਾ 17 ਅਗਸਤ 2024
ਇੱਕ ਮਹਿਲਾ ਤਹਿਸੀਲਦਾਰ ਦੇ ਖਿਲਾਫ ਸ਼ਕਾਇਤਾਂ ਦੇ ਕੇ,ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਡਰ ਦਿਖਾ ਕਰ ਬਲੈਕਮੇਲ ਕਰਨ ਵਾਲੇ ਇੱਕ ਵਿਅਕਤੀ ਦੇ ਖਿਲਾਫ ਪੁਲਿਸ ਨੇ ਪਟਿਆਲਾ ਜਿਲ੍ਹੇ ਅਧੀਨ ਪੈਂਦੇ ਥਾਣਾ ਜੁਲਕਾ ਵਿਖੇ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਕੇ,ਪੁਲਿਸ ਨੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾਕ੍ਰਮ ਦੀ ਸ਼ੁਰੂਆਤ ਬੇਸ਼ੱਕ ਕਰੀਬ 2 ਵਰ੍ਹੇ ਪਹਿਲਾਂ ਹੋਈ ਸੀ,ਜਦੋਂ ਤਹਿਸੀਲਦਾਰ, ਦੂਧਨ ਸਾਧਾ ਵਿਖੇ ਤਾਇਨਾਤ ਸੀ। ਪਰੰਤੂ ਪੁਲਿਸ ਨੇ ਨਾਮਜ਼ਦ ਦੋਸ਼ੀ ਦੇ ਖਿਲਾਫ ਪਰਚਾ ਲੰਘੀ ਕੱਲ੍ਹ ਦਰਜ ਕੀਤਾ ਹੈ।
ਕੀ ਕਹਿੰਦੀ ਐ FIR No. 68
ਪਟਿਆਲਾ ਜਿਲ੍ਹੇ ਦੀ ਤਹਿਸੀਲ ਦੂਧਨ ਸਾਧਾ ਦੀ ਤਤਕਾਲੀ ਤਹਿਸੀਲਦਾਰ ਮਨਦੀਪ ਕੌਰ ਵਾਸੀ ਸਿੱਧੂ ਅਸਟੇਟ ਭਾਦਸੋਂ ਰੋਡ ਪਟਿਆਲਾ ਵੱਲੋਂ ਲੰਘੀ ਕੱਲ੍ਹ ਦਰਜ ਹੋਈ ਐਫਆਈਆਰ ਅਨੁਸਾਰ ਤਹਿਸੀਲਦਾਰ ਮਨਦੀਪ ਕੌਰ ਸਾਲ 2022 ਵਿੱਚ, ਤਹਿਸੀਲ ਦੂਧਨ ਸਾਧਾ ਵਿਖੇ ਤਾਇਨਾਤ ਸੀ ਤਾਂ ਉਦੋਂ ਨਾਮਜ਼ਦ ਦੋਸ਼ੀ ਅਸ਼ੋਕ ਗਿਰ ਪੁੱਤਰ ਹੁਕਮ ਗਿਰ ਵਾਸੀ ਪਿੰਡ ਬਹਾਦਰਪੁਰ ਫਕੀਰਾ, ਥਾਣਾ ਜੁਲਕਾ, ਉਸ ਪਾਸ ਆਫਰ ਲੈ ਕੇ ਆਇਆ ਸੀ ਕਿ ਜੇਕਰ ਉਹ ਉਸ ਦੇ ਕਹਿਣ ਪਰ ਲੋਕਾਂ ਦੇ ਕੰਮ ਕਰੇ ਤਾਂ ਉਹ, ਮੁਦਈ ਤਹਿਸੀਲਦਾਰ ਨੂੰ ਮੋਟੀ ਕਮਾਈ ਕਰਵਾ ਸਕਦਾ ਹੈ। ਪਰ ਮੁਦਈ ਵੱਲੋਂ ਅਜਿਹਾ ਕਰਨ ਤੋਂ ਜਵਾਬ ਦੇਣ ਪਰ ਨਾਮਜ਼ਦ ਦੋਸ਼ੀ ਨੇ ਮੁਦਈ ਖਿਲਾਫ ਝੂਠੀਆਂ ਦੁਰਖਾਸਤਾਂ ਦੇ ਕੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆ ਧਮਕੀਆ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੇ ਬਲੈਕਮੈਲ ਕਰਕੇ, ਤਹਿਸੀਲਦਾਰ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ। ਪੁਲਿਸ ਨੇ ਤਹਿਸੀਲਦਾਰ ਦੀ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਅਸ਼ੋਕ ਗਿਰ ਦੇ ਖਿਲਾਫ U/S 384/ 389/ 186/ 506 IPC ਤਹਿਤ ਥਾਣਾ ਜੁਲਕਾ ਵਿਖੇ ਕੇਸ ਦਰਜ ਕਰਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।