ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਫੜ੍ਹਨ ਦਾ ਦਾਅਵਾ ਕਰਨ ਵਾਲੇ ਪੁਲਿਸ ਮੁਖੀ ਨੂੰ 140 ਦਿਨ ਚ, ਨਜ਼ਰ ਨਹੀਂ ਆਈ ਕੋਈ ਕਾਲੀ ਭੇਡ
ਕਰੋੜਾਂ ਰੁਪਏ ਦੀ ਹੈਰੋਇਨ, ਲੱਖਾਂ ਨਸ਼ੀਲੀਆਂ ਗੋਲੀਆਂ ਦੇ ਟੀਕੇ ਹੋ ਚੁੱਕੇ ਹਨ ਬਰਾਮਦ
ਹਰਿੰਦਰ ਨਿੱਕਾ ਬਰਨਾਲਾ 3 ਜੁਲਾਈ 2020
ਜਬ ਜਬ ਦਵਾ ਕਿਆ, ਮਰਜ਼ ਬਢਤਾ ਹੀ ਗਯਾ,ਉਰਦੂ ਦਾ ਇਹ ਪ੍ਰਸਿੱਧ ਸ਼ੇਅਰ ਬਰਨਾਲਾ ਜਿਲ੍ਹੇ ਅੰਦਰ ਨਸ਼ਿਆਂ ਦੀ ਭਾਰੀ ਆਮਦ ਅਤੇ ਪੁਲਿਸ ਦੁਆਰਾ ਨਸ਼ਿਆਂ ਦੀ ਵੱਡੀ ਗਿਣਤੀ ਚ, ਹੋਈ ਬਰਾਮਦ ਤੇ ਪੂਰਾ ਢੁੱਕਦਾ ਹੈ। ਜਿਲ੍ਹਾ ਪੁਲਿਸ ਮੁਖੀ ਦੇ 140 ਦਿਨ ਦੀ ਵਿਭਾਗੀ ਕਾਰਗੁਜਾਰੀ ਨੇ ਸਰਸਰੀ ਨਜ਼ਰ ਮਾਰਿਆ ਪਤਾ ਲੱਗਦਾ ਹੈ ਕਿ ਜਦੋਂ ਤੋਂ ਐਸਐਸਪੀ ਸੰਦੀਪ ਗੋਇਲ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਜਿਲ੍ਹੇ ਚ, ਨਸ਼ਿਆਂ ਦੀ ਬਰਾਮਦਗੀ ਨੇ ਸਾਰੀਆਂ ਹੱਦਾਂ-ਬੰਨ੍ਹੇ ਤੋੜ ਦਿੱਤੇ ਹਨ। ਫਰਕ ਸਿਰਫ ਇੱਨਾਂ ਹੀ ਹੈ ਕਿ ਇਹ ਸਾਰੀ ਬਰਾਮਦਗੀ ਬਾਹਰੀ ਸੂਬਿਆਂ ਅਤੇ ਜਿਲ੍ਹਿਆਂ ਤੋਂ ਹੀ ਹੋਈ ਹੈ। ਜਿਵੇਂ ਪੁਲਿਸ ਨੇ ਬਰਨਾਲਾ ਚ, ਆਉਣ ਵਾਲੀ ਸੰਭਵਿਤ ਸਪਲਾਈ ਦੇ ਨਸ਼ਿਆਂ ਦੀ ਵੱਡੀ ਖੇਪ ਮਥੁਰਾ, ਫਿਰੋਜਪੁਰ ਬਾਰਡਰ ਅਤੇ ਮਲੇਰਕੋਟਲਾ ਆਦਿ ਤੋਂ ਫੜ੍ਹ ਕੇ ਲਿਆਂਦੀ ਹੈ । ਲੱਖਾਂ ਦੀ ਗਿਣਤੀ ਚ, ਨਸ਼ੀਲੀਆਂ ਗੋਲੀਆਂ, ਟੀਕੇ ਅਤੇ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਇੱਥੋਂ ਦੇ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਅਤੇ ਸੂਚਨਾ ਦੇ ਅਧਾਰ ਤੇ ਬਰਾਮਦ ਵੀ ਕੀਤੀ ਗਈ ਹੈ । ਪਰ ਬਾਹਰੋਂ ਫੜ੍ਹ ਕੇ ਇੱਥੇ ਲਿਆਂਦੇ ਨਸ਼ਿਆਂ ਅਤੇ ਤਸਕਰਾਂ ਦੇ ਬਾਵਜੂਦ ਨਸ਼ਾ ਤਸਕਰਾਂ ਚ, ਪੁਲਿਸ ਦਾ ਕੋਈ ਖੌਫ ਨਹੀਂ, ਉਲਟਾ ਸਮਗਲਿੰਗ ਪਹਿਲਾਂ ਤੋਂ ਵੀ ਵਧ ਗਈ ਅਤੇ ਸਮਗਲਰਾਂ ਦੇ ਹੌਸਲੇ ਵੀ ਬੁਲੰਦ ਹੋ ਗਏ । ਇਹ ਅੰਕੜਾ ਪਿਛਲੇ 140 ਦਿਨਾਂ ਅੰਦਰ ਪੁਲਿਸ ਦੇ ਸ਼ਿਕੰਜ਼ੇ ਚ, ਫਸੇ ਤਸਕਰਾਂ ਅਤੇ ਉਨ੍ਹਾਂ ਤੋਂ ਹੋਈ ਨਸ਼ਿਆਂ ਦੀ ਬਰਾਮਦਗੀ ਤੋਂ ਸਾਫ ਹੋ ਜਾਂਦਾ ਹੈ।
ਛੋਟੇ ਜਿਹੇ ਜਿਲ੍ਹੇ ਨੂੰ ਮਿਲਿਆ ਨਸ਼ਿਆਂ ਦੀ ਰਾਜਧਾਨੀ ਦਾ ਰੁਤਬਾ
ਬਰਨਾਲਾ ਜਿਲ੍ਹਾ ਅਬਾਦੀ ਦੇ ਪੱਖ ਤੋਂ ਬੇਸ਼ੱਕ ਸੂਬੇ ਦਾ ਸਭ ਤੋਂ ਛੋਟਾ ਜਿਲ੍ਹਾ ਹੈ , ਪਰ ਨਸ਼ਿਆਂ ਦੀ ਬਰਾਮਦਗੀ ਤੇ ਆਮਦ ਦੇ ਪੱਖ ਤੋਂ ਜਿਲ੍ਹੇ ਨੂੰ ਪੰਜਾਬ ਦੀ ਸਭ ਤੋਂ ਵੱਡੀ ਨਸ਼ੇ ਦੀ ਰਾਜਧਾਨੀ ਦੇ ਤੌਰ ਤੇ ਨਵੀਂ ਪਛਾਣ ਜਰੂਰ ਮਿਲੀ ਗਈ ਹੈ। ਜਿਹੜੀ ਜਿਲ੍ਹੇ ਦੇ ਲੋਕਾਂ ਦਾ ਸਿਰ ਨੀਵਾਂ ਕਰ ਦਿੰਦੀ ਹੈ। ਪੁਲਿਸ ਮੁਖੀ ਦੁਆਰਾ ਸ਼ੁਰੂਆਤੀ ਦਿਨਾਂ ਚ, ਇਲਾਕੇ ਦੇ ਨਸ਼ਾ ਤਸਕਰਾਂ ਦੀ ਬਾਹਰੀ ਰਾਜਾਂ ਦੇ ਵੱਡੇ ਤਸਕਰਾਂ ਨਾਲ ਭਾਈਵਾਲੀ ਨੂੰ ਬੇਨਕਾਬ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ। ਪਰ ਸਖਤ ਸੁਭਾਅ ਦਾ ਪੁਲਿਸ ਮੁਖੀ ਹੋਣ ਦੇ ਬਾਵਜੂਦ ਵੀ ਨਸ਼ਾ ਤਸਕਰ ਧੜਾਧੜ ਨਸ਼ਾ ਢੋਹਣ ਤੇ ਲੱਗੇ ਹੋਏ ਹਨ। ਹਾਲਤ ਇਹ ਬਣ ਗਈ, ਕਿ ਨਾ ਖੁਦਾ ਮਿਲਾ, ਨਾ ਬਿਸਾਲ ਏ ਸਨਮ।
ਕਿਉਂ ਨਹੀਂ ਪੈ ਰਹੀ ਨਸ਼ੇ ਦੀ ਆਮਦ ਤੇ ਠੱਲ੍ਹ !
