ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀ ਨੂੰ ਬਚਾਉਣ ਲਈ ਪੁਲਿਸ ਹੋਈ ਪੱਬਾਂ ਭਾਰ

Advertisement
Spread information

ਦੋਸ਼ੀ ਦੀ ਜਮਾਨਤ ਨਾ ਮੰਜੂਰ ਹੋਣ ਤੋਂ ਬਾਅਦ ਪੁਲਿਸ ਨੇ ਕੀਤੀ ਅਦਾਲਤ ਤੋਂ ਡਿਸਚਾਰਜ ਕਰਵਾਉਣ ਦੀ ਤਿਆਰੀ ?

ਔਰਤ ਜਥੇਬੰਦੀਆਂ ਦੇ ਤਿੱਖੇ ਤੇਵਰ , ਕਿਹਾ ਪੁਲਿਸ ਦਾ ਘਿਨੌਣੇ ਜੁਰਮ ਦੇ ਦੋਸ਼ੀ ਨੂੰ ਬਚਾਉਣਾ ਸ਼ਰਮਨਾਕ


ਹਰਿੰਦਰ ਨਿੱਕਾ ਬਰਨਾਲਾ 3 ਜੁਲਾਈ 2020

                    ਸ਼ਹਿਰ ਦੀ ਇੱਕ ਪੌਸ਼ ਕਲੋਨੀ ਚ, ਕਰੀਬ 2 ਮਹੀਨੇ ਪਹਿਲਾਂ ਢਾਈ ਕੁ ਵਰ੍ਹਿਆਂ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨਾਮਜ਼ਦ ਦੋਸ਼ੀ ਰਵਪ੍ਰੀਤ ਸਿੰਘ ਨੂੰ ਬਚਾਉਣ ਲਈ ਪੁਲਿਸ ਪੱਬਾਂ ਭਾਰ ਹੋਈ ਫਿਰਦੀ ਹੈ। ਇਹ ਖੁਲਾਸਾ ਸ਼ੁਕਰਵਾਰ ਨੂੰ ਦੱਬੇ ਪੈਰੀਂ ਪ੍ਰਿੰਸੀਪਲ ਮਜਿਸਟ੍ਰੇਟ ਜੁਵਨਾਈਲ ਜਸਟਿਸ ਬੋਰਡ ਦੀ ਮਾਨਯੋਗ ਜੱਜ਼ ਸੁਰੇਖਾ ਰਾਣੀ ਦੀ ਅਦਾਲਤ ਚ, ਪਹੁੰਚੇ ਪੁਲਿਸ ਅਧਿਕਾਰੀ ਦੁਆਰਾ ਕੇਸ ਦੀ ਕੈਂਸਲੇਸ਼ਨ ਰਿਪੋਰਟ ਤਿਆਰ ਕਰਕੇ ਦੋਸ਼ੀ ਨੂੰ ਡਿਸਚਾਰਜ਼ ਕਰਵਾਉਣ ਦੀ ਕੋਸ਼ਿਸ਼ ਤੋਂ ਬਾਅਦ ਹੋਇਆ ਹੈ । ਮਾਨਯੋਗ ਜੱਜ਼ ਨੇ ਪੁਲਿਸ ਅਧਿਕਾਰੀ ਨੂੰ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਕਿ ਪੀੜਤਾ ਦੀ ਮਾਂ ਤੇ ਸ਼ਿਕਾਇਤ ਕਰਤਾ ਅਤੇ ਮੌਕੇ ਦੀ ਗਵਾਹ ਨੂੰ ਵੀ ਬਿਆਨ ਰਿਕਾਰਡ ਕਰਵਾਉਣ ਲਈ ਅਦਾਲਤ ਚ, ਪੇਸ਼ ਕੀਤਾ ਜਾਵੇ। ਪੁਲਿਸ ਦੀ ਨਾਮਜ਼ਦ ਦੋਸ਼ੀ ਨੂੰ ਬਚਾਉਣ ਦੀ ਇਸ ਘਿਨੌਣੀ ਹਰਕਤ ਦੀ ਭਿਣਕ ਪੈਂਦਿਆਂ ਹੀ ਔਰਤ ਜਥੇਬੰਦੀਆਂ ਦੇ ਤੇਵਰ ਕਾਫੀ ਤਿੱਖੇ ਨਜ਼ਰ ਆਏ।

Advertisement

ਕਦੋਂ ਹੋਇਆ ਰੇਪ ਅਤੇ ਕਦੋਂ ਹੋਈ ਐਫਆਈਆਰ

ਥਾਣਾ ਸਿਟੀ 1 ਵਿਖੇ 19 ਮਈ ਨੂੰ ਦਰਜ਼ ਐਫਆਈਆਰ ਚ, ਮਾਸੂਮ ਬੱਚੀ ਦੀ ਮਾਂ ਨੇ ਪੁਲਿਸ ਨੂੰ ਘਟਨਾ ਤੋਂ ਕਰੀਬ 15 ਦਿਨ ਬਾਅਦ ਬਿਆਨ  ਦਰਜ਼ ਕਰਵਾਉਂਦੇ ਹੋਏ ਦੱਸਿਆ ਸੀ ਕਿ ਉਸ ਦੀ ਬੇਟੀ ਨੂੰ ਦੋਸ਼ੀ ਖਿਡਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ। ਉਸਦੀ ਗੁਆਢਣ ਨੇ ਦੋਸ਼ੀ ਨੂੰ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਦਿਆਂ ਅੱਖੀ ਦੇਖ ਲਿਆ ਅਤੇ ਉਹ ਹੀ ਉਸਦੀ ਰੋਂਦੀ ਕੁਰਲਾਉਂਦੀ ਬੱਚੀ ਨੂੰ ਘਰ ਛੱਡ ਕੇ ਗਈ ਅਤੇ ਪੂਰੀ ਘਟਨਾ ਬਾਰੇ ਦੱਸਿਆ ਸੀ। ਉਦੋਂ ਉਹ ਲਾਜ਼ ਸ਼ਰਮ ਦੀ ਮਾਰੀ ਘਟਨਾ ਬਾਰੇ ਚੁੱਪ ਕਰ ਗਈ ਸੀ। ਪਰੰਤੂ ਘਟਨਾ ਤੋਂ 15 ਦਿਨ ਬਾਅਦ ਉਲਾਂਭਾ ਦੇਣ ਤੋਂ ਭੜਕੇ ਦੋਸ਼ੀ ਨੇ ਉਨਾਂ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ । ਪੁਲਿਸ ਨੇ ਦੋਸ਼ੀ ਖਿਲਾਫ 376 AB/ 506 IPC ਅਤੇ ਪੋਕਸੋ ਐਕਟ ਦੀ ਸੈਕਸ਼ਨ 6 ਦੇ ਤਹਿਤ ਕੇਸ ਦਰਜ਼ ਕਰਕੇ ਉਸ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜ਼ ਦਿੱਤਾ।

ਜਮਾਨਤ ਰਿਜੈਕਟ ਹੋਣ ਤੋਂ ਬਾਅਦ ਪੁਲਿਸ ਨੇ ਰਿਹਾਈ ਦਾ ਬਦਲਿਆ ਪੈਂਤੜਾ

                ਨਾਮਜ਼ਦ ਦੋਸ਼ੀ ਦੇ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧਿਤ ਹੋਣ ਕਾਰਣ ਪੀੜਤ ਬੱਚੀ ਦੇ ਪਰਿਵਾਰ ਅਤੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੇ ਕੇਸ ਦਰਜ਼ ਹੋਣ ਤੋਂ ਬਾਅਦ ਹੀ ਤਰਾਂ ਤਰਾਂ ਦਾ ਦਬਾਅ ਪੈਣਾ ਸ਼ੁਰੂ ਹੋ ਗਿਆ ਸੀ। ਜਿਸ ਕਾਰਣ ਪਹਿਲਾਂ ਤਾਂ ਪੀੜਤ ਬੱਚੀ ਦੇ ਪਰਿਵਾਰ ਨੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਲਿਖਤੀ ਤੌਰ ਕੇ ਇਨਕਾਰ ਕਰ ਦਿੱਤਾ। ਬਾਅਦ ਚ, ਪੁਲਿਸ ਨੇ 164 ਸੀਆਰਪੀਸੀ ਦੇ ਤਹਿਤ ਪੀੜਤ ਬੱਚੀ ਦੀ ਮਾਂ ਦੇ ਬਿਆਨ ਅਦਾਲਤ ਵਿੱਚ ਕਲਮਬੰਦ ਵੀ ਕਰਵਾ ਦਿੱਤੇ। ਇੱਨ੍ਹਾਂ ਬਿਆਨਾਂ ਤੋਂ ਕੁਝ ਦਿਨ ਬਾਅਦ ਹੀ ਦੋਸ਼ੀ ਦੀ ਜਮਾਨਤ ਪ੍ਰਿੰਸੀਪਲ ਮਜਿਸਟ੍ਰੇਟ ਜੁਵਨਾਈਲ ਜਸਟਿਸ ਬੋਰਡ ਦੀ ਅਦਾਲਤ ਚ, ਲਗਾਈ ਗਈ। ਪਰੰਤੂ ਮਾਨਯੋਗ ਜੱਜ਼ ਸੁਰੇਖਾ ਰਾਣੀ ਨੇ 28 ਮਈ ਨੂੰ ਜਮਾਨਤ ਦੀ ਅਰਜੀ ਰਿਜੈਕਟ ਕਰ ਦਿੱਤੀ। ਫਿਰ ਜਮਾਨਤ ਦੀ ਅਪੀਲ 2 ਦਿਨ ਬਾਅਦ ਹੀ ਐਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਚ, ਦਾਇਰ ਕੀਤੀ ਗਈ। ਪਰੰਤੂ ਮਾਨਯੋਗ ਜੱਜ ਅਰੁਣ ਗੁਪਤਾ ਨੇ 18 ਜੂਨ ਨੂੰ ਨਾਮਜਦ ਦੋਸ਼ੀ ਦੀ ਜਮਾਨਤ ਅਰਜੀ ਤੇ ਸੁਣਵਾਈ ਕਰਦੇ ਹੋਏ ਅਰਜੀ ਤੇ ਦੁਬਾਰਾ ਗੌਰ ਕਰਨ ਲਈ ਪ੍ਰਿੰਸੀਪਲ ਮਜਿਸਟ੍ਰੇਟ ਜੁਵਨਾਈਲ ਜਸਟਿਸ ਬੋਰਡ ਕੋਲ ਹੀ ਰਿਮਾਂਡ ਬੈਕ ਕਰ ਦਿੱਤਾ। ਪੁਲਿਸ ਦੇ ਭਰੋਸੇਯੋਗ ਸੂਤਰਾਂ ਮੁਤਾਬਿਕ ਪੁਲਿਸ ਨੇ ਚਲਾਨ ਪੇਸ਼ ਕਰਨ ਦੀ ਬਜਾਏ ਕੇਸ ਦੀ ਕੈਂਸਲੇਸ਼ਨ ਰਿਪੋਰਟ ਭਰ ਕੇ ਦੋਸ਼ੀ ਨੂੰ ਜੇਲ੍ਹ ਤੋਂ ਰਿਹਾ ਕਰਵਾਉਣ ਲਈ ਅਦਾਲਤ ਤੋਂ ਡਿਸਚਾਰਜ ਕਰਵਾਉਣ ਦਾ ਪੈਂਤੜਾ ਅਪਣਾ ਲਿਆ। ਜਿਸ ਤਹਿਤ 3 ਜੁਲਾਈ ਨੂੰ ਪੁਲਿਸ ਅਧਿਕਾਰੀ ,ਪ੍ਰਿੰਸੀਪਲ ਮਜਿਸਟ੍ਰੇਟ ਜੁਵਨਾਈਲ ਜਸਟਿਸ ਬੋਰਡ ਬਰਨਾਲਾ ਦੀ ਅਦਾਲਤ ਚ, ਦੁਰਖਾਸਤ ਲੈ ਕੇ ਪਹੁੰਚ ਗਿਆ। ਪਰੰਤੂ ਮਾਨਯੋਗ ਜੱਜ ਨੇ ਪੁਲਿਸ ਅਧਿਕਾਰੀ ਨੂੰ ਹੁਕਮ ਦਿੱਤਾ ਕਿ ਉਹ ਮੁਦਈ ਅਤੇ ਮੌਕੇ ਦੀ ਗਵਾਹ ਨੂੰ ਅਦਾਲਤ ਚ, ਪੇਸ਼ ਕਰੇ ,ਤਾਂਕਿ ਅਦਾਲਤ ਦੋਵਾਂ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਚ, ਲਿਆ ਸਕੇ।

