ਜਾਂਚ ਲਈ ਭੇਜੇ ਸੈਂਪਲ, 3 ਦਿਨਾਂ ਤੋਂ ਚੜ੍ਹ ਰਿਹਾ ਸੀ ਤੇਜ਼ ਬੁਖਾਰ
ਗਾਜੀਆਬਾਦ ਤੋਂ ਧਨੌਲਾ ਪਹੁੰਚਿਆ 1 ਹੋਰ ਵਿਅਕਤੀ ਆਇਆ ਪੌਜੇਟਿਵ
ਹਰਿੰਦਰ ਨਿੱਕਾ ਬਰਨਾਲਾ 3 ਜੁਲਾਈ 2020
ਜਿਲ੍ਹੇ ਦੇ ਪਿੰਡ ਸੇਖਾ ਚ, ਮਜਦੂਰੀ ਕਰਨ ਲਈ ਕੁਝ ਮਹੀਨੇ ਪਹਿਲਾਂ ਪਹੁੰਚੇ ਕੋਰੋਨਾ ਦੇ ਸ਼ੱਕੀ ਇੱਕ ਪ੍ਰਵਾਸੀ ਮਜਦੂਰ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਜਦੋਂ ਕਿ ਗਾਜੀਆਬਾਦ ਤੋਂ ਕੁਝ ਦਿਨ ਪਹਿਲਾਂ ਧਨੌਲਾ ਆਪਣੇ ਘਰ ਪਹੁੰਚੇ 1 ਬੰਦੇ ਦੀ ਰਿਪੋਰਟ ਪੌਜੇਟਿਵ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਖਾ ਪਿੰਡ ਦੇ ਇੱਕ ਕਿਸਾਨ ਦੇ ਕੋਲ ਠਹਿਰੇ ਹੋਏ ਬਾਬੂ ਲਾਲ ਉਮਰ ਕਰੀਬ 42 ਸਾਲ ਨੂੰ ਤੇਜ਼ ਬੁਖਾਰ ਅਤੇ ਸਾਂਹ ਦੀ ਤਕਲੀਫ ਕਾਰਣ ਕਾਫੀ ਗੰਭੀਰ ਹਾਲਤ ਚ, ਸਿਵਲ ਹਸਪਤਾਲ ਲਿਆਂਦਾ ਗਿਆ। ਸ਼ੱਕੀ ਮਰੀਜ ਦੇ ਤੌਰ ਤੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ। ਜਦੋਂ ਉਸਦੀ ਹਾਲਤ ਹੋਰ ਗੰਭੀਰ ਹੋਣ ਲੱਗੀ ਤਾਂ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰਨ ਦੀ ਤਿਆਰੀ ਕਰ ਲਈ। ਰੈਫਰ ਦੀਆਂ ਤਿਆਰੀਆਂ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਬੂ ਲਾਲ ਦੇ ਸੈਂਪਲ ਦੀ ਰਿਪੋਰਟ ਆਉਣ ਤੱਕ ਉਸ ਦੇ ਪੋਸਟਮਾਰਟਮ ਦੀ ਕਾਰਵਾਈ ਰੋਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬੂ ਲਾਲ ਪਿਛਲੇ ਤਿੰਨ ਦਿਨਾਂ ਤੋਂ ਤੇਜ਼ ਬੁਖਾਰ ਅਤੇ ਸਾਹ ਦੀ ਤਕਲੀਫ ਤੋਂ ਪੀੜਤ ਸੀ। ਉਨ੍ਹਾਂ ਕਿਹਾ ਕਿ ਇੱਨ੍ਹਾਂ ਦਿਨਾਂ ਚ, ਬਾਬੂ ਲਾਲ ਦੇ ਸੰਪਰਕ ਚ, ਆਏ ਵਿਅਕਤੀਆਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਉੱਨਾਂ ਦੱਸਿਆ ਕਿ ਧਨੌਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਰਿਪੋਰਟ ਵੀ ਪੌਜੇਟਿਵ ਪ੍ਰਾਪਤ ਹੋਈ ਹੈ। ਉਸ ਦੇ ਸੰਪਰਕ ਚ, ਰਹੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਹ ਵਿਅਕਤੀ ਕੁਝ ਦਿਨ ਪਹਿਲਾਂ ਗਾਜੀਆਬਾਦ ਤੋਂ ਆਪਣੇ ਘਰ ਪਰਤਿਆ ਸੀ।