ਅਸ਼ੋਕ ਵਰਮਾ , ਬਠਿੰਡਾ 18 ਜੁਲਾਈ 2024
ਬਠਿੰਡਾ ਪੁਲਿਸ ਨੇ ਮੋਬਾਈਲ ਫੋਨ ਤੇ ਧਮਕੀ ਦੇ ਕੇ ਲੱਖਾਂ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 1 ਮੈਂਬਰ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮ ਦੀ ਪਛਾਣ ਵਿਨੈ ਕੁਮਾਰ ਪੁੱਤਰ ਮੁਰਾਰੀ ਵਾਸੀ ਨਾਮਦੇਵ ਨਗਰ ਬਠਿੰਡਾ ਵਜੋਂ ਕੀਤੀ ਗਈ ਹੈ ਜੋ ਮੁਰਾਰੀ ਮੋਟਰਜ਼ ਤੇ ਡੈਂਟਰ ਤੇ ਪੇਂਟਰ ਦਾ ਕੰਮ ਕਰਦਾ ਸੀ। ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਲੰਘੀ 14.ਜੁਲਾਈ ਨੂੰ ਕਿਸੇ ਅਣਪਛਾਤੇ ਨੇ ਇੱਕ ਵਿਅਕਤੀ ਨੂੰ ਮੋਬਾਇਲ ਫੋਨ ਰਾਹੀਂ ਧਮਕੀ ਦੇਕੇ 30 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਫੋਨ ਕਰਨ ਵਾਲੇ ਨੇ ਪੈਸੇ ਨਾਂ ਦੇਣ ਦੀ ਸੂਰਤ ’ਚ ਸਬੰਧਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਧਮਕੀਆਂ ਦਿੱਤੀਆਂ ਸਨ। ਮੁਦੱਈ ਨੇ ਇਸ ਸਬੰਧ ’ਚ ਤੁਰੰਤ ਬਠਿੰਡਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਸੀ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਇੱਕ ਹੋਰ ਵਿਅਕਤੀ ਨੂੰ 10 ਲੱਖ ਰੁਪਏ ਦੀ ਫਿਰੌਤੀ ਦੇਣ ਦਾ ਫੋਨ ਅਤੇ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਧਾਰਾ 308(4),351(3) ਬੀ.ਐੱਨ.ਐੱਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਅਕਤੀਆਂ ਨੂੰ ਇੱਕ ਹੀ ਨੰਬਰ ਤੋਂ ਫੋਨ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧ ’ਚ ਵਿਨੈ ਕੁਮਾਰ ਨੂੰ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਲਈ ਵਰਤੇ ਜਾਂਦੇ ਮੋਬਾਈਲ ਫੋਨ ਸਮੇਤ ਸੰਤਪੁਰਾ ਰੋਡ ਫਲਾਈਓਵਰ ਬਰਿੱਜ ਦੇ ਹੇਠ ਬਣੇ ਟੈਕਸੀ ਸਟੈਂਡ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।