ਘਿਨੌਣੇ ਅਪਰਾਧ ਚ, ਪੁਲਿਸ ਦਾ ਦੋਸ਼ੀ ਨੂੰ ਰਿਹਾ ਕਰਵਾਉਣ ਦਾ ਯਤਨ ਸ਼ਰਮਨਾਕ

                   ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਮੀਤ ਪ੍ਰਧਾਨ ਚਰਨਜੀਤ ਕੌਰ, ਜਿਲ੍ਹਾ ਆਗੂ ਗਮਦੂਰ ਕੌਰ, ਮਮਤਾ ਸੇਖਾ ਅਤੇ ਸਰਬਜੀਤ ਕੌਰ ਠੀਕਰੀਵਾਲਾ ਨੇ ਕਿਹਾ ਕਿ ਢਾਈ ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨਾਮਜ਼ਦ ਦੋਸ਼ੀ ਨੂੰ ਪੁਲਿਸ ਦੁਆਰਾ ਡਿਸਚਾਰਜ ਕਰਵਾਉਣ ਦਾ ਯਤਨ ਬਹੁਤ ਹੀ ਸ਼ਰਮਨਾਕ ਹੈ। ਅਜਿਹਾ ਹੋਣ ਨਾਲ ਹਵਸੀ ਦਰਿੰਦਿਆਂ ਦੇ ਹੌਂਸਲੇ ਬੁਲੰਦ ਹੋਣਗੇ।

ਇਨਕਲਾਬੀ ਕੇਂਦਰ ਪੰਜਾਬ ਦੀ ਜਿਲ੍ਹਾ ਆਗੂ  ਪ੍ਰੇਮਪਾਲ ਕੌਰ ਅਤੇ ਅਮਰਜੀਤ ਕੌਰ ਨੇ ਕਿਹਾ ਕਿ ਪੁਲਿਸ ਦੀ ਕੇਸ ਦੇ ਨਾਮਜ਼ਦ ਦੋਸ਼ੀ ਨੂੰ ਬਚਾਉਣ ਦੀ ਅੰਦਰ ਖਾਤੇ ਚੱਲ ਰਹੀ ਕਾਰਵਾਈ ਬੇਹੱਦ ਨਿੰਦਣਯੋਗ ਹੈ। ਜਿਸ ਨੂੰ ਕੋਈ ਵੀ ਇਨਸਾਫ ਪਸੰਦ ਵਿਅਕਤੀ ਸਹੀ ਨਹੀਂ ਠਹਿਰਾ ਸਕਦਾ। ਉਕਤ ਦੋਵਾਂ ਜਥੇਬੰਦੀਆਂ ਦੀਆਂ ਨੇਤਾਵਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਹ ਦੋਸ਼ੀ ਨੂੰ ਬਚਾਉਣ ਦੀ ਬਜਾਏ ਪੀੜਤ ਪਰਿਵਾਰ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਹੌਂਸਲਾ ਦੇ ਕੇ ਦੋਸ਼ੀ ਨੂੰ ਸਖਤ ਸਜਾ ਦਿਵਾਉਣ ਦਾ ਆਪਣਾ ਫਰਜ਼ ਅਦਾ ਕਰੇ। ਉਨ੍ਹਾਂ ਕਿਹਾ ਕਿ ਜੁਲਮ ਦੀ ਸ਼ਿਕਾਰ ਮਾਸੂਮ ਬੱਚੀ ਦੇ ਕੇਸ ਨੂੰ ਕਿਸੇ ਸਮਝੌਤੇ ਜਾਂ ਦਬਾਅ ਹੇਠ ਖਤਮ ਕਰਨ ਦੀ ਕੋਸ਼ਿਸ਼ ਸਮੁੱਚੇ ਸਮਾਜ ਲਈ ਅਤੇ ਇਨਸਾਫ ਪਸੰਦ ਲੋਕਾਂ ਲਈ ਆਉਣ ਵਾਲੇ ਸਮੇਂ ਚ, ਘਾਤਕ ਸਾਬਿਤ ਹੋਵੇਗੀ।