ਪੁਲਿਸ ਦੀ ਸਖਤੀ ਦੇ ਬਾਵਜੂਦ ਵੀ ਜਿਲ੍ਹੇ ਅੰਦਰ ਨਸ਼ਿਆਂ ਦੀ ਆਮਦ ਦਾ ਸਭ ਤੋਂ ਵੱਡਾ ਕਾਰਣ ਇਹ ਸਮਝਿਆ ਜਾਂਦਾ ਹੈ। ਲੰਬੇ ਸਮੇਂ ਤੋਂ ਜਿਲ੍ਹੇ ਚ, ਤਾਇਨਾਤ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਸ਼ਾ ਤਸਕਰਾਂ ਨਾਲ ਗੂੜੀ ਯਾਰੀ ਕਿਸੇ ਤੋਂ ਗੁੱਝੀ ਨਹੀਂ ਹੈ। ਇਲਾਕੇ ਦੇ ਲੋਕਾਂ ਦੇ ਕੰਨਾਂ ਚ, ਐਸਐਸਪੀ ਗੋਇਲ ਦੀ ਫਿਰੋਜਪੁਰ ਵਿਖੇ ਇੱਕ ਜਨਤਕ ਇਕੱਠ ਚ, ਪੁਲਿਸ ਦੀਆਂ ਕਾਲੀਆਂ ਭੇਡਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਸਬੰਧੀ ਵਾਇਰਲ ਹੋਈ ਸਪੀਚ ਹਾਲੇ ਤੱਕ ਗੂੰਜਦੀ ਹੈ। ਇੱਨਾਂ ਹੀ ਨਹੀਂ, ਪੁਲਿਸ ਦੀਆਂ ਕਾਲੀਆਂ ਭੇਡਾਂ ਤੇ ਸ਼ਿਕੰਜ਼ਾ ਕਸਣ ਦੇ ਲੰਬੇ ਚੌੜੇ ਭਾਸ਼ਣ ਵੀ ਲੋਕਾਂ ਦੇ ਜ਼ਿਹਨ ਚ, ਹਨ। ਸੱਚ ਕੌੜਾ ਹੁੰਦਾ ਹੈ। ਹਕੀਕਤ ਇਹ ਹੀ ਹੈ ਕਾਲੀਆਂ ਭੇਡਾਂ ਫੜ੍ਹਨ ਦੀਆਂ ਗੱਲਾਂ ਸ਼ੇਖਿਚੱਲੀ ਦੇ ਹਸੀਨ ਸੁਪਨਿਆਂ ਤੋਂ ਜਿਆਦਾ ਕੁਝ ਵੀ ਸਾਬਿਤ ਨਹੀਂ ਹੋਈਆਂ । ਜੇਕਰ ਪੁਲਿਸ ਮੁਖੀ ਦੁਆਰਾ ਨਸ਼ਾ ਤਸਕਰਾਂ ਨਾਲ ਯਾਰੀ ਨਿਭਾਉਣ ਵਾਲੀਆਂ ਪੁਲਿਸ ਦੀਆਂ ਕਾਲੀਆਂ ਭੇਡਾਂ ਖਿਲਾਫ ਕੋਈ ਸਖਤ ਐਕਸ਼ਨ ਲਿਆ ਗਿਆ ਹੁੰਦਾ ਤਾਂ, ਸ਼ਾਇਦ ਜਿਲ੍ਹੇ ਤੇ ਨਸ਼ਾ ਤਸਕਰਾਂ ਦਾ ਗੜ੍ਹ ਹੋਣ ਅਤੇ ਨਸ਼ਿਆਂ ਦਾ ਹੜ੍ਹ ਆਉਣ ਜਿਹੇ ਹਾਲਤ ਨਾ ਹੁੰਦੇ। ਜਿਲ੍ਹਾ ਪੁਲਿਸ ਮੁਖੀ ਦੇ ਵਿਵਹਾਰ ਤੋਂ ਤੰਗ ਕੁਝ ਲੋਕ ਇਹ ਤੰਜ ਵੀ ਕਸਦੇ ਹਨ ਕਿ 140 ਦਿਨਾਂ ਦੇ ਲੰਬੇ ਸਮੇਂ ਅੰਦਰ ਪੁਲਿਸ ਮੁਖੀ ਨੂੰ ਕੋਈ ਵੀ ਕਾਲੀ ਭੇਡ ਨਜ਼ਰ ਕਿਉਂ ਨਹੀਂ ਆਈ। ਜਾਂ ਉਹ ਪੁਲਿਸ ਦੀਆਂ ਕਾਲੀਆਂ ਭੇਡਾਂ ਕਹਿ ਕੇ ਪੁਲਿਸ ਨੂੰ ਐਂਵੇ ਖੁਦ ਫੋਕੀ ਸ਼ੋਹਰਤ ਖੱਟਣ ਲਈ ਬਦਨਾਮ ਹੀ ਕਰਦੇ ਰਹੇ ਹਨ।