ਨਗਰ ਕੌਂਸਲ ਪ੍ਰਬੰਧਕਾਂ ਦੇ ਮੋਢਿਆਂ ਤੇ ਪਿਆ, ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਨ ਦਾ ਭਾਰ
ਹਰਿੰਦਰ ਨਿੱਕਾ, ਬਰਨਾਲਾ 14 ਅਗਸਤ 2024
ਸੂਬਾ ਸਰਕਾਰ ਦੀ ਕਥਿਤ ਸ਼ਹਿ ‘ਤੇ ਲੰਘੇ ਕਰੀਬ ਢਾਈ ਸਾਲ ਤੋਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਤੋਂ ਮੂੰਹ ਮੋੜੀ ਬੈਠੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਪ੍ਰਬੰਧਕਾਂ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਦਖਲ ਤੋਂ ਬਾਅਦ ਹੱਥਾਂ ਪੈਰਾਂ ਦੀ ਪੈ ਗਈ ਹੈੇ। ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਦਾ ਸਾਰਾ ਭਾਰ ਹੋਣ ਪ੍ਰਸ਼ਾਸ਼ਨ ਦੇ ਮੋਢਿਆਂ ਤੇ ਆ ਗਿਆ ਹੈ। ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਲਈ ਸਭ ਤੋਂ ਮਜਬੂਤ ਦਾਅਵੇਦਾਰ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਦੀ ਅਗਵਾਈ ਵਿੱਚ ਹਾਈਕੋਰਟ ਦਾ ਦਰਵਾਜਾ ਖੜਕਾਉਣ ਵਾਲੇ ਕੌਂਸਲਰਾਂ ਵਿੱਚੋਂ ਕੁੱਝ ਕੌਂਸਲਰਾਂ ਨੇ ਅੱਜ ਨਗਰ ਕੌਂਸਲ ਬਰਨਾਲੇ ਦੇ ਮੀਤ ਪ੍ਰਧਾਨ ਦੀ ਚੋਣ ਸੰਬੰਧੀ 8 ਅਗਸਤ ਨੂੰ ਜ਼ਾਰੀ ਕੀਤੇ ਹੁਕਮਾਂ ਦੇ ਕਾਪੀ ‘ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਗੈਰਹਾਜ਼ਰੀ ਵਿੱਚ ਕੌਂਸਲ ਦੇ ਲੇਖਾਕਾਰ ਰਜਨੀਸ਼ ਕੁਮਾਰ ਨੂੰ ਸੌਂਪੀ ਦਿੱਤੀ। ਕੌਂਸਲਰਾਂ ਦੇ ਇਸ ਕਦਮ ਦੇ ਨਾਲ ਮੀਤ ਪ੍ਰਧਾਨ ਦੀ ਚੋਣ ਲਈ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਹੈ।
ਵਰਣਨਣਯੋਗ ਹੈ ਕਿ ਨਗਰ ਕੌਂਸਲ ਦੇ ਮੌਜੂਦਾ ਹਾਊਸ ਦੇ ਪਹਿਲੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਦਾ ਇੱਕ ਸਾਲ ਦਾ ਕਾਰਜਕਾਲ ਪੂਰਾ ਹੋ ਤੋਂ ਬਾਅਦ ਵੀ ਚੋਣ ਨਾ ਕਰਵਾਏ ਜਾਣ ਕਾਰਣ ਬੀਤੇ ਕਰੀਬ ਢਾਈ ਸਾਲ ਤੋਂ ਮੀਤ ਪ੍ਰਧਾਨ ਦੀ ਕੁਰਸੀ ਖਾਲੀ ਪਈ ਹੈ। ਮੀਤ ਪ੍ਰਧਾਨ ਦੀ ਚੋਣ ਕਰਵਾਉਣ ਦੀ ਮੰਗ ਕਰਦਿਆਂ ਭਾਵੇਂ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਕਾਰਜਸਾਧਕ ਅਫ਼ਸਰ ਅਤੇ ਹੋਰਨਾਂ ਉੱਚ ਅਧਿਕਾਰੀਆਂ ਕੋਲ ਮੰਗ ਰੱਖੀ ਸੀੇ। ਚੋਣ ਨਾ ਹੋਣ ਦੀ ਸਭ ਤੋਂ ਵੱਡੀ ਵਜ੍ਹਾ, ਇਹੋ ਹੀ ਮੰਨੀ ਜਾ ਰਹੀ ਹੈ ਕਿ ਸੂਬੇ ਦੀ ਸਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਆਪਣੇ ਦਮ ਤੇ ਲੋੜੀਂਦਾ ਬਹੁਮਤ ਨਾ ਹੋਣ ਤੋਂ ਕਾਰਣ ‘ਮੀਤ ਪ੍ਰਧਾਨਗੀ ‘ਦਾ ਲਾਲੀਪਾਪ ,ਉਨ੍ਹਾਂ ਅੱਧੀ ਦਰਜ਼ਨ ਦੇ ਕਰੀਬ ਕੌਂਸਲਰਾਂ ਨੂੰ ਦੇ ਕੇ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਜਿਸ ਕਾਰਣ ਸਤਾਧਾਰੀ ਸਰਕਾਰੀ ਧਿਰ ਵਲੋਂ ਇਹ ਚੋਣ ਕਰਵਾਉਣ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ।
ਕੁੱਝ ਦਿਨ ਪਹਿਲਾਂ ਕੌਂਸਲ ਦੇ ਕੁੱਲ 31 ਕੌਂਸਲਰਾਂ ਵਿੱਚੋਂ 18 ਤੋਂ ਵਧੇਰੇ ਕੌਂਸਲਰਾਂ ਨੇ ਜਗਜੀਤ ਸਿੰਘ ਜੱਗੂ ਮੋਰ ਦੀ ਅਗਵਾਈ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾ ਕਿ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਅਪੀਲ ਕੀਤੀ ਸੀ, ਜਿਸ ਤੇ ਹਾਈਕੋਰਟ ਦੇ ਡਬਲ ਬੈਂਚ ਦੇ ਮਾਨਯੋਗ ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਕਰਮਜੀਤ ਸਿੰਘ ਦੇ ਬੈਂਚ ਵਲੋਂ 8 ਅਗਸਤ ਨੂੰ ਬਰਨਾਲਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਦਿਆਂ ਮੀਤ ਪ੍ਰਧਾਨ ਦੀ ਚੋਣ 4 ਹਫ਼ਤਿਆਂ ਦੇ ਅੰਦਰ -ਅੰਦਰ ਕਰਵਾਉਣ ਦੇ ਹੁਕਮ ਸੁਣਾਏ ਸਨ। ਉਕਤ ਫੈਸਲੇ ‘ਚ ਮਾਨਯੋਗ ਹਾਈਕੋਰਟ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਕਤ ਹੁਕਮ ਨਗਰ ਕੌਂਸਲ ਨੂੰ ਆਰਡਰ ਦੀ ਕਾਪੀ ‘ਰਸੀਵ’ ਕਰਵਾਉਣ ਤੋਂ ਬਾਅਦ ਲਾਗੂ ਹੋਣਗੇ। ਜਿਸ ਤੇ ਚਲਦਿਆਂ ਅੱਜ 18 ਕੌਂਸਲਰਾਂ ਵਾਲੇ ਧੜੇ ਵਲੋਂ ਉਕਤ ਆਰਡਰ ਦੀ ਕਾਪੀ ਕਾਰਜ ਸਾਧਕ ਅਫ਼ਸਰ ਦੀ ਗੈਰਹਾਜ਼ਰੀ ਚ ਨਗਰ ਕੌਂਸਲ ਦੇ ਲੇਖਾਕਾਰ ਰਜਨੀਸ਼ ਕੁਮਾਰ ਨੂੰ ‘ਰਸੀਵ’ ਕਰਵਾ ਦਿੱਤੀ।