ਅਸ਼ੋਕ ਵਰਮਾ, ਬਠਿੰਡਾ 26 ਜੁਲਾਈ 2024
ਕਰੋੜਾਂ ਰੁਪਏ ਦੀ ਡਰੱਗ ਤਸਕਰੀ ਸਬੰਧੀ ਪਿਛਲੇ ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਨੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਭੋਲਾ ਨੇ ਆਖਿਆ ਕਿ ਜੇਕਰ ਉਹ ਸੀਬੀਆਈ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਤਾਂ ਬੇਸ਼ੱਕ ਉਸ ਨੂੰ ਫਾਂਸੀ ਦੇ ਦਿੱਤੀ ਜਾਏ। ਆਪਣੇ ਪਿਤਾ ਬਲਸ਼ਿੰਦਰ ਸਿੰਘ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਬਠਿੰਡਾ ਜਿਲ੍ਹੇ ’ਚ ਸਥਿਤ ਪਿੰਡ ਰਾਏਕੇ ਕਲਾਂ ਪੁੱਜੇ ਜਗਦੀਸ਼ ਭੋਲਾ ਨੇ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੂੰ ਕਟਹਿਰੇ ’ਚ ਖੜ੍ਹਾਇਆ ਅਤੇ ਇਸ ਲਈ ਰਾਜਨੀਤੀ ਨੂੰ ਜਿੰਮੇਵਾਰ ਕਰਾਰ ਦਿੱਤਾ। ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਪਿਤਾ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਜਗਦੀਸ਼ ਭੋਲਾ ਨੂੰ ਜ਼ਮਾਨਤ ਦਿੱਤੀ ਸੀ। ਜਿਸ ਦੇ ਅਧਾਰ ਤੇ ਉਹ ਆਪਣੇ ਜੱਦੀ ਪਿੰਡ ਰਾਏਕੇ ਕਲਾਂ ਪੁੱਜਿਆ ਸੀ।
ਜਗਦੀਸ਼ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ 24 ਜੁਲਾਈ ਨੂੰ ਚੱਲ ਵੱਸਿਆ ਸੀ, ਜਿਸ ਤੋਂ ਬਾਅਦ ਭੋਲਾ ਨੇ ਅਦਾਲਤ ਕੋਲ ਇਸ ਸਬੰਧ ’ਚ ਅਪੀਲ ਕੀਤੀ ਸੀ। ਜਗਦੀਸ਼ ਭੋਲਾ ਨੂੰ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਲਿਆਂਦਾ ਗਿਆ ਅਤੇ ਅੰਤਿਮ ਰਸਮਾਂ ਦੇ ਨਿਪਟਾਰੇ ਤੋਂ ਬਾਅਦ ਪੁਲਿਸ ਉਸ ਨੂੰ ਵਾਪਿਸ ਲੈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਦੀਸ਼ ਭੋਲਾ ਨੇ ਦੋਸ਼ ਲਾਇਆ ਕਿ ਉਸ ਨੂੰ ਡਰੱਗ ਤਸਕਰੀ ਨਾਲ ਜੁੜੇ ਕੇਸਾਂ ਵਿੱਚ ਫਸਾਇਆ ਗਿਆ ਹੈ। ਇਸ ’ਚ ਉਸ ਦੀ ਕੋਈ ਵੀ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਆਸਤ ਹੋਈ ਹੈ ਅਤੇ ਹੁਣ ਵੀ ਹੋ ਰਹੀ ਹੈ ਇਸ ਲਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਡਰੱਗ ਤਸਕਰੀ ਨਾਲ ਜੁੜੇ ਇਸ ਮਾਮਲੇ ਦੀ ਪੜਤਾਲ ਸੀ. ਬੀ. ਆਈ. ਨੂੰ ਸੌਂਪ ਦੇਣੀ ਚਾਹੀਦੀ ਹੈ।
ਭੋਲਾ ਨੇ ਕਿਹਾ ਕਿ ਇਸ ਜਾਂਚ ਦੌਰਾਨ ਜੇ ਮੈਂ ਦੋਸ਼ੀ ਪਾਇਆ ਗਿਆ ਤਾਂ ਬੇਸ਼ੱਕ ਮੈਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ। ਭੋਲਾ ਨੇ ਕਿਹਾ ਕਿ ਡਰੱਗ ਮਾਮਲੇ ’ਚ ਉਸ ਨਾਲ ਜਿੰਨੇ ਵੀ ਵਿਅਕਤੀ ਸਨ, ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ, ਪਰ ਉਸ ਨੂੰ ਜਮਾਨਤ ਵੀ ਨਹੀਂ ਦਿੱਤੀ ਜਾ ਰਹੀ ਹੈ। ਭੋਲਾ ਨੇ ਮੁੜ ਦਾਅਵੇ ਨਾਲ ਕਿਹਾ ਕਿ ਉਹ ਰਾਜਨੀਤੀ ਦਾ ਸ਼ਿਕਾਰ ਹੋਇਆ ਹੈ। ਭੋਲਾ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਉਸ ਨੂੰ ਜੇਲ੍ਹ ’ਚ ਬੰਦ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਅੰਦਰ ਉਸ ’ਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀਂ ਪਾਇਆ ਗਿਆ। ਜਗਦੀਸ਼ ਭੋਲਾ ਨੂੰ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਸੰਗੀਨ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ।