ਕਿਸੇ ਹੋਰ ਹੀ ਥਾਣਾ ਵਿੱਚ ਪੈਂਡਿੰਗ ਸ਼ਕਾਇਤ ਨੂੰ ਰਫਾ ਦਫਾ ਕਰਨ ਲਈ ਰਿਸ਼ਵਤ ਲੈ ਰਹੀ ਸੀ, ਇਹ ਏ.ਐਸ.ਆਈ…
ਹਰਿੰਦਰ ਨਿੱਕਾ, ਬਰਨਾਲਾ 6 ਜੁਲਾਈ 2024
ਕਿਸੇ ਹੋਰ ਥਾਣੇ ‘ਚ ਤੇ ਕਿਸੇ ਹੋਰ ਹੀ ਥਾਣੇਦਾਰ ਕੋਲ ਕਥਿਤ ਤੌਰ ਤੇ ਪੈਂਡਿੰਗ ਇੱਕ ਕੇਸ ਵਿੱਚ ਦੋਸ਼ੀ ਬਣਾਉਣ ਦਾ ਭੈਅ ਦਿਖਾ ਕੇ, ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਹੀ, ਥਾਣਾ ਸ਼ਹਿਣਾ ਵਿਖੇ ਤਾਇਨਾਤ ਇੱਕ ਮਹਿਲਾ ਏ.ਐਸ.ਆਈ. ਨੂੰ ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਰੰਗੇ ਹੱਥੀ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ,ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸ ਦੀ ਪੁਸ਼ਟੀ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਵੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੀ ਰਹਿਣ ਵਾਲੀ ਕੇਸ ਦੀ ਮੁਦਈ ਮਨਪ੍ਰੀਤ ਕੌਰ ਦੇ ਬੇਟੇ ਨੇ ਕੁੱਝ ਦਿਨ ਪਹਿਲਾਂ ਲਵ ਮੈਰਿਜ ਕਰਵਾ ਲਈ ਸੀ। ਇਸੇ ਦੌਰਾਨ ਉਸ ਨੂੰ ਥਾਣਾ ਤਪਾ ਵਿੱਚੋਂ ਫੋਨ ਆਇਆ ਕਿ ਉਸ ਦੀ ਨੂੰਹ ਦੇ ਪੇਕੇ ਪਰਿਵਾਰ ਵੱਲੋਂ ਤੁਹਾਡੇ ਖਿਲਾਫ ਇੱਕ ਸ਼ਕਾਇਤ ਕੀਤੀ ਹੈ, ਇਸ ਸਬੰਧੀ ਤੁਹਾਡੇ ਖਿਲਾਫ ਪਰਚਾ ਦਰਜ ਹੋ ਸਕਦਾ ਹੈ। ਜ਼ੇਕਰ ਤੁਸੀਂ ਕੇਸ ਤੋਂ ਬਚਣਾ ਹੈ ਤਾਂ ਤੁਹਾਨੂੰ 15 ਹਜ਼ਾਰ ਰੁਪਏ ਰਿਸ਼ਵਤ ਦੇਣੀ ਪਵੇਗੀ। ਜਦੋਂ ਮੁਦਈ ਮਨਪ੍ਰੀਤ ਕੌਰ ਨੇ ਮਹਿਲਾ ਏਐਸਆਈ ਮੀਨਾ ਰਾਣੀ ਨਾਲ ਸੰਪਰਕ ਕੀਤਾ ਤਾਂ ਮੁਦਈ ਨੇ ਆਪਣੀ ਗਰੀਬੀ ਦਾ ਵ;ਸਤਾ ਪਾਇਆ ਕਿ ਉਹ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ,ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੀ ਹੈ, ਇਸ ਲਈ, ਉਹ ਪੰਦਰਾਂ ਹਜ਼ਾਰ ਰੁਪਏ ਨਹੀਂ ਦੇ ਸਕਦੀ। ਆਖਿਰ ਸੌਦਾ ਪੰਜ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਮੁਦਈ ਨੇ ਇਸ ਦੀ ਸ਼ਕਾਇਤ ਵਿਜੀਲੈਂਸ ਬਿਊਰੋ ਪਾਸ ਕਰ ਦਿੱਤੀ। ਏਐਸਆਈ ਮੀਨਾ ਰਾਣੀ ਨੇ ਮੁਦਈ ਤੋਂ ਰਿਸ਼ਵਤ ਲੈਣ ਲਈ, ਥਾਣਾ ਸ਼ਹਿਣਾ ਵਿਖੇ ਬੁਲਾ ਲਿਆ, ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਰਕਾਰੀ ਗਵਾਹਾਂ ਸਣੇ ਵਿਜੀਲੈਂਸ ਦੀ ਟੀਮ ਨੇ ਮਿਥੇ ਹੋਏ ਸਮੇਂ ਪਰ, ਥਾਣਾ ਸ਼ਹਿਣਾ ਦੇ ਬਾਹਰ ਟ੍ਰੈਪ ਲਗਾ ਲਿਆ। ਜਿਵੇਂ ਹੀ ਏਐਸਆਈ ਮੀਨਾ ਰਾਣੀ ਨੇ ਥਾਣੇ ਤੋਂ ਬਾਹਰ ਆ ਕੇ, ਮੁਦਈ ਮਨਪ੍ਰੀਤ ਕੌਰ ਤੋਂ ਪੰਜ ਹਜਾਰ ਰੁਪਏ ਦੀ ਰਿਸ਼ਵਤ ਹਾਸਿਲ ਕੀਤੀ ਤਾਂ ਪਹਿਲਾਂ ਤੋਂ ਘਾਤ ਲਾਈ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਨਾਮਜ਼ਦ ਦੋਸ਼ੀ ਮਹਿਲਾ ਏਐਸਆਈ ਮੀਨਾ ਰਾਣੀ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਰੰਗੇ ਹੱਥੀਂ ਗਿਰਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਗਿਰਫਤਾਰ ਏਐਸਆਈ ਮੀਨਾ ਰਾਣੀ ਦੇ ਖਿਲਾਫ ਵਿਜੀਲੈਂਸ ਰੇਂਜ ਪਟਿਆਲਾ ਦੇ ਥਾਣੇ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨਾਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਇਹ ਪਤਾ ਕਰ ਰਹੀ ਹੈ ਕਿ ਥਾਣਾ ਤਪਾ ਦੇ ਕਿਹੜੇ ਪੁਲਿਸ ਅਧਿਕਾਰੀ ਕੋਲ, ਮੁਦਈ ਮਨਪ੍ਰੀਤ ਕੌਰ ਹੋਰਾਂ ਦੇ ਖਿਲਾਫ, ਉਨਾਂ ਦੀ ਨੂੰਹ ਵੱਲੋਂ ਜਾਹਿਰ ਕੀਤੀ ਗਈ ਸ਼ਕਾਇਤ ਦੀ ਪੜਤਾਲ ਪੈਂਡਿੰਗ ਹੈ, ਉਹ ਪੁਲਿਸ ਅਧਿਕਾਰੀ ਦਾ ਏ.ਐਸ.ਆਈ. ਮੀਨਾ ਰਾਣੀ ਨਾਲ ਕੇਸ ਨੂੰ ਲੈ ਕੇ ਕੀ ਕੁਨੈਕਸ਼ਨ ਹੈ। ਜਿਸ ਕਾਰਣ, ਥਾਣਾ ਤਪਾ ਵਿੱਚ ਪੜਤਾਲ ਅਧੀਨ ਸ਼ਕਾਇਤ ਨੂੰ ਠੱਪ ਕਰਨ ਲਈ,ਥਾਣਾ ਸ਼ਹਿਣਾ ਦੀ ਏ.ਐਸ.ਆਈ. ਕਿਵੇਂ ਸ਼ਾਮਿਲ ਹੋ ਗਈ। ਉਨਾਂ ਕਿਹਾ ਕਿ ਜੇਕਰ, ਇਸ ਕੇਸ ਦੀ ਤਫਤੀਸ਼ ਦੌਰਾਨ ਕੋਈ ਹੋਰ ਮੁਲਾਜਮ ਸਾਹਮਣੇ ਆਇਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਯਤਨਸ਼ੀਲ ਹੈ, ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ, ਤਾਂ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਤੁਰੰਤ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਨਿਜ਼ਾਤ ਦਿਵਾਈ ਜਾ ਸਕੇ।