ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸਨ ਜਿਲੇ ਵਿੱਚ ਵੱਖ ਵੱਖ ਥਾਵਾਂ ਤੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਅਜੀਤ ਸਿੰਘ ਕਲਸੀ ਬਰਨਾਲਾ 2 ਜੁਲਾਈ 2020
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸਨ ਜਿਲ੍ਹਾ ਬਰਨਾਲਾ ਇਕਾਈ ਦੀ ਜਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਅਨਿਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸਨ ਵੱਲੋਂ 3 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਰੋਸ਼ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਹੈ ਤੇ ਇਸੇ ਕੜੀ ਵਜੋਂ ਬਰਨਾਲਾ ਜਿਲ੍ਹੇ ਵਿੱਚ ਵੀ ਜਿਲ੍ਹੇ ਦੇ 10 ਵੱਖ ਵੱਖ ਥਾਵਾਂ ਤੇ ਰੋਸ਼ ਮੁਜਾਹਰੇ ਕੀਤੇ ਜਾਣਗੇ ।ਇਸ ਮੌਕੇ ਫੈਡਰੇਸਨ ਦੇ ਜਿਲ੍ਹਾ ਵਿੱਤ ਸਕੱਤਰ ਦਰਸਨ ਚੀਮਾ ,ਜਿਲ੍ਹਾ ਆਗੂ ਅਮਰੀਕ ਸਿੰਘ ਭੱਦਲਵੱਡ, ਈਸਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਕੈਦਰ ਸਰਕਾਰਾਂ ਲਗਾਤਾਰ ਮੁਲਾਜ਼ਮ ਮੰਗਾਂ ਨੂੰ ਅਣਦੇਖਿਆ ਕਰ ਰਹੀ ਹੈ, ਛੇਵੇਂ ਪੇ ਕਮਿਸਨ ਦੀ ਮਿਆਦ ਨੂੰ ਹਰ ਵਾਰ ਛੇ ਮਹੀਨੇ ਅੱਗੇ ਵਧਾ ਦਿੰਦੀ ਹੈ, ਡੀ.ਏ. ਨੂੰ ਫਰੀਜ ਕਰ ਦਿੱਤਾ ਗਿਆ ਹੈ, ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਕੱਚੇ ਕਾਮਿਆਂ ਨੂੰ ਪੱਕੇ ਨਾ ਕਰ ਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਜਿਸ ਕਾਰਣ ਕਰੋਨਾ ਸੰਕਟ ਵਿੱਚ ਵੀ ਮਜਬੂਰਨ ਮੁਲਾਜ਼ਮਾਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਇੱਕ ਵੱਖਰੇ ਮਤੇ ਰਾਹੀਂ ਜਲ ਸਪਲਾਈ ਕਾਮਿਆਂ ਵੱਲੋਂ ਪਟਿਆਲਾ ਵਿਖੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਮੁੱਖ ਦਫਤਰ ਅੱਗੇ ੨੨ ਜੂਨ ਤੋਂ ਚੱਲ ਰਹੇ ਪੱਕੇ ਮੋਰਚੇ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਕਾਮਿਆ ਦਾ ਘੋਲ ਹਰ ਤਰ੍ਹਾਂ ਨਾਲ ਵਾਜਿਬ ਹੈ ਅਤੇ ਇਸ ਘੋਲ ਨੂੰ ਫੈਡਰੇਸਨ ਵੱਲੋਂ ਹਰ ਸੰਭਵ ਮੱਦਦ ਦਿੱਤੀ ਜਾਵੇਗੀ। ਆਗੂਆ ਨੇ ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਖਿਲਾਫ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਨ ਦੀ ਵੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।ਜਥੇਬੰਦੀ ਅਨੁਸਾਰ ਸੂਬਾ ਪ੍ਰਧਾਨ ਨੂੰ ਚਾਰਜਸ਼ੀਟ ਕਰਨਾ ਲੋਕਤੰਤਰੀ ਕਦਰਾ ਦਾ ਘਾਣ ਕਰਨਾ ਅਤੇ ਸੰਘਰਸ਼ੀ ਲੋਕਾਂ ਦੀ ਜੁਬਾਨਬੰਦੀ ਕਰਨਾ ਹੈ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਵਿੰਦਰ ਪਾਲ , ਬਲਵਿੰਦਰ ਸਿੰਘ ,ਹਰੀ ਚੰਦ, ਬਿੰਦਰ ਸਿੰਘ ਬੀ.ਐਂਡ ਆਰ, ਹਾਜ਼ਰ ਸਨ।