ਪੁੱਡਾ ਅਪਰੂਵਡ ਕਲੋਨੀ ਚ, ਗੈਰ ਕਾਨੂੰਨੀ ਢੰਗ ਨਾਲ 1. 2 ਏਕੜ ਜਮੀਨ ਹੋਰ ਮਿਲਾਉਣ ਤੋਂ ਭੜਕੇ ਆਸਥਾ ਕਲੋਨੀ ਦੇ ਬਾਸ਼ਿੰਦੇ, ਜੰਮ ਕੇ ਕੀਤੀ ਨਾਰੇਬਾਜ਼ੀ
ਖਾਨਾਪੂਰਤੀ ਕਰਨ ਵਿੱਚ ਰੁੱਝਿਆ ਨਗਰ ਪ੍ਰਸ਼ਾਸ਼ਨ,
ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਕਿਹਾ , ਈਉ ਤੋਂ ਮੰਗੀ ਰਿਪੋਰਟ, ਨਗਰ ਕੌਂਸਲ ਦੀ 1 ਇੰਚ ਜਮੀਨ ਤੇ ਵੀ ਨਹੀਂ ਹੋਣ ਦਿਆਂਗੇ ਕਬਜ਼ਾ
ਹਰਿੰਦਰ ਨਿੱਕਾ ਬਰਨਾਲਾ 2 ਜੁਲਾਈ 2020
ਸ਼ਹਿਰ ਦੀ ਪ੍ਰਸਿੱਧ ਪੁੱਡਾ ਅਪਰੂਵਡ ਕਲੋਨੀ ਆਸਥਾ ਇਨਕਲੇਵ ਦੇ ਮਾਲਿਕ ਦੀਪਕ ਸੋਨੀ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੀ ਸ਼ਹਿ ਅਤੇ ਨਗਰ ਕੌਂਸਲ ਪ੍ਰਬੰਧਕਾਂ ਦੀ ਕਥਿਤ ਮਿਲੀਭੁਗਤ ਨਾਲ ਸਰਕਾਰੀ ਰਾਹ ਤੇ ਕਬਜ਼ਾ ਕਰਨ ਅਤੇ ਗੈਰ ਕਾਨੂੰਨੀ ਢੰਗ ਨਾਲ ਕਰੀਬ ਡੇਢ ਏਕੜ ਜਮੀਨ ਨੂੰ ਕਲੋਨੀ ਚ, ਸ਼ਾਮਿਲ ਕਰਨ ਦਾ ਕਾਫੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਕਲੋਨਾਈਜ਼ਰ ਦੀ ਇਸ ਧੱਕੇਸ਼ਾਹੀ ਦਾ ਅਕਾਲਗੜ੍ਹ ਬਸਤੀ ਦੇ ਲੋਕਾਂ ਅਤੇ ਆਸਥਾ ਕਲੋਨੀ ਦੇ ਬਸ਼ਿੰਦਿਆਂ ਨੇ ਭਾਰੀ ਵਿਰੋਧ ਕੀਤਾ ਹੈ। ਆਸਥਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਚ, ਕਲੋਨੀ ਵਾਸੀਆਂ ਨੇ ਕਲੋਨਾਈਜ਼ਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕਰਕੇ ਕਲੋਨਾਈਜ਼ਰ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕਰ ਦਿੱਤਾ।
ਸਰਕਾਰੀ ਗਲੀ ਨੂੰ ਗੇਟ ਲਾ ਕੇ ਬੰਦ ਕਰਨ ਦੇ ਵਿਰੁੱਧ ਫੈਲਿਆ ਰੋਸ
ਕਰੀਬ ਸਾਢੇ 34 ਏਕੜ ਜਮੀਨ ਵਿੱਚ ਕੱਟੀ ਪੁੱਡਾ ਅਪਰੂਵਡ ਇਸ ਕਲੋਨੀ ਦਾ ਕਲੋਨੀ ਪਾਸ ਕਰਵਾਉਣ ਮੌਕੇ ਦਿਖਾਇਆ ਮੁੱਖ ਗੇਟ ਧਨੌਲਾ ਰੋਡ ਤੇ ਬਿਜਲੀ ਬੋਰਡ ਦੇ ਦਫਤਰ ਦੇ ਸਾਹਮਣੇ ਹੈ। ਪਰੰਤੂ ਹੁਣ ਕਲੋਨਾਈਜ਼ਰ ਦੀਪਕ ਸੋਨੀ ਨੇ ਕਲੋਨੀ ਦੇ ਪਿਛਲੇ ਪਾਸੇ ਨਗਰ ਕੌਂਸਲ ਦੀ ਲੱਖਾਂ ਰੁਪਏ ਖਰਚ ਕਰਕੇ ਥੋੜ੍ਹਾ ਅਰਸਾ ਪਹਿਲਾਂ ਇੰਟਰਲੌਕ ਟਾਇਲਾਂ ਪਾ ਕੇ ਬਣਾਈ ਕਰੀਬ 150 ਫੁੱਟ ਗਲੀ ਨੂੰ ਕਲੋਨੀ ਚ, ਸ਼ਾਮਿਲ ਕਰਨ ਦੀ ਨੀਯਤ ਨਾਲ ਉੱਥੇ ਗੇਟ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਕੋਸ਼ਿਸ਼ ਦਾ ਅਕਾਲਗੜ ਬਸਤੀ ਅਤੇ ਆਸਥਾ ਕਲੋਨੀ ਵਾਸੀਆਂ ਨੇ ਭਾਰੀ ਵਿਰੋਧ ਕੀਤਾ। ਰੌਲਾ ਵਧਦਾ ਦੇਖ ਕੇ ਨਗਰ ਕੌਂਸਲ ਦੇ ਈ.ਉ ਮਨਪ੍ਰੀਤ ਸਿੰਘ ਨੇ ਹੋਰ ਕਮੇਟੀ ਕਰਮਚਾਰੀਆਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਅੱਖਾਂ ਪੂਝਣ ਲੲ ਮੌਕਾ ਮੁਆਇਨਾ ਕਰਕੇ ਕੰਮ ਵੀ ਰੋਕ ਦਿੱਤਾ। ਇੱਨ੍ਹਾਂ ਹੀ ਨਹੀਂ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਵੀ ਮੂਕ ਦਰਸ਼ਕ ਦੀ ਤਰਾਂ ਕਬਜ਼ਾ ਹੁੰਦਾ ਦੇਖਦੇ ਰਹੇ। ਕਲੌਨਾਈਜ਼ਰ ਦੁਆਰਾ ਲੋਕਾਂ ਦੇ ਵਿਰੋਧ ਨੂੰ ਕੁਚਲਣ ਲਈ ਕਲੋਨੀ ਤੋਂ ਬਾਹਰੀ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਪੈਸੇ ਅਤੇ ਰੁਤਬੇ ਦੀ ਤਾਕਤ ਦਾ ਖੁੱਲ੍ਹ ਕੇ ਮੁਜਾਹਿਰਾ ਵੀ ਕੀਤਾ ਗਿਆ।
ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ
ਬੇਸ਼ੱਕ ਭੜ੍ਹਕੇ ਹੋਏ ਲੋਕਾਂ ਨੂੰ ਸ਼ਾਂਤ ਕਰਨ ਲਈ, ਈ.ਉ ਗੇਟ ਲਾਉਣ ਦਾ ਕੰਮ ਰੋਕਣ ਲਈ ਕਹਿ ਕੇ ਚਲਿਆ ਗਿਆ। ਪਰੰਤੂ ਵੀਰਵਾਰ ਸ਼ਾਮ ਤੱਕ ਪ੍ਰਸ਼ਾਸ਼ਨ ਦੀ ਸ੍ਰਪਰਸਤੀ ਹੇਠ ਗੇਟ ਦੇ ਪਿਲਰ ਬਣਾਉਣ ਦਾ ਕੰਮ ਜੋਰਾਂ ਸ਼ੋਰਾਂ ਨਾਲ ਜ਼ਾਰੀ ਰਿਹਾ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਈ.ਉ ਜਾਂ ਕੋਈ ਹੋਰ ਕਰਮਚਾਰੀ ਸਰਕਾਰੀ ਗਲੀ/ ਰਾਹ ਤੇ ਹੋ ਰਿਹਾ ਨਜ਼ਾਇਜ਼ ਕਬਜ਼ਾ ਹਟਾਉਣ ਲਈ ਨਹੀਂ ਪਹੁੰਚਿਆ। ਪ੍ਰਸ਼ਾਸ਼ਨ ਦੀ ਸ਼ਹਿ ਉੱਪਰ ਕਲੋਨਾਈਜ਼ਰ ਦੀ ਦਿਖਾਈ ਇਸ ਹੈਂਕੜਬਾਜ਼ੀ ਨੇ ਇਮਾਨਦਾਰੀ ਦਾ ਢੌਂਗ ਕਰਨ ਵਾਲੇ ਆਲ੍ਹਾ ਅਧਿਕਾਰੀਆਂ ਦੇ ਚਿਹਰੇ ਵੀ ਬੇਨਕਾਬ ਕਰ ਦਿੱਤੇ।
ਕੰਮ ਰੋਕ ਦਿੱਤਾ, ਵੈਰੀਫਿਕੇਸ਼ਨ ਜ਼ਾਰੀ-ਈਉ ਮਨਪ੍ਰੀਤ ਸਿੰਘ
ਨਗਰ ਕੌਂਸਲ ਦੇ ਈਉ ਮਨਪ੍ਰੀਤ ਸਿੰਘ ਨੇ ਨਗਰ ਕੌਂਸਲ ਦੁਆਰਾ ਕੁਝ ਸਮਾਂ ਬਣਾਈ ਗਲੀ ਤੇ ਹੋ ਰਹੇ ਨਜ਼ਾਇਜ਼ ਕਬਜ਼ੇ ਸਬੰਧੀ ਪੁੱਛਣ ਤੇ ਖਾਨਾਪੂਰਤੀ ਦੇ ਤੌਰ ਤੇ ਇੱਨ੍ਹਾ ਹੀ ਕਿਹਾ ਕਿ ਕੰਮ ਰੋਕ ਦਿੱਤਾ, ਵੈਰੀਫਿਕੇਸ਼ਨ ਜ਼ਾਰੀ ਹੈ। ਜਦੋਂ ਉਨ੍ਹਾਂ ਨੂੰ ਕੰਮ ਚੱਲਦਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਚੈਕ ਕਰ ਲੈਂਦੇ ਹਾਂ।
ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਕਿਹਾ , ਈਉ ਨੂੰ ਇਸ ਸਬੰਧੀ ਤੁਰੰਤ ਰਿਪੋਰਟ ਭੇਜ਼ਣ ਲਈ ਕਿਹਾ ਗਿਆ ਹੈ। ਉਨ੍ਹਾਂ ਬੜ੍ਹਕ ਮਾਰਦਿਆਂ ਕਿਹਾ ਕਿ ਉਹ ਨਗਰ ਕੌਂਸਲ ਦੀ 1 ਇੰਚ ਜਮੀਨ ਤੇ ਵੀ ਨਜਾਇਜ਼ ਕਬਜ਼ਾ ਨਹੀਂ ਹੋਣ ਦੇਣਗੇ।
- 34. 6 ਏਕੜ ਦੀ ਪੁੱਡਾ ਅਪਰੂਵਡ ਕਲੋਨੀ ਚ, ਹੁਣ ਤੱਕ ਗੈਰਕਾਨੂੰਨੀ ਢੰਗ ਨਾਲ ਕੀਤਾ 7 ਏਕੜ ਦਾ ਵਾਧਾ
ਆਸਥਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਐਮਸੀ ਕੁਲਦੀਪ ਸਿੰਘ ਧਰਮਾ, ਮੀਤ ਪ੍ਰਧਾਨ ਕੁਸ਼ਲ ਬਾਂਸਲ, ਜਰਨਲ ਸਕੱਤਰ ਰਾਜੇਸ਼ ਸਿੰਗਲਾ ਅਤੇ ਸ੍ਰਪਰਸਤ ਅਰੁਣ ਕੁਮਾਰ ਨੇ ਕਿਹਾ ਕਿ ਕਲੋਨਾਈਜ਼ਰ ਨੇ 34. 6 ਏਕੜ ਜਮੀਨ ਵਿੱਚ ਕਲੋਨੀ ਕੱਟੀ ਸੀ। ਕਰੀਬ 300 ਪਲਾਟ ਦੀ ਯੋਜ਼ਨਾ ਲਈ ਇੱਕ ਪਾਣੀ ਦੀ ਟੈਂਕੀ, ਸੀਵਰੇਜ, ਸੜ੍ਹਕਾਂ ਤੇ ਪਾਰਕ ਆਦਿ ਸਹੂਲਤਾਂ ਅਤੇ ਕਲੋਨੀ ਵਾਸੀਆਂ ਦੀ ਸੁਰੱਖਿਆ ਲਈ ਚਾਰਦੀਵਾਰੀ ਨਕਸ਼ੇ ਚ, ਦਿਖਾਈ ਗਈ ਸੀ। ਪਰੰਤੂ ਕੁਝ ਸਮੇਂ ਦੇ ਦੌਰਾਨ ਹੀ ਕਲੋਨਾਈਜ਼ਰ ਨੇ ਕਰੀਬ 6 ਏਕੜ ਹੋਰ ਜਮੀਨ ਵੀ ਇਸੇ ਕਲੋਨੀ ਚ, ਗੈਰਕਾਨੂੰਨੀ ਢੰਗ ਨਾਲ ਮਿਲਾ ਦਿੱਤੀ ਗਈ। ਉਹ ਫਿਰ ਵੀ ਚੁੱਪਚਾਪ ਸਹਿਣ ਕਰਦੇ ਰਹੇ। ਹੁਣ ਫਿਰ ਕਲੋਨਾਈਜ਼ਰ ਨੇ ਅਕਾਲਗੜ੍ਹ ਬਸਤੀ ਵਾਲੇ ਪਾਸੇ ਕਰੀਬ 1.2 ਏਕੜ ਜਮੀਨ ਸਸਤੇ ਭਾਅ ਤੇ ਖਰੀਦ ਕੇ ਕਲੋਨੀ ਚ, ਮਿਲਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕਲੋਨਾਈਜਰ ਇਹ ਜਮੀਨ ਦੀ ਮੰਜੂਰੀ ਲੈਣ ਦਾ ਦਾਅਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੱਡਾ ਦੇ ਨਿਯਮਾਂ ਅਨੁਸਾਰ ਕੋਈ ਵੀ ਐਕਸਟੈਂਸ਼ਨ ਯਾਨੀ ਵਾਧੇ ਨੂੰ ਪੁਰਾਣੀ ਅਪਰੂਵਡ ਕਲੋਨੀ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਅਜਿਹਾ ਕਰਕੇ ਕਲੋਨਾਈਜ਼ਰ ਕਾਨੂੰਨ ਦੇ ਬਰਖਿਲਾਫ ਅਤੇ ਕਲੋਨੀ ਵਾਸੀਆਂ ਨਾਲ ਵਾਅਦਾ ਖਿਲਾਫੀ ਕਰ ਰਿਹਾ ਹੈ। ਜਿਸ ਦੇ ਖਿਲਾਫ ਉਨ੍ਹਾਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।