ਜੇ ਪੁਲਿਸ ਨੇ ਦੋਸ਼ੀ ਨੂੰ ਡਿਸਚਾਰਜ ਕਰਵਾਇਆ ਤਾਂ, ਹਾਈਕੋਰਟ ਚ, ਪਾਵਾਂਗੇ ਪੀਆਈਐਲ-ਇਕਬਾਲ ਉਦਾਸੀ 

           ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ,,AIPWA,, ਦੀ ਸੀਨੀਅਰ ਆਗੂ ਇਕਬਾਲ ਉਦਾਸੀ ਨੇ ਪੁਲਿਸ ਦੀ ਦੋਸ਼ੀ ਦਾ ਸਾਥ ਦੇਣ ਦੀ ਕੋਸ਼ਿਸ਼ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧ ਤੋਂ ਬਾਅਦ ਦੋਸ਼ੀ ਨੂੰ ਰਿਹਾ ਕਰਵਾਉਣ ਦਾ ਪੁਲਿਸਿਆ ਯਤਨ ਪੰਜਾਬ ਪੁਲਿਸ ਤੇ ਵੱਡਾ ਕਲੰਕ ਹੈ। ਉਨ੍ਹਾਂ ਕਿਹਾ ਕਿ ਕਰਾਈਮ ਅਗੇਂਸਟ ਵੂਮੇਨ ਐਂਡ ਚਾਈਲਡ ਐਕਟ ਨੂੰ ਲਾਗੂ ਕਰਵਾਉਣ ਵਾਲਿਆਂ ਦੀ ਕਾਰਗੁਜਾਰੀ ਨੂੰ ਵੀ ਕਟਿਹਰੇ ਚ, ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਸੂਮ ਬੱਚੀ ਨਾਲ ਰੇਪ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਵੀ ਉਸ ਦੇ ਮਾਪਿਆਂ ਵੱਲੋਂ ਦੋਸ਼ੀ ਨਾਲ ਸਮਝੌਤਾ ਕਰਨਾ ਅਤੇ ਗਵਾਹ ਦਾ ਘਟਨਾ ਤੋਂ ਕੁਝ ਦਿਨ ਬਾਅਦ ਹੀ ਮੁਕਰ ਜਾਣਾ ਬਹੁਤ ਹੀ ਸ਼ਰਮਨਾਕ ਕਾਰਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਸਮਝੌਤਾ ਕਰਨ ਲਈ ਮਜਬੂਰ ਕਰਨ ਵਾਲੇ ਸਫੈਦਪੋਸ਼ਾਂ ਅਤੇ ਸਮਝੌਤੇ ਨੂੰ ਪ੍ਰਵਾਨਗੀ ਦੇਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਨਾਲਾ ਪੁਲਿਸ ਨੇ ਕੇਸ ਦੀ ਕੈਂਸਲੇਸ਼ਨ ਭਰ ਕੇ ਦੋਸ਼ੀ ਨੂੰ ਡਿਸਚਾਰਜ ਕਰਵਾਇਆ ਤਾਂ ਉਨ੍ਹਾਂ ਦੀ ਜਥੇਬੰਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਚ, ਪੀ.ਆਈ.ਐਲ. ਦਾਇਰ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ। 

ਤੁਹਾਨੂੰ ਕੌਣ ਕਹਿ ਰਿਹਾ, ਅਜਿਹਾ ਕੁਝ ਨਹੀਂ ਹੋ ਰਿਹਾ-ਐਸਐਚਉ

                   ਥਾਣਾ ਸਿਟੀ 1 ਦੇ ਐਸਐਚਉ ਬਲਜੀਤ ਸਿੰਘ ਨੇ ਦੋਸ਼ੀ ਨੂੰ ਡਿਸਚਾਰਜ ਕਰਵਾਉਣ ਦੇ ਯਤਨਾਂ ਸਬੰਧੀ ਸਵਾਲ ਦੇ ਜੁਆਬ ਚ, ਇੱਨਾਂ ਹੀ ਕਿਹਾ ਕਿ ਤੁਹਾਨੂੰ ਕੌਣ ਕਹਿ ਰਿਹਾ, ਅਜਿਹਾ ਕੁਝ ਨਹੀਂ ਹੋ ਰਿਹਾ। ਉਨ੍ਹਾਂ ਇਸ ਕੇਸ ਦਾ ਚਲਾਨ ਨਾ ਪੇਸ਼ ਕਰਨ ਬਾਰੇ ਪੁੱਛੇ ਸਵਾਲ ਦਾ ਉੱਤਰ ਦੇਣ ਦੀ ਬਜਾਏ ਤੁਰੰਤ ਫੋਨ ਕੱਟ ਦਿੱਤਾ।

Advertisement
Advertisement
Advertisement
Advertisement
Advertisement
error: Content is protected !!