ਹਰਿੰਦਰ ਨਿੱਕਾ, ਬਰਨਾਲਾ 19 ਜੁਲਾਈ 2024
ਸ਼ਹਿਰ ਦੀ ਦਾਣਾ ਮੰਡੀ ‘ਚ ਸਥਿਤ ਕੁਸ਼ਠ ਆਸ਼ਰਮ ਨੇੜਿਉਂ ਭੇਦਭਰੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ,ਪ੍ਰਤੱਖ ਦਰਸ਼ਕਾਂ ਅਨੁਸਾਰ ਮ੍ਰਿਤਕ ਨੌਜਵਾਨ ਦੇ ਸਰਿੰਜ ਵੀ ਲੱਗੀ ਹੋਈ ਸੀ। ਮ੍ਰਿਤਕ ਦੀ ਪਹਿਚਾਣ, ਗੁਰੂ ਨਾਨਕਪੁਰਾ ਬਸਤੀ ਦੇ ਰਹਿਣ ਵਾਲੀ ਰੋਮਿਓ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੱਸ ਸਟੈਂਡ ਪੁਲਿਸ ਚੌਂਕੀ ਦੀ ਪੁਲਿਸ ਪਾਰਟੀ ਮੌਕਾ ਪਰ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ,ਪੋਸਟਮਾਰਟਮ ਲਈ, ਸਿਵਲ ਹਸਪਤਾਲ ਦੀ ਮੌਰਚਰੀ ਵਿਖੇ ਰੱਖਿਆ ਗਿਆ ਹੈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰ ਸੂਰਜ ਨੇ ਦੱਸਿਆ ਕਿ ਉਸ ਦੇ ਭਤੀਜੇ, ਰੋਮਿਓ ਉਮਰ ਕਰੀਬ 25 ਸਾਲ ਵਾਸੀ ਬਰਨਾਲਾ, ਨੂੰ ਲੰਘੀ ਕੱਲ੍ਹ ਬਰਨਾਲਾ ਦਾ ਹੀ ਰਹਿਣ ਵਾਲਾ ਨੌਜਵਾਨ ਸੰਦੀਪ ਆਪਣੇ ਨਾਲ ਲਈ ਫਿਰਦਾ ਸੀ। ਪਰੰਤੂ ਰਾਤ ਨੂੰ ਰੋਮਿਓ ਘਰ ਵਾਪਿਸ ਵੀ ਨਹੀਂ ਆਇਆ। ਪਰਿਵਾਰ ਦੇ ਮੈਂਬਰ, ਉਸ ਦੀ ਆਪਣੇ ਪੱਧਰ ਤੇ ਹੀ ਭਾਲ ਕਰਦੇ ਰਹੇ,ਆਖਿਰ ਅੱਜ ਸ਼ਾਮ, ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਰੋਮਿਓ ਕੁਸ਼ਠ ਆਸ਼ਰਮ ਨੇੜੇ ਡਿੱਗਿਆ ਪਿਆ ਹੈ,ਜਦੋਂ ਪਰਿਵਾਰਿਕ ਮੈਂਬਰ ਉੱਥੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨਾਂ ਕਿਹਾ ਕਿ ਰੋਮਿਓ ਗੰਦੇ ਨਸ਼ੇ ਚਿੱਟੇ ਦਾ ਆਦੀ ਸੀ, ਪਰ ਓਹ ਜਿਆਦਾ ਨਸ਼ਾ ਵੀ ਨਹੀਂ ਕਰਦਾ ਸੀ ਕਿ ਉਸ ਦੀ ਮੌਤ ਹੀ ਹੋ ਜਾਵੇ। ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਏਐਸਆਈ ਚਰਨਜੀਤ ਸਿਘ ਨੇ ਦੱਸਿਆ ਕਿ ਰੋਮਿਓ ਦੀ ਲਾਸ਼ ਪੁਲਿਸ ਨੇ ਕਬਜੇ ਵਿੱਚ ਲੈ ਕੇ, ਪੋਸਟਮਾਰਟਮ ਲਈ ਮੌਰਚਰੀ ਵਿਖੇ ਸੰਭਾਲ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਏਐਸਆਈ ਸੁਦਾਗਰ ਸਿੰਘ ਨੂੰ ਤਫਤੀਸ਼ ਸੌਂਪੀ ਗਈ ਹੈ। ਤਫਤੀਸ਼ ਅਧਿਕਾਰੀ ਏਐਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਪਰ, 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈੇ। ਜੇਕਰ ਪੋਸਟਮਾਰਟਮ ਦੀ ਰਿਪੋਰਟ ਵਿੱਚ ਨਸ਼ੇ ਦੀ ਓਵਰਡੋਜ਼ ਬਾਰੇ ਪੁਸ਼ਟੀ ਹੋਈ ਤਾਂ ਪਰਿਵਾਰ ਵੱਲੋਂ ਨਾਮਜ਼ਦ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਡਾਕਟਰਾਂ ਦੀ ਰਿਪੋਰਟ ਤੋਂ ਬਿਨਾਂ ਨੌਜਵਾਨ ਦੀ ਮੌਤ ਦੀ ਵਜ੍ਹਾ ਬਾਰੇ,ਕੁੱਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ।