ਅਸ਼ੀਸ਼ ਜਿੰਦਲ ਦੇ ਪਰਿਵਾਰ ਨੇ 15 ਲੋੜਵੰਦ ਵਿਦਿਆਰਥੀਆਂ ਦੀ ਸਾਲ ਭਰ ਦੀ ਫੀਸ ਵੀ ਪ੍ਰਬੰਧਕਾਂ ਨੂੰ ਕਰਵਾਈ ਜਮਾਂ
ਪ੍ਰਤੀਕ ਸਿੰਘ ਬਰਨਾਲਾ 2 ਜੁਲਾਈ 2020
ਡਾਕਟਰ ਸਾਧੂ ਰਾਮ ਜਿੰਦਲ ਯਾਦਗਾਰੀ ਵਜੀਫਾ ਸਕੀਮ ਤਹਿਤ ਬੁੱਧਵਾਰ ਨੂੰ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜੀਫਾ ਵੰਡਿਆ ਗਿਆ। ਕਰੋਨਾ ਸੰਕਟ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਆਯੋਜਿਤ ਇਕ ਸਾਦੇ ਸਮਾਗਮ ਦੌਰਾਨ ਵਿਦਿਆਰਥੀਆਂ ਦੀ ਆਪਸੀ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੌਕੇ ਸਕੂਲ ਮੁੱਖੀ ਰਾਜਮਹਿੰਦਰ ਨੇ ਦੱਸਿਆ ਕਿ ਜਿੰਦਲ ਉਦਯੋਗ ਅਫਰੀਕਾ ਦੇ ਸੀ.ਓ ਰੈਂਕ ਦੇ ਪਦ ਤੇ ਤਾਇਨਾਤ ਅਸ਼ੀਸ਼ ਜਿੰਦਲ ਨੇ 1984 ਵਿੱਚ ਇਸ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ। ਜਿੰਦਲ ਨੇ ਆਪਣੇ ਪਿਤਾ ਡਾਕਟਰ ਸਾਧੂ ਰਾਮ ਜਿੰਦਲ ਦੀ ਯਾਦ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਲਈ ਵਜੀਫਾ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦੇ ਤਹਿਤ ਸਕੂਲ ਦੇ ਜਿੰਨਾਂ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ,ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਵਜੀਫਾ ਰਾਸ਼ੀ ਵੰਡੀ ਗਈ। ਇਸ ਮੌਕੇ ਜਿੰਦਲ ਪਰਿਵਾਰ ਵੱਲੋਂ ਸਕੂਲ ਦੇ 15 ਲੋੜਵੰਦ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫੀਸ ਵੀ ਪ੍ਰਬੰਧਕਾਂ ਨੂੰ ਜਮਾਂ ਕਰਵਾ ਦਿੱਤੀ ਗਈ । ਅਸ਼ੀਸ਼ ਜਿੰਦਲ ਦੇ ਪਰਿਵਾਰ ਵੱਲੋਂ ਪਿੰਸੀਪਲ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੇ ਪਿਤਾ ਤੇਜ ਰਾਮ ਨੇ ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਭੇਂਟ ਕੀਤੀ। ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਜਿੰਦਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਲਗਨ ਅਤੇ ਮਿਹਨਤ ਨਾਲ ਪੜਾਈ ਕਰਨੀ ਚਾਹੀਦੀ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਖਮਹਿੰਦਰ ਸੰਧੂ, ਰੀਟਾ ਰਾਣੀ, ਸੁਮਨ ਲਤਾ, ਵੀਨਾ ਚੱਡਾ, ਨਵੀਨਾ ਰਾਣੀ, ਚਰਨਜੀਤ ਸ਼ਰਮਾ, ਪਰਵੀਨ ਕੁਮਾਰ, ਰੀਨਾ ਰਾਣੀ, ਰੂਬੀ ਸਿੰਗਲਾ ਅਤੇ ਰਵਨੀਤ ਕੌਰ ਆਦਿ ਵੀ ਹਾਜ਼ਰ ਸਨ ।