ਪੇਕੇ ਪਿੰਡ ‘ਚ ਲਾਈ ਯਾਰੀ ਨੇ ਚਾੜ੍ਹਤਾ ਚੰਦ, ਫਿਲਮੀ ਅੰਦਾਜ਼ ‘ਚ ਪਤੀ ਦੀ ਹੱਤਿਆ…

Advertisement
Spread information

ਆਪਣੇ ਆਸ਼ਿਕ ਤੇ ਉਸ ਦੇ ਦੋਸਤ ਨਾਲ ਮਿਲਕੇ ਪਤਨੀ ਨੇ ਰਚੀ ਸਾਜਿਸ਼ ਤੇ ਪੁਲਿਸ ਨੂੰ ਉਲਝਾਉਣ ਲਈ ਗੱਡੀ ਨੂੰ ਹੀ ਲਾਈ ਸੀ ਅੱਗ

ਕਾਤਿਲ ਪਤਨੀ ਦੀ ਸੱਸ ਦੀ ਵੀ, 7 ਸਾਲ ਪਹਿਲਾਂ ਭੇਦਭਰੀ ਹਾਲਤ ‘ਚ ਹੋ ਚੁੱਕੀ ਹੈ ਮੌਤ…!

ਦੋਸ਼ੀ ਪਤਨੀ,ਉਸ ਦਾ ਆਸ਼ਿਕ ਅਤੇ ਇੱਕ ਹੋਰ ਦੋਸ਼ੀ ਗਿਰਫਤਾਰ..

ਹਰਿੰਦਰ ਨਿੱਕਾ, ਬਰਨਾਲਾ 8 ਜੁਲਾਈ 2024

     ਲੰਘੇ 23 ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਇੱਕ ਆਲਟੋ ਕਾਰ ਵਿੱਚੋਂ ਪੁਲਿਸ ਨੂੰ ਮਿਲੀ ਹਰਚਰਨ ਸਿੰਘ ਉਰਫ ਜਗਤਾਰ ਸਿੰਘ ਵਾਸੀ ਪਿੰਡ ਦਰਾਜ, ਜ਼ਿਲ੍ਹਾ ਬਰਨਾਲਾ ਦੀ ਲਾਸ਼ ਦਾ ਭੇਦ ਪੁਲਿਸ ਨੇ ਖੋਲ੍ਹ ਦਿੱਤਾ ਹੈ। ਦਰਅਸਲ ਇਹ ਮੌਤ, ਕਾਰ ਨੂੰ ਅਚਾਨਕ ਲੱਗੀ ਅੱਗ ਕਾਰਣ ਨਹੀਂ, ਬਲਕਿ ਹਰਚਰਨ ਸਿੰਘ ਦਾ ਕਤਲ ਕਰਕੇ,ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਮੰਸ਼ਾ ਨਾਲ ਕਾਰ ਨੂੰ ਅੱਗ ਦੀ ਭੇਂਟ ਚੜ੍ਹਾ ਦਿੱਤਾ ਗਿਆ ਸੀ। ਪੁਲਿਸ ਨੇ ਕਾਤਿਲ ਟੀਮ ਵੱਲੋਂ ਫਿਲਮੀ ਅੰਦਾਜ਼ ਵਿੱਚ ਅੰਜਾਮ ਦਿੱਤੀ ਕਤਲ ਦੀ ਕਹਾਣੀ ਦੀ ਹਕੀਕਤ ਨੂੰ ਜੱਗ ਜਾਹਿਰ ਕਰ ਦਿੱਤਾ। ਪੁਲਿਸ ਨੇ ਕਾਤਿਲ ਪਤਨੀ, ਉਸ ਦੇ ਆਸ਼ਿਕ ਅਤੇ ਹੱਤਿਆ ਵਿੱਚ ਸ਼ਾਮਿਲ ਆਸ਼ਿਕ ਦੇ ਦੋਸਤ ਨੂੰ ਗਿਰਫਤਾਰ ਕਰ ਲਿਆ ਹੈ। ਇਸ ਦਾ ਖੁਲਾਸਾ ਅੱਜ ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਮੀਡੀਆ ਅੱਗੇ ਕੀਤਾ ਹੈ। ਬੇਸ਼ੱਕ ਪੁਲਿਸ ਨੇ ਇਹ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ, ਪਰੰਤੂ ਕਰੀਬ ਸੱਤ ਸਾਲ ਪਹਿਲਾਂ ਮ੍ਰਿਤਕ ਦੀ ਮਾਂ ਹਰਦੀਪ ਕੌਰ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦੀ ਕਹਾਣੀ ਦਾ ਸੁਲਝਣਾ ਹਾਲੇ ਬਾਕੀ ਹੈ। 

Advertisement

         ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 16 ਜੂਨ-2024 ਨੂੰ ਹੰਡਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ਪਰ ਇੱਕ ALTO ਕਾਰ ਨੰਬਰੀ PB 11 F 1820 ਨੂੰ ਅੱਗ ਲੱਗਣ ਕਰਕੇ ਉਸ ਵਿੱਚ ਸਵਾਰ ਕਾਰ ਚਾਲਕ ਹਰਚਰਨ ਸਿੰਘ ਉਰਫ ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦਰਾਜ, ਜ਼ਿਲ੍ਹਾ ਬਰਨਾਲਾ ਦੀ ਸਮੇਤ ਕਾਰ ਸੜ੍ਹ ਜਾਣ ਦੀ ਘਟਨਾ ਸਾਹਮਣੇ ਆਈ ਸੀ। ਪਰੰਤੂ ਪੁਲਿਸ ਨੇ ਉਸ ਸਮੇਂ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਕੇ, ਲਾਸ਼ ਰੂਪੀ ਪਿੰਜਰ ਵਾਰਿਸਾਂ ਨੂੰ ਸੌਂਪ ਦਿੱਤਾ ਸੀ। ਫਿਰ ਵੀ ਪੁਲਿਸ ਨੇ ਮਾਮਲਾ ਸ਼ੱਕੀ ਹੋਣ ਕਾਰਣ, ਉਸ ਨੂੰ ਸੁਲਝਾਉਣ ਲਈ ਸਨਦੀਪ ਸਿੰਘ ਮੰਡ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ, ਰਜਿੰਦਰਪਾਲ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਡੀ) ਬਰਨਾਲਾ, ਸਤਵੀਰ ਸਿੰਘ ਬੈਂਸ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ, ਐਸਆਈ ਨਿਰਮਲਜੀਤ ਸਿੰਘ ਤਤਕਾਲੀ ਮੁੱਖ ਅਫ਼ਸਰ ਥਾਣਾ ਸਿਟੀ 2 ਬਰਨਾਲਾ ਅਤੇ ਐਸਆਈ ਮਨਪ੍ਰੀਤ ਕੌਰ, ਐਡੀਸ਼ਨਲ ਮੁੱਖ ਅਫ਼ਸਰ ਥਾਣਾ ਸਿਟੀ-2 ਬਰਨਾਲਾ ਵੱਲੋਂ ਸੀ.ਆਈ.ਏ. ਸਟਾਫ਼ ਅਤੇ ਟੈਕਨੀਕਲ ਵਿੰਗ, ਬਰਨਾਲਾ ਦੀ ਮੱਦਦ ਨਾਲ ਮਾਮਲੇ ਦੀ ਪੂਰੀ ਡੂੰਘਾਈ ਨਾਲ ਪੜਤਾਲ ਅਮਲ ਵਿੱਚ ਲਿਆਂਦੀ ਗਈ।                                       

          ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਦੌਰਾਨ ਏ ਪੜਤਾਲ ਕੁੱਝ ਅਜਿਹੇ ਤੱਥ ਸਾਹਮਣੇ ਆਏ ਕਿ ਇਸ ਮਾਮਲੇ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ, ਪਤਾ ਲੱਗਿਆ ਕਿ ਹਰਚਰਨ ਸਿੰਘ ਦੀ ਮੌਤ ਕੁਦਰਤੀ ਅਤੇ ਅਚਾਨਕ ਨਹੀਂ ਹੋਈ ਸੀ, ਬਲਕਿ ਮਿਤੀ 16-06-2024 ਨੂੰ ਵਕਤ ਕਰੀਬ 10/11 ਵਜੇ ਸਵੇਰੇ ਹਰਚਰਨ ਸਿੰਘ ਨੂੰ ਉਸ ਦੀ ਘਰਵਾਲੀ ਸੁਖਜੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਸੰਦਲੀ ਪੱਤੀ ਮਹਿਰਾਜ ਨੇ ਆਪਣੇ ਦੋਸਤਾਂ ਨਾਲ ਰਲ ਕੇ ਉਸ ਦੇ ਮੂੰਹ ਵਿੱਚ ਹਿੱਟ ਸਪਰੇਅ ਪਾ ਕੇ ਉਸ ਦਾ ਗਲ ਰੱਸੀ ਨਾਲ ਘੁੱਟ ਦਿੱਤਾ, ਬਾਅਦ ਵਿੱਚ ਉਸ ਨੂੰ ਅਲਟੋ ਕਾਰ ਵਿੱਚ ਪਾ ਕੇ ਕਾਰ ਨੂੰ ਹੰਡਿਆਇਆ-ਬਰਨਾਲਾ ਬਾਈਪਾਸ, ਮੋਗਾ ਸਲਿੱਪ ਰੋਡ ਪਰ ਖੜ੍ਹੀ ਕਰਕੇ ਕਾਰ ਨੂੰ ਅੱਗ ਲਾ ਦਿੱਤੀ। ਇਹ ਹਕੀਕਤ ਸਾਹਮਣੇ ਆਉਣ ਉਪਰੰਤ ਪੁਲਿਸ ਨੇ ਮਰਨ ਵਾਲੇ ਹਰਚਰਨ ਸਿੰਘ ਦੇ ਮਾਮਾ ਜੱਗਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਬਾਜਾ ਪੱਤੀ, ਪਿੰਡ ਕਾਹਨੇਕੇ ਦੇ ਬਿਆਨ ਦੇ ਆਧਾਰ ਪਰ ਤਿੰਨੋਂ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 332 ਮਿਤੀ 05-07-2024 ਅ/ਧ 302, 120-ਬੀ, 201 IPC ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ।                                               

       ਐਸਐਸਪੀ ਮਲਿਕ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਸੰਦਲੀ ਪੱਤੀ ਮਹਿਰਾਜ, ਜ਼ਿਲ੍ਹਾ ਬਠਿੰਡਾ, ਉਸ ਦੇ ਆਸ਼ਿਕ ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਿਰਾਜ ਬਠਿੰਡਾ ਹਾਲ ਨੇੜੇ ਉਜਾਗਰ ਡਾਕਟਰ ਦਾ ਹਸਪਤਾਲ ਸਿਟੀ ਰਾਮਪੁਰਾ ਅਤੇ ਉਸ ਦੇ ਦੋਸਤ ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਪੁਰਾ, ਜ਼ਿਲ੍ਹਾ ਬਠਿੰਡਾ ਨੂੰ  ਗਿਰਫਤਾਰ ਕਰ ਲਿਆ। ਦੌਰਾਨ ਏ ਤਫਤੀਸ਼ ਸਾਹਮਣੇ ਆਇਆ ਕਿ ਮ੍ਰਿਤਕ ਹਰਚਰਨ ਸਿੰਘ ਦੀ ਘਰਵਾਲੀ ਸੁਖਜੀਤ ਕੌਰ ਦੇ ਆਪਣੇ ਪੇਕੇ ਪਿੰਡ ਦੇ ਰਹਿਣ ਵਾਲੇ ਹਰਦੀਪ ਸਿੰਘ ਨਾਲ ਲੰਬੇ ਸਮੇਂ ਤੋਂ ਨਜ਼ਾਇਜ਼ ਸਬੰਧ ਸਨ। ਦੋਸ਼ੀ ਸੁਖਦੀਪ ਸਿੰਘ ਉਕਤ ਹਰਦੀਪ ਸਿੰਘ ਦਾ ਦੋਸਤ ਹੈ। ਦੌਰਾਨੇ ਪੁੱਛ-ਗਿੱਛ ਦੋਸ਼ੀਆ ਨੇ ਇੰਕਸ਼ਾਫ ਕੀਤਾ ਕਿ ਉਹਨਾਂ ਨੇ ਹਰਚਰਨ ਸਿੰਘ ਦਾ ਕਤਲ ਕਰਕੇ ਉਸ ਨੂੰ ਕਾਰ ਵਿੱਚ ਰੱਖ ਕੇ ਪੈਟਰੋਲ ਛਿੜਕ ਕੇ ਗੱਡੀ ਨੂੰ ਅੱਗ ਲਗਾ ਦਿੱਤੀ ਸੀ। ਦੋਸ਼ੀਆਂ ਦਾ ਮਾਨਯੋਗ ਅਦਾਲਤ ਪਾਸੋਂ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਕਾਤਿਲ ਦੀ ਸੱਸ ਦੀ ਮੌਤ ਦਾ ਵੀ ਖੁੱਲ੍ਹ ਸਕਦੈ ਭੇਦ..

