ਰਘਵੀਰ ਹੈਪੀ, ਬਰਨਾਲਾ 15 ਜੁਲਾਈ 2024
ਇੱਥੋਂ ਥੋੜ੍ਹੀ ਦੂਰ ਪਿੰਡ ਚੀਮਾ ਦੇ ਗੁਰਦੁਆਰਾ ਸਾਹਿਬ ਵਿਖੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੱਲ੍ਹ ਦੇਰ ਸ਼ਾਮ ਤੱਕ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਐੱਸ ਕੇ ਐੱਮ ਦੇ ਸੱਦੇ ਤਹਿਤ 16,17,18 ਜੁਲਾਈ ਨੂੰ ਜਥੇਬੰਦੀ ਦੇ ਕੰਮ ਖੇਤਰ ਵਿੱਚ ਪੈਂਦੇ ਸੰਸਦ ਮੈਂਬਰਾਂ ਨੂੰ ਕਿਸਾਨੀ ਮੰਗਾਂ ਸਬੰਧੀ ਵੱਡੇ ਜਨਤਕ ਵਫ਼ਦਾਂ ਦੁਆਰਾ ਮੰਗ ਪੱਤਰ ਸੌਂਪੇ ਜਾਣਗੇ ਅਤੇ ਸੰਸਦ ਦੇ ਬਜਟ ਇਜਲਾਸ ਸਮੇਂ ਇਨ੍ਹਾਂ ਹੱਕੀ ਮੰਗਾਂ ਦੀ ਪ੍ਰਵਾਨਗੀ ਸੰਬੰਧੀ ਮਤੇ ਪੇਸ਼ ਕਰਨ ਤੇ ਪੈਰਵੀ ਕਰਨ ਦੀ ਮੰਗ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੁਆਰਾ ਮੜ੍ਹੇ ਜਾ ਰਹੇ ਤਿੰਨ ਫਾਸ਼ੀਵਾਦੀ ਕਾਲੇ ਕਾਨੂੰਨਾਂ ਖਿਲਾਫ਼ 21 ਜੁਲਾਈ ਨੂੰ ਜਲੰਧਰ ਵਿਖੇ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਜਚਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮੂਹ ਜ਼ਿਲ੍ਹਿਆਂ ਦੇ ਜਥੇਬੰਦਕ ਫੰਡਾਂ ਦੇ ਹਿਸਾਬ ਕਿਤਾਬ ਅਤੇ ਸਾਂਭ ਸੰਭਾਲ ਸੰਬੰਧੀ ਵਿਸਥਾਰੀ ਚਰਚਾ ਰਾਹੀਂ ਇਸ ਸੰਬੰਧੀ ਸੂਬਾ ਕਮੇਟੀ ਕੋਲ ਲਿਖਤੀ ਜ਼ਿਲ੍ਹਾ ਰਿਪੋਰਟਾਂ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵੱਲੋਂ ਘਰਾਚੋਂ ਕੇਸ ਸੰਬੰਧੀ 10 ਜੁਲਾਈ ਨੂੰ ਦੇਰ ਰਾਤ ਤੱਕ ਪੁਲਿਸ/ਸਿਵਲ ਅਧਿਕਾਰੀਆਂ ਨਾਲ ਚੱਲੀ ਗੱਲਬਾਤ ਅਤੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਸਰਾਸਰ ਨਜਾਇਜ਼ ਫਸਾਏ ਗਏ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੂੰ ਬਾਹਰ ਕੱਢਣ ਦਾ ਲਿਖਤੀ ਸਬੂਤ ਦਿੱਤਾ ਗਿਆ ਅਤੇ ਇਸ ਧੱਕੇਸ਼ਾਹੀ ਦੇ ਦੋਸ਼ੀ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰਨ ਤੋਂ ਇਲਾਵਾ ਨਜਾਇਜ਼ ਲਾਈ ਗਈ ਐੱਸ. ਸੀ./ਐੱਸ. ਟੀ. ਐਕਟ ਦੀ ਧਾਰਾ ਹਟਾਉਣ ਬਾਰੇ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ 15 ਜੁਲਾਈ ਨੂੰ ਦੁਬਾਰਾ ਹੋ ਰਹੀ ਸੁਣਵਾਈ ਦੌਰਾਨ ਇਨਸਾਫ਼ ਦਿਵਾਉਣ ਲਈ ਪੈਰਵੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸੇ ਕਰਕੇ 11 ਜੁਲਾਈ ਤੋਂ ਆਪ ਸਰਕਾਰ ਦੇ ਚਾਰ ਮੰਤਰੀਆਂ ਅਤੇ ਇੱਕ ਐਮ ਪੀ ਵਿਰੁੱਧ ਸ਼ੁਰੂ ਕੀਤੇ ਜਾਣ ਵਾਲੇ ਪੱਕੇ ਮੋਰਚੇ ਮੁਲਤਵੀ ਕੀਤੇ ਗਏ ਸਨ। ਮੀਟਿੰਗ ਵਿੱਚ ਹੋਰ ਸੂਬਾਈ ਆਗੂਆਂ ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ 15 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਤਿੰਨ ਜ਼ਿਲ੍ਹਿਆਂ ਦੀਆਂ ਔਰਤ ਆਗੂ ਵੀ ਸ਼ਾਮਲ ਸਨ।