ਸਰਕਾਰੀ ਸਕੂਲ ਦੀ ਕਾਇਆ ਕਲਪ ਕਰਨ ’ਚ ਯੋਗਦਾਨ ਪਾਉਣਗੇ ਪੁਰਾਣੇ ਵਿਦਿਆਰਥੀ

Advertisement
Spread information

ਅਸ਼ੋਕ ਵਰਮਾ, ਮਲੋਟ 20 ਜੁਲਾਈ 2024

       ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਮਲੋਟ ਸਬ ਡਵੀਜਨ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਕਾਇਆ ਕਲਪ ਕਰਨ ਲਈ ਹੁਣ ਇਸ ਸਕੂਲ ਵਿੱਚੋਂ ਪਹਿਲਾਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਅੱਗੇ ਆਏ ਹਨ। ਇਸ ਸਕੂਲ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਦੇ ਯਤਨਾਂ ਸਦਕਾ ਸਕੂਲ ’ਚ ਅਲੂਮਨੀ ਐਸੋਸੀਏਸ਼ਨ ਬਣਾਈ ਗਈ ਹੈ ਜਿਸ ਦਾ ਮੁੱਖ ਮਕਸਦ ਮੌਜੂਦਾ ਵਿਦਿਆਰਥੀਆਂ ਨੂੰ ਪੁਰਾਣੇ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਰੌਸ਼ਨੀ ’ਚ ਅੱਗੇ ਵਧਣ ਦੀ ਪ੍ਰੇਰਣਾ ਦੇਣਾ ਹੈ। ਮੁੱਖ ਅਧਿਆਪਕਾ ਡਿੰਪਲ ਵਰਮਾ ਨੇ ਦੱਸਿਆ ਕਿ ਇਸ ਪਹਿਲਕਦਮੀ ਲਈ ਉਨ੍ਹਾਂ ਨੇ ਇਸ ਸਕੂਲ ਚੋਂ ਪੜ੍ਹ ਚੁੱਕੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਕੇ ਸਹਿਯੋਗ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਰਾਣੇ ਵਿਦਿਆਰਥੀਆਂ ਨੇ ਸਕੂਲ ਦੀ ਤਰੱਕੀ ’ਚ ਯੋਗਦਾਨ ਪਾਉਣ ਲਈ ਭਰਵਾਂ ਹੁੰਗਾਰਾ ਭਰਿਆ ਹੈ ਜਿਸ ਸਦਕਾ ਸਕੂਲੀ ਸਿੱਖਿਆ ਨਾਲ ਸਬੰਧਤ ਗਤੀਵਿਧੀਆਂ ’ਚ ਤੇਜੀ ਆਉਣ ਦੀ ਆਸ ਹੈ।                             
      ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਦਿਆਰਥੀਆਂ ਨੇ ਆਪਣੀਆਂ ਪ੍ਰਾਪਤੀਆਂ ਅਤੇ ਤਜ਼ਰਬਿਆਂ ਦੇ ਅਧਾਰ ਤੇ ਨਵੇਂ ਬੱਚਿਆਂ ਨੂੰ ਸੇਧ ਦੇਣ ਦੀ ਹਾਮੀ ਵੀ ਭਰੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ’ਚ ਮੈਡੀਕਲ ਆਰਮਡ ਫੋਰਸਜ਼ ਤੋਂ ਅਜੇ ਕੁਮਾਰ,ਕੈਪੀਟਲ ਸਮਾਲ ਫਾਇਨਾਂਸ ਬੈਂਕਿੰਗ ਨਾਲ ਜੁੜੇ ਕੁਲਦੀਪ ਸਿੰਘ, ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਅਨਿਲ ਕੁਮਾਰ, ਐਸਐਸ ਮਿਸਟਰੈਸ ਪ੍ਰੀਤੀ ਰਾਣੀ , ਅਧਿਆਪਕਾ ਵੀਰਪਾਲ ਕੌਰ ,ਵੈਟਰਨਰੀ ਸਾਇੰਸਜ਼ ਦੇ ਡਿਪਲੋਮਾ ਹੋਲਡਰ ਜਸ਼ਨਪ੍ਰੀਤ ਸਿੰਘ ,ਅਕਾਸ਼ਦੀਪ ਸਿੰਘ ਅਤੇ ਭਾਰਤੀ ਡਾਕ ਅਤੇ ਤਾਰ ਵਿਭਾਗ ਦੇ ਰਵੀ ਕੁਮਾਰ ਆਦਿ ਸ਼ਾਮਲ ਹਨ। ਮੁੱਖ ਅਧਿਆਪਕਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਕੂਲ ਦੇ ਸਰਵਪੱਖੀ ਵਿਕਾਸ ’ਚ ਹਰ ਪ੍ਰਕਾਰ ਦਾ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ ਹੈ। ਐਸੋਸੀਏਸ਼ਨ ਬਨਾਉਣ ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਇੰਨ੍ਹਾਂ ਯਤਨਾਂ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ,ਮੁੱਖ ਅਧਿਆਪਕਾ ਡਿੰਪਲ ਵਰਮਾ, ਸਕੂਲ ਸਟਾਫ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ।

Advertisement
Advertisement
Advertisement
Advertisement
Advertisement
Advertisement
error: Content is protected !!