ਪੁਲਿਸ ਨੂੰ ਦਿੱਤੇ ਲੱਖਾਂ ਰੁਪਏ ਦੇ ਦਾਨ ਦੀ ਆੜ ਚ, ਕਲੋਨਾਈਜ਼ਰ ਉਠਾ ਰਿਹਾ ਕਰੋੜਾਂ ਦਾ ਲਾਭ
ਵਰਨਣਯੋਗ ਹੈ ਕਿ ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ ਨੇ ਕੋਵਿਡ 19 ਮਹਾਂਮਾਰੀ ਦੇ ਸ਼ੁਰੂਆਤ ਸਮੇਂ ਲੌਕਡਾਉਨ ਦੌਰਾਨ ਇਲਾਕੇ ਦੇ ਲੋਕਾਂ ਨੂੰ ਰਾਸ਼ਨ ਵੰਡਣ ਦੇ ਨਾਮ ਹੇਠ ਪੁਲਿਸ ਦੁਆਰਾ ਸ਼ੁਰੂ ਕੀਤੀ ਫੰਡ ਵਸੂਲੀ ਚ, ਲੱਖਾਂ ਰੁਪਏ ਦੀ ਸਹਾਇਤਾ ਖੁਦ ਦਿੱਤੀ ਸੀ। ਇੱਨਾਂ ਹੀ ਨਹੀਂ ਸੋਨੀ ਨੇ ਸ਼ਹਿਰ ਦੇ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਪੁਲਿਸ ਨੂੰ ਕਰੋੜਾਂ ਰੁਪਏ ਫੰਡ ਇਕੱਠਾ ਕਰਨ ਚ, ਮੋਹਰੀ ਭੂਮਿਕਾ ਨਿਭਾਈ ਸੀ। ਹੁਣ ਉਸ ਲੱਖਾਂ ਰੁਪਏ ਦੇ ਦਿੱਤੇ ਦਾਨ ਦੀ ਆੜ ਚ, ਹੀ ਉਹ ਖੁਦ ਸਸਤੇ ਭਾਅ ਤੇ ਖਰੀਦੀ ਜਮੀਨ ਨੂੰ ਕਰੀਬ 10 ਗੁਣਾ ਜ਼ਿਆਦਾ ਰੇਟ ਦੇ ਵੇਚ ਕੇ ਕਥਿਤ ਤੌਰ ਤੇ ਕਰੋੜਾਂ ਰੁਪਏ ਕਮਾਉਣ ਦਾ ਜੁਗਾੜ ਕਰ ਰਿਹਾ ਹੈ।
ਸੋਨੀ ਨੇ ਕੀਤਾ ਦੋਸ਼ਾਂ ਦਾ ਖੰਡਨ, ਕਿਹਾ ਨਹੀਂ ਰੋਕ ਰਿਹਾ ਸਰਕਾਰੀ ਗਲੀ
ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ ਨੇ ਕਿਹਾ ਕਿ ਜਿਹੜੀ ਕਰੀਬ ਡੇਢ ਏਕੜ ਜਮੀਨ ਕਲੋਨੀ ਚ, ਗੈਰਕਾਨੂੰਨੀ ਢੰਗ ਨਾਲ ਮਿਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਹ ਬਿਲਕੁਲ ਝੂਠ ਹੈ। ਇਸ ਜਮੀਨ ਤੇ ਕਲੋਨੀ ਬਣਾਉਣ ਦੀ ਮੰਜੂਰੀ ਬਕਾਇਦਾ ਸਾਲ 2019 ਚ, ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਦਸਤਾਵੇਜ਼ ਨਗਰ ਕੌਂਸਲ ਦੇ ਈਉ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਦਿਖਾ ਕੇ ਤਸੱਲੀ ਕਰਵਾ ਦਿੱਤੀ ਗਈ ਹੈ। ਉਨ੍ਹਾਂ ਸਰਕਾਰੀ ਰਾਹ ਨੂੰ ਬੰਦ ਕਰਨ ਲਈ ਲਾਏ ਜਾ ਰਹੇ ਗੇਟ ਸਬੰਧੀ ਕਿਹਾ ਕਿ ਸਰਕਾਰੀ ਰਾਹ 16 ਫੁੱਟ ਚੌੜਾ ਹੈ। ਜਿਸ ਚ, ਉਹ ਆਪਣੀ ਜਮੀਨ ਵਿੱਚੋਂ 23 ਫੁੱਟ ਹੋਰ ਜਗ੍ਹਾ ਹੋਰ ਸ਼ਾਮਿਲ ਕਰ ਰਹੇ ਹਨ। ਉਹ ਗੇਟ ਜਰੂਰ ਲਾ ਰਹੇ ਹਨ,ਪਰੰਤੂ ਗੇਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਲੋਨੀ ਦੇ 95 ਪ੍ਰਤੀਸ਼ਤ ਲੋਕਾਂ ਨੂੰ ਕੋਈ ਵਿਰੋਧ ਨਹੀਂ ਹੈ। ਸਿਰਫ 5 ਪ੍ਰਤੀਸ਼ਤ ਲੋਕ ਹੀ ਇਸ ਦਾ ਵਿਰੋਧ ਕਰ ਰਹੇ ਹਨ।
–ਸੋਨੀ ਦੇ ਇਸ ਦਾਅਵੇ ਦਾ ਕਲੋਨੀ ਦੀ ਸੋਸਾਇਟੀ ਦੇ ਅਹੁਦੇਦਾਰਾਂ ਨੇ ਮਜਾਕ ਉਡਾਉਂਦਿਆ ਕਿਹਾ ਕਿ ਕਲੋਨੀ ਅੰਦਰ ਸਿਰਫ 155 ਦੇ ਕਰੀਬ ਲੋਕ ਰਹਿ ਰਹੇ ਹਨ। ਬਾਕੀ ਪਲਾਟ ਖਾਲੀ ਪਏ ਹਨ। ਕਲੋਨਾਈਜਰ ਖਾਲੀ ਪਲਾਟ ਮਾਲਿਕਾਂ ਤੋਂ ਦਸਤਖਤ ਕਰਵਾ ਕੇ ਪ੍ਰਸ਼ਾਸ਼ਨ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਜੇਕਰ ਉਹ ਕਲੋਨੀ ਚ, ਰਹਿੰਦੇ 95 ਦੀ ਬਜਾਏ 90 ਪ੍ਰਤੀਸ਼ਤ ਲੋਕਾਂ ਨੂੰ ਵੀ ਇਕੱਠੇ ਕਰਕੇ ਦਿਖਾ ਦੇਵੇ ਤਾਂ ਉਹ ਸੰਘਰਸ਼ ਤੋਂ ਪਿੱਛੇ ਹਟ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਲੋਨੀ ਕੱਟਣ ਸਮੇਂ ਪੇਸ਼ ਕੀਤੇ ਨਕਸ਼ੇ ਨੂੰ ਅਧਾਰ ਮੰਨ ਕੇ ਸਹੂਲਤਾਂ ਤੇ ਸੁਰੱਖਿਆ ਦੀ ਮੰਗ ਤੇ ਲੜਾਈ ਲੜ ਰਹੇ ਹਨ। ਇਹ ਕਲੋਨੀ ਵਾਸੀਆਂ ਦਾ ਹੱਕ ਹੈ। ਪਰੰਤੂ ਕਲੋਨਾਈਜ਼ਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਪੈਸੇ ਦੇ ਜ਼ੋਰ ਤੇ ਬਣਾਏ ਸਬੰਧਾਂ ਦਾ ਦੁਰਉਪਯੋਗ ਕਰ ਰਿਹਾ ਹੈ।