     ਮਕਤੂਲ ਹਰਚਰਨ ਸਿੰਘ ਵਾਸੀ ਪਿੰਡ ਦਰਾਜ ਦੇ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਕਿ ਆਪਣੇ ਪਤੀ ਦੀ ਕਾਤਿਲ ਸੁਖਦੀਪ ਕੌਰ ਦੀ ਸੱਸ ਹਰਦੀਪ ਕੌਰ ਦੀ ਵੀ ਸਾਲ 2017 ਵਿੱਚ ਭੇਦਭਰੀ ਹਾਲਤ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਣ, ਮੌਤ ਹੋਈ ਦੱਸੀ ਗਈ ਸੀ। ਪਿੰਡ ਵਾਲਿਆਂ ਮੁਤਾਬਿਕ, ਉਦੋਂ ਸੁਖਦੀਪ ਕੌਰ ਪਤਨੀ ਹਰਚਰਨ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਸੱਸ ਕੱਪੜੇ ਪ੍ਰੈਸ ਕਰ ਰਹੀ ਸੀ, ਪ੍ਰੈਸ ਤੋਂ ਕਰੰਟ ਲੱਗਣ ਕਾਰਣ, ਉਸ ਦੀ ਮੌਤ ਹੋ ਗਈ ਸੀ। ਉਦੋਂ ਵੀ ਪਿੰਡ ਵਾਲਿਆਂ ਨੂੰ ਮਾਮਲਾ ਸ਼ੱਕੀ ਜਾਪਦਾ ਸੀ, ਹੁਣ ਹਰਚਰਨ ਸਿੰਘ ਦੀ ਫਿਲਮੀ ਅੰਦਾਜ ਵਿੱਚ ਕੀਤੀ ਹੱਤਿਆ ਦਾ ਭੇਦ ਖੁੱਲ੍ਹਣ ਤੋਂ ਬਾਅਦ ਪਿੰਡ ਵਾਲਿਆਂ ਨੂੰ ਲੱਗਣ ਲੱਗ ਪਿਆ ਹੈ ਕਿ ਸ਼ਾਇਦ ਹੁਣ ਉਦੋਂ ਹਰਦੀਪ ਕੌਰ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦੀ ਗੁੱਥੀ ਵੀ ਸੁਲਝ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸੁਖਜੀਤ ਕੌਰ ਦੇ, ਉਸ ਦੇ ਪੇਕੇ ਪਿੰਡ ਦੇ ਵਾਸੀ ਹਰਦੀਪ ਸਿੰਘ ਮਹਿਰਾਜ ਨਾਲ ਨਜਾਇਜ ਸਬੰਧਾਂ ਦੀ ਭਿਣਕ ਉਸ ਦੇ ਪਤੀ ਨੂੰ ਪੈ ਚੁੱਕੀ ਸੀ, ਇਸ ਲਈ, ਉਹ ਚੁੱਪ ਚੁੱਪ ਹੀ ਰਹਿੰਦਾ ਸੀ। ਹਰਚਰਨ ਸਿੰਘ ਕੋਲ ਕਰੀਬ 9 ਕਿੱਲੇ ਜਮੀਨ ਸੀ, ਉਸ ਦੇ ਪਿਤਾ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ ਸੀ,ਉਹ ਖੁਦ ਖੇਤੀ ਕਰਨ ਦੀ ਬਜਾਏ ਸਕੂਲ ਵੈਨ ਚਲਾਉਣ ਦਾ ਕੰਮ ਕਰਦਾ ਸੀ। ਪਤਾ ਇਹ ਵੀ ਲੱਗਿਆ ਹੈ ਕਿ ਮ੍ਰਿਤਕ ਦਾ ਲੱਖਾਂ ਰੁਪਏ ਦਾ ਬੀਮਾ ਵੀ ਸੀ, ਦੋਸ਼ੀ ਆਪਣੇ ਰਾਹ ਦਾ ਰੋੜਾ ਦੂਰ ਕਰਨ ਤੋਂ ਇਲਾਵਾ,9 ਕਿੱਲੇ ਜਮੀਨ ਅਤੇ ਬੀਮਾ ਵੀ ਹੜੱਪ ਕਰਨਾ ਚਾਹੁੰਦੇ ਸਨ। ਮ੍ਰਿਤਕ ਆਪਣੇ ਪਿੱਛੇ ਇੱਕ ਗਿਆਰਾਂ ਵਰ੍ਹਿਆਂ ਦੀ ਧੀ ਤੇ ਨੌ ਵਰ੍ਹਿਆਂ ਦਾ ਛੱਡ ਗਿਆ ਹੈ।

Advertisement
Advertisement
Advertisement
Advertisement
Advertisement
error: Content is protected !!